ਪਟਿਆਲਾ (ਰਾਜੇਸ਼) - ਪੰਜਾਬ ਦੇ ਊਰਜਾ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੂਬੇ ਅੰਦਰ ਪਸ਼ੂ-ਧਨ ਨੂੰ ਹੋਰ ਵਧੇਰੇ ਵਿਕਸਿਤ ਕਰਨ ਲਈ ਯਤਨਸ਼ੀਲ ਹੈ। ਉਹ ਅੱਜ ਇਥੇ ਪੰਜਾਬ ਸਰਕਾਰ ਦੇ ਪਸ਼ੂ-ਪਾਲਣ ਵਿਭਾਗ ਵੱਲੋਂ 'ਫਿੱਕੀ' ਦੇ ਸਹਿਯੋਗ ਨਾਲ ਕਰਵਾਈ ਗਈ ਪੰਜ ਰੋਜ਼ਾ 10ਵੀਂ ਕੌਮੀ ਪਸ਼ੂ-ਧਨ ਚੈਂਪੀਅਨਸ਼ਿਪ ਅਤੇ ਐਕਸਪੋ-2017 ਦੀ ਸਮਾਪਤੀ ਮੌਕੇ ਜੇਤੂ ਪਸ਼ੂ-ਪਾਲਕਾਂ ਨੂੰ ਕਰੀਬ ਸਵਾ ਕਰੋੜ ਰੁਪਏ ਦੇ ਨਕਦ ਇਨਾਮ ਵੰਡਣ ਦੀ ਰਸਮ ਅਦਾ ਕਰਨ ਪੁੱਜੇ ਹੋਏ ਸਨ। ਇਸ ਮੌਕੇ ਕਿਸਾਨਾਂ, ਪਸ਼ੂ-ਪਾਲਕਾਂ ਅਤੇ ਦਰਸ਼ਕਾਂ ਦੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਖੇਤੀਬਾੜੀ ਲਾਹੇਵੰਦਾ ਧੰਦਾ ਨਾ ਰਹਿਣ ਕਰ ਕੇ ਖੇਤੀ ਵਿਭਿੰਨਤਾ ਤਹਿਤ ਸਹਾਇਕ ਧੰਦਿਆਂ ਵਜੋਂ ਪਸ਼ੂ-ਧਨ ਪਾਲਣਾ ਅਹਿਮ ਕਿੱਤਾ ਬਣ ਰਿਹਾ ਹੈ। ਇਸ ਵੇਲੇ ਪੰਜਾਬ ਦੀ ਨੀਲੀ ਰਾਵੀ ਮੱਝ ਦਾ ਮੁਕਾਬਲਾ ਪਾਕਿਸਤਾਨ ਦੀ ਨੀਲੀ ਰਾਵੀ ਮੱਝ ਨਾਲ ਹੈ ਪਰ ਪੰਜਾਬ ਦੀਆਂ ਮੱਝਾਂ ਦੇ ਨਸਲ ਸੁਧਾਰ 'ਚ ਅਸੀਂ ਉਸ ਤੋਂ ਵੀ ਅੱਗੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਗਾਵਾਂ ਦੀਆਂ ਸਾਹੀਵਾਲ ਤੇ ਹੋਰ ਦੇਸੀ ਨਸਲਾਂ ਨੂੰ ਸੁਰੱਖਿਅਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਪਸ਼ੂ-ਧਨ ਨੂੰ ਅਣਦੇਖਾ ਕੀਤਾ ਪਰ ਕਾਂਗਰਸ ਸਰਕਾਰ ਪਸ਼ੂ ਪਾਲਣ ਤੇ ਕਿਸਾਨਾਂ ਨਾਲ ਸਬੰਧਤ ਹੋਰਨਾਂ ਵਿਭਾਗਾਂ ਨੂੰ ਪੂਰੀ ਤਵੱਜੋ ਦੇ ਰਹੀ ਹੈ। ਅਫ਼ਸੋਸ ਹੈ ਕਿ ਪਿਛਲੀ ਸਰਕਾਰ ਨੇ ਗੁਜਰਾਤ ਦੇ ਅਦਾਰੇ 'ਅਮੂਲ' ਨੂੰ ਹੀ ਪੰਜਾਬ 'ਚ ਪ੍ਰਫੁੱਲਿਤ ਕੀਤਾ। ਉਨ੍ਹਾਂ ਵੱਲੋਂ ਮਿਲਕਫ਼ੈੱਡ ਅਤੇ ਮਾਰਕਫ਼ੈੱਡ ਨੂੰ ਮੁੜ ਤੋਂ ਦੇਸ਼ ਦਾ ਨੰਬਰ ਇਕ ਅਦਾਰਾ ਬਣਾਉਣ ਦੇ ਯਤਨ ਆਰੰਭੇ ਗਏ ਹਨ।
