ਦੇਵੀਗੜ੍ਹ (ਜ. ਬ.) - ਸੜਕਾਂ 'ਤੇ ਫਿਰਦੇ ਆਵਾਰਾ ਪਸ਼ੂ ਜਿੱਥੇ ਰੋਜ਼ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਉਥੇ ਇਨ੍ਹਾਂ ਕਾਰਨ ਕਈ ਕੀਮਤੀ ਜਾਨਾਂ ਵੀ ਜਾ ਰਹੀਆਂ ਹਨ। ਕਈ ਆਵਾਰਾ ਪਸ਼ੂ ਰਾਹਗੀਰਾਂ ਨੂੰ ਸੱਟਾਂ ਵੀ ਮਾਰ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਕਸਬਾ ਦੇਵੀਗੜ੍ਹ ਤੋਂ ਮਿਲਦੀ ਹੈ। ਅੱਜ ਸਵੇਰੇ ਇਕ ਭੂਤਰੇ ਸਾਨ੍ਹ ਨੇ ਗੁਰਦੁਆਰੇ ਜਾਂਦੇ, ਸਕੂਲ ਜਾਂਦੇ ਬੱਚਿਆਂ ਅਤੇ ਮਰਦਾਂ-ਔਰਤਾਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਸੱਟਾਂ ਮਾਰੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਦੇਵੀਗੜ੍ਹ ਦੇ ਬਾਜ਼ਾਰ ਵਿਚ ਬਹੁਤ ਸਾਰੇ ਆਵਾਰਾ ਪਸ਼ੂ ਘੁੰਮ ਰਹੇ ਹਨ, ਜੋ ਆਵਾਜਾਈ ਵਿਚ ਵਿਘਨ ਪਾਉਣ ਦੇ ਨਾਲ-ਨਾਲ ਰਾਹਗੀਰਾਂ ਨੂੰ ਵੀ ਸੱਟਾਂ ਮਾਰ ਰਹੇ ਹਨ। ਅੱਜ ਸਵੇਰ ਦੇ ਸਮੇਂ ਸੰਤੋਖ ਸਿੰਘ, ਸਰੋਜ ਰਾਣੀ, ਮਹਿੰਦਰ ਸਿੰਘ, ਰਵਿੰਦਰ ਕੌਰ, ਸਿਮਰਨਜੀਤ ਕੌਰ ਗੁਰਦੁਆਰੇ ਅਤੇ ਕੁਝ ਬੱਚੇ ਜਦੋਂ ਸਕੂਲਾਂ ਨੂੰ ਜਾ ਰਹੇ ਸਨ ਤਾਂ ਇਕ ਭੂਤਰੇ ਸਾਨ੍ਹ ਨੇ ਇਨ੍ਹਾਂ ਦੇ ਪਿੱਛੇ ਪੈ ਕੇ ਸੱਟਾਂ ਮਾਰੀਆਂ। ਸੰਤੋਖ ਸਿੰਘ ਦੇ ਨੱਕ 'ਤੇ ਸੱਟ ਮਾਰੀ, ਜਿਸ ਨੂੰ ਕਈ ਟਾਂਕੇ ਲਵਾਉਣੇ ਪਏ। ਇਸੇ ਤਰ੍ਹਾਂ ਹੋਰ ਰਾਹਗੀਰਾਂ ਦੇ ਵੀ ਕਾਫੀ ਸੱਟਾਂ ਲੱਗੀਆਂ। ਇਸ ਦੌਰਾਨ ਲੋਕ ਇਕੱਠੇ ਗਏ ਅਤੇ ਸਾਨ੍ਹ ਨੂੰ ਘੇਰ ਕੇ ਇਕ ਹਵੇਲੀ ਵਿਚ ਡੱਕ ਦਿੱਤਾ। ਇੱਥੋਂ ਉਸ ਨੇ ਕਈ ਵਾਰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹ ਕੰਧ ਨਾ ਟੱਪ ਸਕਿਆ।
ਸਾਨ੍ਹ ਨੂੰ ਕਾਬੂ ਕਰਨ ਲਈ ਲੋਕਾਂ ਨੇ ਪਸ਼ੂ ਵਿਭਾਗ, ਜੰਗਲ ਵਿਭਾਗ, ਗਊ-ਰਕਸ਼ਕ ਦਲ ਅਤੇ ਪ੍ਰਸ਼ਾਸਨ ਨੂੰ ਕਈ ਟੈਲੀਫੋਨ ਕੀਤੇ। ਫਿਰ ਪਸ਼ੂ ਵਿਭਾਗ ਦੇ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਗੁਲਾਬ ਸਿੰਘ, ਮੋਢੂ ਰਾਮ, ਅਵਤਾਰ ਸਿੰਘ ਅਤੇ ਮਲਕੀਤ ਸਿੰਘ ਦੀ ਟੀਮ ਨੇ ਜਦੋ-ਜਹਿਦ ਕਰ ਕੇ ਭੂਤਰੇ ਸਾਨ੍ਹ ਨੂੰ ਰੱਸਿਆਂ ਨਾਲ ਕਾਬੂ ਕੀਤਾ। ਉਸ ਨੂੰ ਇਕ ਟੈਂਪੂ ਵਿਚ ਲੱਦ ਕੇ ਪਟਿਆਲੇ ਭੇਜ ਦਿੱਤਾ। ਕਸਬਾ ਦੇਵੀਗੜ੍ਹ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਨੱਥ ਪਾਈ ਜਾਵੇ ਤਾਂ ਕਿ ਲੋਕਾਂ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਕਰ ਸਕਣ।
ਹੈਂਡ ਬੈਗ ਖੋਹ ਕੇ ਫਰਾਰ ਹੋਣ ਵਾਲਾ ਗ੍ਰਿਫਤਾਰ
NEXT STORY