ਅੰਮ੍ਰਿਤਸਰ (ਦੀਪਕ) - ਸ੍ਰੀ ਨਨਕਾਣਾ ਸਾਹਿਬ ਪਾਕਿ ਤੋਂ ਆਰੰਭ ਹੋਇਆ ਕੌਮਾਂਤਰੀ ਨਗਰ ਕੀਰਤਨ ਅੱਜ ਸ੍ਰੀ ਨਾਨਕਸਰ ਸਾਹਿਬ ਆਚੋਲੀਆ ਸ਼ਾਹਜਹਾਨਪੁਰ (ਉੱਤਰ ਪ੍ਰਦੇਸ਼) ਤੋਂ ਅਗਲੇ ਪੜਾਅ ਲਖਨਊ ਲਈ ਰਵਾਨਾ ਹੋ ਗਿਆ, ਜਿੱਥੇ ਵੱਡੀ ਗਿਣਤੀ 'ਚ ਪਹੁੰਚੀ ਗੁਰੂ ਨਾਨਕ ਨਾਮਲੇਵਾ ਸੰਗਤ ਨੇ ਹਾਜ਼ਰੀ ਭਰ ਕੇ ਆਪਣੀ ਸ਼ਰਧਾ ਪ੍ਰਗਟਾਈ। ਇਸ ਮੌਕੇ ਚਾਰੇ ਪਾਸੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਦੇਖਣਯੋਗ ਸੀ। ਆਚੋਲੀਆ ਤੋਂ ਨਗਰ ਕੀਰਤਨ ਦੀ ਅੱਗੇ ਰਵਾਨਗੀ ਸਮੇਂ ਗੁਰਦੁਆਰਾ ਸਾਹਿਬ ਵਿਖੇ ਸਜਾਏ ਧਾਰਮਿਕ ਦੀਵਾਨ ਦੌਰਾਨ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਭੇਟ ਕੀਤੇ ਗਏ। ਨਗਰ ਕੀਰਤਨ 'ਚ ਮੌਜੂਦ ਸੰਗਤ 'ਚ ਸੁਰੇਸ਼ ਖੰਨਾ ਕੈਬਨਿਟ ਮੰਤਰੀ ਉੱਤਰ ਪ੍ਰਦੇਸ਼, ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਖ਼ਾਲਸਾ, ਬਾਬਾ ਗੁਰਨਾਮ ਸਿੰਘ ਮਹਿੰਗਾਪੁਰ, ਬਾਬਾ ਸਿਮਰਪ੍ਰੀਤ ਸਿੰਘ, ਬਾਬਾ ਗੁਰਮੀਤ ਸਿੰਘ, ਬਾਬਾ ਹਰਭਿੰਦਰ ਸਿੰਘ ਫਰੀਦਕੋਟ ਆਦਿ ਸ਼ਾਮਲ ਸਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੀ ਰਾਤ ਨਗਰ ਕੀਰਤਨ ਦੀ ਆਚੋਲੀਆ ਵਿਖੇ ਆਮਦ 'ਤੇ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ। ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਆਤਿਸ਼ਬਾਜ਼ੀ ਚਲਾਈ। ਬੈਂਡ ਪਾਰਟੀਆਂ ਨੇ ਨਗਰ ਕੀਰਤਨ ਦੇ ਸਵਾਗਤ 'ਚ ਹਾਜ਼ਰੀ ਭਰੀ। ਰਸਤੇ 'ਚ ਸੰਗਤਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਾਏ ਗਏ ਸਨ। ਦੱਸਣਯੋਗ ਹੈ ਕਿ ਨਗਰ ਕੀਰਤਨ ਨਾਲ ਚੱਲ ਰਹੀ ਵਿਸ਼ੇਸ਼ ਬੱਸ 'ਚ ਸੁਸ਼ੋਭਿਤ ਗੁਰੂ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਕਰਨ ਲਈ ਵੀ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਨਗਰ ਕੀਰਤਨ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਕਰਮਬੀਰ ਸਿੰਘ ਕਿਆਮਪੁਰ, ਇੰਚਾਰਜ ਗੁਰਦਿਆਲ ਸਿੰਘ, ਗੁਰਵਿੰਦਰ ਸਿੰਘ ਦੇਵੀਦਾਸਪੁਰ, ਭਾਈ ਬ੍ਰਿਜਪਾਲ ਸਿੰਘ ਇੰਚਾਰਜ ਯੂ. ਪੀ. ਸਿੱਖ ਮਿਸ਼ਨ ਹਾਪੜ ਆਦਿ ਮੌਜੂਦ ਸਨ। ਨਗਰ ਕੀਰਤਨ 21 ਅਗਸਤ ਨੂੰ ਲਖਨਊ ਤੋਂ ਕਾਨ੍ਹਪੁਰ ਲਈ ਰਵਾਨਾ ਹੋਵੇਗਾ।
550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਵਿੱਤ ਮੰਤਰੀ ਦੀ ਸ਼ਾਨਦਾਰ ਅਪੀਲ (ਵੀਡੀਓ)
NEXT STORY