ਇਸ ਮੌਕੇ ਵਿਧਾਇਕ ਸਮਾਣਾ ਰਜਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਸ਼ੂ-ਧਨ ਚੈਂਪੀਅਨਸ਼ਿਪ ਸਮਾਣਾ ਵਿਚ ਕਰਵਾ ਕੇ ਹਲਕੇ ਨੂੰ ਮਾਣ ਦਿੱਤਾ ਗਿਆ ਹੈ। ਇਸ ਚੈਂਪੀਅਨਸ਼ਿਪ ਨੇ ਜਿੱਥੇ ਪਸ਼ੂ ਪਾਲਕਾਂ 'ਚ ਭਾਰੀ ਉਤਸ਼ਾਹ ਪੈਦਾ ਕੀਤਾ ਹੈ, ਉਥੇ ਹੁਣ ਇਹ ਕਿਸਾਨਾਂ ਲਈ ਕਮਾਈ ਦਾ ਸਾਧਨ ਵੀ ਸਿੱਧ ਹੋ ਰਹੀ ਹੈ, ਜਿਸ ਕਰ ਕੇ ਕਿਸਾਨ ਖੇਤੀ ਵਿਭਿੰਨਤਾ ਵੱਲ ਵਧ ਰਹੇ ਹਨ। ਇਸ ਤੋਂ ਪਹਿਲਾਂ ਪਸ਼ੂ-ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਨੇ ਕੈਬਨਿਟ ਮੰਤਰੀ ਨੂੰ 'ਜੀ ਆਇਆਂ' ਕਿਹਾ।ਜ਼ਿਕਰਯੋਗ ਹੈ ਕਿ ਪੁਸ਼ਕਰ ਮੇਲੇ ਤੋਂ ਵੀ ਵੱਧ ਅਹਿਮਤੀਅਤ ਹਾਸਲ ਕਰ ਚੁੱਕੇ ਇਸ ਕੌਮੀ ਪਸ਼ੂ-ਧਨ ਚੈਂਪੀਅਨਸ਼ਿਪ ਦੇ ਪਹਿਲੀ ਵਾਰ ਪਟਿਆਲਾ 'ਚ ਹੋਣ ਸਦਕਾ ਇਸ ਵਾਰ ਦਰਸ਼ਕਾਂ ਨੇ ਇਸ 'ਚ ਰਿਕਾਰਡਤੋੜ ਸ਼ਮੂਲੀਅਤ ਕਰ ਕੇ ਭਰਵਾਂ ਹੁੰਗਾਰਾ ਦਿੱਤਾ ਹੈ। ਇਸ ਐਕਸਪੋ ਵਿਚ ਹੁਣ ਤੱਕ 8000 ਤੋਂ ਉੱਪਰ ਪਸ਼ੂਆਂ ਦੀ ਰਜਿਸਟ੍ਰੇਸ਼ਨ ਹੋਈ। ਇਨ੍ਹਾਂ ਦੇ 92 ਵਰਗਾਂ 'ਚ ਮੁਕਾਬਲੇ ਕਰਵਾ ਕੇ ਕਰੀਬ ਸਵਾ ਕਰੋੜ ਰੁਪਏ ਦੇ ਨਕਦ ਇਨਾਮ ਜੇਤੂ ਪਸ਼ੂ ਪਾਲਕਾਂ ਨੂੰ ਵੰਡੇ ਗਏ। 200 ਤੋਂ ਵੱਧ ਕੰਪਨੀਆਂ ਵੱਲੋਂ ਇਸ ਐਕਸਪੋ ਵਿਚ ਸ਼ਮੂਲੀਅਤ ਕੀਤੀ ਗਈ।
ਇਸ ਦੌਰਾਨ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐੱਸ. ਐੈੱਸ. ਪੀ. ਡਾ. ਐੈੱਸ. ਭੂਪਤੀ, ਪਸ਼ੂ-ਪਾਲਣ ਦੇ ਜੁਆਇੰਟ ਡਾਇਰੈਕਟਰ ਡਾ. ਅਮਰਜੀਤ ਸਿੰਘ ਮੁਲਤਾਨੀ, ਡਾ. ਬਲਦੇਵ ਸਿੰਘ ਰੋਮਾਣਾ, ਮੇਲਾ ਪ੍ਰਬੰਧਕ ਡਿਪਟੀ ਡਾਇਰੈਕਟਰ ਡਾ. ਐੈੱਚ. ਐੈੱਮ. ਵਾਲੀਆ, ਸਹਾਇਕ ਡਾਇਰੈਕਟਰ ਡਾ. ਗੁਰਿੰਦਰ ਸਿੰਘ ਵਾਲੀਆ, ਪੀ. ਐੈੱਸ. ਪੀ. ਸੀ. ਐੈੱਲ. ਦੇ ਚੀਫ ਇੰਜੀਨੀਅਰ ਜੇ. ਆਈ. ਐੈੱਸ. ਗਰੇਵਾਲ, ਡਾ. ਅਸ਼ੋਕ ਰੌਣੀ ਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
