ਅੰਮ੍ਰਿਤਸਰ, (ਨੀਰਜ)- ਇਕ ਪਾਸੇ ਜਿਥੇ ਸ਼ਹੀਦਾਂ ਦੀ ਧਰਤੀ ਜਲਿਆਂਵਾਲਾ ਬਾਗ 'ਚ ਸ਼ਹੀਦ ਊਧਮ ਸਿੰਘ ਦਾ ਬੁੱਤ ਜਨਤਾ ਨੂੰ ਸਮਰਪਿਤ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਹੋਰ ਵੱਡੇ ਨੇਤਾ ਮੌਜੂਦ ਹੋਏ, ਉਥੇ ਹੀ ਦੂਜੇ ਪਾਸੇ ਸ਼ਹੀਦ ਊਧਮ ਸਿੰਘ ਦੀ ਕਰਮ ਸਥਾਨਕ ਪੁਤਲੀਘਰ ਸਥਿਤ ਸੈਂਟਰਲ ਯਤੀਮਖਾਨੇ ਦੇ ਪ੍ਰਬੰਧਕਾਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਸੱਦਾ ਤੱਕ ਦੇਣਾ ਪ੍ਰਸ਼ਾਸਨ ਭੁੱਲ ਗਿਆ। ਇਹ ਉਹੀ ਸੈਂਟਰਲ ਯਤੀਮਖਾਨਾ ਹੈ ਜਿਥੇ ਸ਼ਹੀਦ ਊਧਮ ਸਿੰਘ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਬਿਤਾਏ ਸਨ ਅਤੇ ਇਸ ਯਤੀਮਖਾਨੇ ਵਿਚ ਸਿੱਖਿਆ ਹਾਸਲ ਕੀਤੀ ਸੀ। ਇਸ ਯਤੀਮਖਾਨੇ ਨੇ ਸ਼ਹੀਦ ਊਧਮ ਸਿੰਘ ਨੂੰ ਉਸ ਸਮੇਂ ਸਹਾਰਾ ਦਿੱਤਾ, ਜਦੋਂ ਉਹ ਯਤੀਮ ਹੋ ਗਏ ਸਨ। ਇਸ ਯਤੀਮਖਾਨੇ ਨੇ ਊਧਮ ਸਿੰਘ ਨੂੰ ਮਾਂ-ਬਾਪ ਦਾ ਪਿਆਰ ਦਿੱਤਾ ਅਤੇ ਇਥੋਂ ਸਿੱਖਿਆ ਲੈ ਕੇ ਊਧਮ ਸਿੰਘ ਵਿਚ ਦੇਸ਼ਭਗਤੀ ਦਾ ਅਜਿਹਾ ਜਜ਼ਬਾ ਭਰਿਆ ਕਿ ਉਸ ਨੇ ਅੰਗਰੇਜ਼ ਸਰਕਾਰ ਨੂੰ ਹਿਲਾ ਦਿੱਤਾ ਪਰ ਹੈਰਾਨੀ ਦੀ ਗੱਲ ਹੈ ਕਿ ਸ਼ਹੀਦ ਊਧਮ ਸਿੰਘ ਦੀਆਂ ਯਾਦਾਂ ਨੂੰ ਸਾਂਭ ਕੇ ਰੱਖਣ ਵਾਲੇ ਇਸ ਸੈਂਟਰਲ ਯਤੀਮਖਾਨੇ ਵਿਚ ਕਿਸੇ ਵੀ ਨੇਤਾ ਨੇ ਆਉਣ ਦਾ ਕਸ਼ਟ ਨਹੀਂ ਕੀਤਾ ਤੇ ਨਾ ਹੀ ਇਸ ਦੇ ਪ੍ਰਬੰਧਕਾਂ ਨੂੰ ਸ਼ਹੀਦ ਊਧਮ ਸਿੰਘ ਦੇ ਸਮਾਗਮ ਵਿਚ ਭਾਗ ਲੈਣ ਦਾ ਸੱਦਾ ਦਿੱਤਾ।
