ਚੰਡੀਗੜ੍ਹ (ਬਿਊਰੋ) : ਪੰਜਾਬ ਸਰਕਾਰ ਨੇ ਅੱਜ ਇੱਕ ਅਹਿਮ ਫ਼ੈਸਲਾ ਕਰਦਿਆਂ, ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਮੌਜੂਦਾ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੂੰ ਕੈਬਨਿਟ ਰੈਂਕ ਦੇਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਜੋਗਿੰਦਰ ਸਿੰਘ ਮਾਨ ਫ਼ਗਵਾੜਾ ਤੋਂ ਤਿੰਨ ਵਾਰ ਵਿਧਾਇਕ ਰਹੇ ਸਨ ਅਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਤੇ ਹਰਚਰਨ ਸਿੰਘ ਬਰਾੜ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ’ਚ ਮੰਤਰੀ ਰਹਿ ਚੁੱਕੇ ਹਨ। ਟਕਸਾਲੀ ਕਾਂਗਰਸੀ ਆਗੂ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਹਨ। ਅੱਜ ਐਲਾਨੇ ਗਏ ਕੈਬਨਿਟ ਰੈਂਕ ਨੂੰ ਕਾਂਗਰਸ ਹਾਈਕਮਾਂਡ ਵੱਲੋਂ ਉਨ੍ਹਾਂ ਦੀ ਪਾਰਟੀ ਆਲ੍ਹਾ ਕਮਾਨ ਪ੍ਰਤੀ ਵਫ਼ਾਦਾਰੀ ਦਾ ਇਨਾਮ ਸਮਝਿਆ ਜਾ ਰਿਹਾ ਹੈ।
ਇਸ ਦੌਰਾਨ ਮਾਨ ਨੇ ਪਾਰਟੀ ਦੇ ਨਿਮਾਣੇ ਵਰਕਰ ਨੂੰ ਦਿੱਤੇ ਇਸ ਮਾਣ ਲਈ ਪਾਰਟੀ ਹਾਈਕਮਾਨ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀਆਂ ਰਾਣਾ ਗੁਰਜੀਤ ਸਿੰਘ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਰੁਤਬੇ ਨੇ ਉਨ੍ਹਾਂ ਦੀ ਪਾਰਟੀ ਪ੍ਰਤੀ ਨਿਸ਼ਠਾ ਅਤੇ ਜ਼ਿੰਮੇਵਾਰੀ ਨੂੰ ਹੋਰ ਵਧਾ ਦਿੱਤਾ ਹੈ ਅਤੇ ਉਹ ਭਵਿੱਖ ’ਚ ਵੀ ਪਾਰਟੀ ਦੀ ਬੇਹਤਰੀ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਨੂੰ ਆਪਣਾ ਪ੍ਰੇਮ ਧਰਮ ਮੰਨ ਕੇ ਕਰਦੇ ਰਹਿਣਗੇ।
ਸੁਖਬੀਰ ਬਾਦਲ ਦਾ ਭਾਜਪਾ ’ਤੇ ਵੱਡਾ ਇਲਜ਼ਾਮ, ਸਿੱਖਾਂ ਦੀ ਸੰਸਥਾ SAD ਨੂੰ ਕਰਨਾ ਚਾਹੁੰਦੀ ਹੈ ਖ਼ਤਮ (ਵੀਡੀਓ)
NEXT STORY