ਇਸ ਕੌਮੀ ਚੈਂਪੀਅਨਸ਼ਿਪ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਵਿਧਾਇਕ ਰਜਿੰਦਰ ਸਿੰਘ ਵੱਲੋਂ ਪਸ਼ੂ-ਪਾਲਣ ਵਿਭਾਗ ਦਾ ਤਿਮਾਹੀ ਮੈਗਜ਼ੀਨ 'ਪਸ਼ੂ-ਧਨ' ਵੀ ਰਿਲੀਜ਼ ਕੀਤਾ ਗਿਆ। ਇਸ ਦੌਰਾਨ ਪਸ਼ੂ-ਪਾਲਣ ਦੇ ਡਾ. ਕੇਵਲ ਅਰੋੜਾ, ਡਾ. ਜਸਬੀਰ ਮਹਿਰਮ ਤੇ ਡਾ. ਵੀਰ ਸੁਖਵੰਤ ਦੀ ਟੀਮ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦਿਆਂ 'ਮੇਲੇ ਪਸ਼ੂਆਂ ਦੇ ਲਾਵੇ ਸਾਡੀ ਸਰਕਾਰ' ਗੀਤ ਪੇਸ਼ ਕੀਤਾ ਜਿਸ 'ਤੇ ਨੌਜਵਾਨ ਮੁੰਡੇ-ਕੁੜੀਆਂ ਸਮੇਤ ਪਸ਼ੂ ਮਾਲਕਾਂ ਵੱਲੋਂ ਪੂਰੀ ਤਰ੍ਹਾਂ ਹਾਰ-ਸ਼ਿੰਗਾਰ ਕੇ ਲਿਆਂਦੇ ਗਏ ਘੋੜੇ-ਘੋੜੀਆਂ ਅਤੇ ਊਠ-ਊਠਣੀਆਂ ਦੇ ਨਾਚ ਨੇ ਦਰਸ਼ਕਾਂ ਦੇ ਮਨਾਂ ਨੂੰ ਮੋਹ ਲਿਆ।
ਜਸ਼ਨਦੀਪ ਚੀਮਾ ਨੇ 5 ਮੈਡਲ ਜਿੱਤ ਕੇ ਮਾਅਰਕਾ ਮਾਰਿਆ
ਪੰਜ ਰੋਜ਼ਾ 10ਵੀਂ ਕੌਮੀ ਪਸ਼ੂ-ਧਨ ਚੈਂਪੀਅਨਸ਼ਿਪ ਦੌਰਾਨ 14 ਸਾਲਾਂ ਵਿਦਿਆਰਥੀ ਜਸ਼ਨਦੀਪ ਚੀਮਾ ਨੇ ਪੋਲੋ ਗਰਾਊਂਡ ਵਿਖੇ ਹੋਏ ਘੋੜ-ਸਵਾਰੀ ਦੇ 5 ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5 ਮੈਡਲ ਜਿੱਤ ਕੇ ਵੱਡਾ ਮਾਅਰਕਾ ਮਾਰਿਆ।
ਸਥਾਨਕ ਵਾਈ. ਪੀ. ਐੈੱਸ. ਸਕੂਲ ਦੇ ਵਿਦਿਆਰਥੀ ਜਸ਼ਨਦੀਪ ਚੀਮਾ ਨੇ ਘੋੜ-ਸਵਾਰੀ ਦੇ ਹੋਏ ਵੱਖ-ਵੱਖ ਮੁਕਾਬਿਲਆਂ 'ਚ ਆਪਣੀ ਉਮਰ ਤੋਂ ਵੀ ਵੱਡੇ ਵਰਗ ਦੇ ਘੋੜ-ਸਵਾਰਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਸ ਨੇ ਘੋੜ-ਸਵਾਰੀ ਦੇ ਸ਼ੋਅ ਜੰਪਿੰਗ, ਜੂਨੀਅਰ ਯੰਗ ਰਾਈਡਰਜ਼ ਵਰਗ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਤਾਪ ਸਟੇਬਲ ਚੰਡੀਗੜ੍ਹ ਦੇ ਸ਼ੇਰਜੰਗ ਸਿੰਘ ਨੇ ਦੂਜਾ, ਕ੍ਰਿਪਾਲ ਸਾਗਰ ਅਕੈਡਮੀ ਰਾਹੋਂ ਦੇ ਵਿਜੇਪਾਲ ਸਿੰਘ ਅਤੇ ਨਿਸ਼ਾਨ ਬੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਸ਼ੋਅ ਜੰਪਿੰਗ ਮੁਕਾਬਲਿਆਂ (ਬੱਚੇ) 'ਚ ਜਸ਼ਨਦੀਪ ਚੀਮਾ ਨੇ ਪਹਿਲਾ, ਕ੍ਰਿਪਾਲ ਸਾਗਰ ਅਕੈਡਮੀ ਰਾਹੋਂ ਪ੍ਰੀਤਮ ਸਿੰਘ ਨੇ ਦੂਜਾ ਅਤੇ ਇਸੇ ਅਕੈਡਮੀ ਦੇ ਪ੍ਰੀਆਂਸ਼ੂ ਨੇ ਤੀਜਾ ਸਥਾਨ ਹਾਸਲ ਕੀਤਾ।
ਪੁਰਾਣੀ ਰੰਜਿਸ਼ ਕਾਰਨ ਦੁਕਾਨਦਾਰਾਂ 'ਚ ਖੂਨੀ ਝੜਪ
NEXT STORY