1907 'ਚ ਸੈਂਟਰਲ ਯਤੀਮਖਾਨੇ ਨੇ ਹੀ ਸ਼ੇਰ ਸਿੰਘ ਨੂੰ ਦਿੱਤਾ ਸੀ ਊਧਮ ਸਿੰਘ ਦਾ ਨਾਂ : ਸੈਂਟਰਲ ਯਤੀਮਖਾਨੇ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ 26 ਦਸੰਬਰ 1899 ਨੂੰ ਪਟਿਆਲਾ ਦੇ ਸੁਨਾਮ 'ਚ ਇਕ ਸਾਧਾਰਨ ਪਰਿਵਾਰ ਵਿਚ ਜਨਮੇ ਸ਼ੇਰ ਸਿੰਘ ਦੇ ਮਾਤਾ-ਪਿਤਾ ਦਾ ਦਿਹਾਂਤ ਹੋਣ ਤੋਂ ਬਾਅਦ 24 ਅਕਤੂਬਰ 1907 ਨੂੰ ਉਸ ਨੂੰ ਸੈਂਟਰਲ ਯਤੀਮਖਾਨੇ 'ਚ ਭਰਤੀ ਕਰਵਾ ਦਿੱਤਾ ਗਿਆ ਅਤੇ ਇਸ ਯਤੀਮਖਾਨੇ ਵਿਚ ਸ਼ੇਰ ਸਿੰਘ ਨੂੰ ਊਧਮ ਸਿੰਘ ਦਾ ਨਾਂ ਦਿੱਤਾ ਗਿਆ। ਇਸ ਯਤੀਮਖਾਨੇ ਵਿਚ ਸਿੱਖਿਅਕ ਗਿਆਨੀ ਜੀ ਨੇ ਉਨ੍ਹਾਂ ਨੂੰ ਪਾਲਿਆ-ਪੋਸਿਆ ਤੇ ਸਿੱਖਿਆ ਦਿੱਤੀ। ਊਧਮ ਸਿੰਘ ਆਮ ਤੌਰ 'ਤੇ ਆਜ਼ਾਦੀ ਦੀ ਲੜਾਈ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਰਹੇ ਅਤੇ ਉਨ੍ਹਾਂ ਦੇ ਮਨ ਵਿਚ ਭਾਰਤ ਨੂੰ ਆਜ਼ਾਦ ਕਰਵਾਉਣ ਦੀ ਜਵਾਲਾ ਭੜਕਦੀ ਰਹੀ।
9 ਅਪ੍ਰੈਲ 1919 ਨੂੰ ਭੰਡਾਰੀ ਪੁਲ 'ਤੇ ਸ਼ਹੀਦ ਹੋਏ ਸਨ 20 ਹਿੰਦੁਸਤਾਨੀ : ਅੰਗਰੇਜ਼ਾਂ ਦੀ ਧਿੰਗਾਣਾ ਨੀਤੀ ਦੇ ਪ੍ਰਤੀਕ ਰਾਲਟ ਐਕਟ ਦਾ ਵਿਰੋਧ ਕਰਨ ਲਈ 6 ਅਪ੍ਰੈਲ 1919 ਦਾ ਦਿਨ ਇਕ ਵਿਸ਼ੇਸ਼ ਦਿਨ ਦੇ ਰੂਪ ਵਿਚ ਮਨਾਇਆ ਗਿਆ ਅਤੇ 9 ਅਪ੍ਰੈਲ ਨੂੰ ਰਾਮਨੌਮੀ ਦੇ ਦਿਨ ਸਾਰੀਆਂ ਪਾਰਟੀਆਂ ਵੱਲੋਂ ਰਾਸ਼ਟਰੀ ਏਕਤਾ ਦੇ ਰੂਪ ਵਿਚ ਦਿਨ ਮਨਾਇਆ ਗਿਆ ਤੇ ਇਸ ਤੋਂ ਬਾਅਦ ਇਕ ਸ਼ਾਂਤੀਪੂਰਵਕ ਜਲੂਸ ਕੱਢਿਆ ਗਿਆ ਪਰ ਜਲੂਸ ਜਿਵੇਂ ਹੀ ਅੰਮ੍ਰਿਤਸਰ ਸ਼ਹਿਰ ਦੇ ਭੰਡਾਰੀ ਪੁਲ 'ਤੇ ਪਹੁੰਚਿਆ ਤਾਂ ਅੰਗਰੇਜ਼ੀ ਫੌਜ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ 20 ਹਿੰਦੁਸਤਾਨੀ ਸ਼ਹੀਦ ਹੋ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ। ਇਸ ਘਟਨਾ ਨੇ ਜਲਿਆਂਵਾਲਾ ਬਾਗ ਕਾਂਡ ਦੀ ਨੀਂਹ ਰੱਖ ਦਿੱਤੀ ਕਿਉਂਕਿ ਅੰਗਰੇਜ਼ਾਂ ਦੀ ਇਸ ਕਾਰਵਾਈ ਨਾਲ ਲੋਕ ਭੜਕ ਗਏ ਅਤੇ ਅੰਗਰੇਜ਼ਾਂ ਖਿਲਾਫ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ।
ਜਲਿਆਂਵਾਲਾ ਬਾਗ ਕਾਂਡ ਵਾਲੇ ਦਿਨ ਛਬੀਲ ਦੀ ਸੇਵਾ ਕਰ ਰਹੇ ਸਨ ਊਧਮ ਸਿੰਘ : ਰਾਮਨੌਮੀ ਦੀ ਘਟਨਾ ਤੋਂ ਬਾਅਦ 13 ਅਪ੍ਰੈਲ 1919 ਨੂੰ ਵਿਸਾਖੀ ਦੇ ਤਿਉਹਾਰ 'ਤੇ ਇਕੱਠੇ ਹੋਏ ਹਜ਼ਾਰਾਂ ਲੋਕਾਂ 'ਤੇ ਜਦੋਂ ਜਨਰਲ ਡਾਇਰ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਸਨ ਤਾਂ ਊਧਮ ਸਿੰਘ ਉਸ ਸਮੇਂ ਜਲਿਆਂਵਾਲਾ ਬਾਗ 'ਚ ਲੋਕਾਂ ਲਈ ਛਬੀਲ ਦੀ ਸੇਵਾ ਕਰ ਰਹੇ ਸਨ। ਅਣਗਿਣਤ ਲੋਕਾਂ ਦੀਆਂ ਲਾਸ਼ਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਤੋਂ ਬਾਅਦ ਅਤੇ ਉਨ੍ਹਾਂ ਦਾ ਸਸਕਾਰ ਕਰਨ ਤੋਂ ਬਾਅਦ ਊਧਮ ਸਿੰਘ ਨੇ ਅੰਗਰੇਜ਼ਾਂ ਤੋਂ ਬਦਲਾ ਲੈਣ ਦੀ ਸਹੁੰ ਖਾਧੀ ਸੀ।
ਲੰਡਨ ਦੇ ਕੈਕਸਟਨ ਹਾਲ 'ਚ ਲਿਆ ਜਲਿਆਂਵਾਲਾ ਬਾਗ ਕਾਂਡ ਦਾ ਬਦਲਾ : ਜਲਿਆਂਵਾਲਾ ਬਾਗ ਕਾਂਡ ਦਾ ਬਦਲਾ ਲੈਣ ਲਈ ਮੌਕਾ ਤਲਾਸ਼ ਰਹੇ ਊਧਮ ਸਿੰਘ ਨੂੰ 13 ਮਾਰਚ 1940 ਦੇ ਦਿਨ ਅਣਗਿਣਤ ਹਿੰਦੁਸਤਾਨੀਆਂ ਦੀ ਸ਼ਹਾਦਤ ਦਾ ਬਦਲਾ ਲੈਣ ਦਾ ਮੌਕਾ ਮਿਲ ਗਿਆ ਅਤੇ ਲੰਡਨ ਦੇ ਕੈਕਸਟਨ ਹਾਲ 'ਚ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਏਸ਼ੀਅਨ ਸੋਸਾਇਟੀ ਦੀ ਬੈਠਕ ਵਿਚ ਭਾਸ਼ਣ ਦੇ ਰਹੇ ਜਨਰਲ ਡਾਇਰ ਨੂੰ ਆਪਣੀ ਕਿਤਾਬ ਵਿਚ ਲੁਕਾ ਕੇ ਰੱਖੇ ਪਿਸਤੌਲ ਦੀਆਂ ਗੋਲੀਆਂ ਨਾਲ ਭੁੰਨ ਦਿੱਤਾ।
ਚਿੱਟ ਫੰਡ ਕੰਪਨੀਆਂ ਦੇ ਪੀੜਤਾਂ ਨੇ ਕੀਤੀ ਇਨਸਾਫ਼ ਦੀ ਮੰਗ
NEXT STORY