ਚੰਡੀਗੜ੍ਹ : ਅੱਜ ਭਗਵੰਤ ਮਾਨ ਕੈਬਨਿਟ ਦਾ ਵਿਸਥਾਰ ਕਰ ਦਿੱਤਾ ਗਿਆ। ਅੱਜ ਵਿਧਾਇਕਾਂ ਅਮਨ ਅਰੋੜਾ, ਇੰਦਰਬੀਰ ਸਿੰਘ ਨਿੱਝਰ, ਫੌਜਾ ਸਿੰਘ ਸਰਾਰੀ, ਚੇਤਨ ਸਿੰਘ ਜੌੜਮਾਜਰਾ ਅਤੇ ਅਨਮੋਲ ਗਗਨ ਮਾਨ ਨੂੰ ਕੈਬਨਿਟ ਮੰਤਰੀ ਵਜੋਂ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ। ਸਭ ਤੋਂ ਤੋਂ ਪਹਿਲਾਂ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ। ਉਸ ਤੋਂ ਬਾਅਦ ਅੰਮ੍ਰਿਤਸਰ ਸਾਊਥ ਤੋਂ ਵਿਧਾਇਕ ਡਾ. ਇੰਦਰਬੀਰ ਨਿੱਝਰ, ਤੀਜੇ ਨੰਬਰ ’ਤੇ ਗੁਰੂਹਰਸਹਾਏ ਤੋਂ ਵਿਧਾਇਕ ਫੌਜਾ ਸਿੰਘ ਸਰਾਰੀ, ਚੌਥੇ ਸਥਾਨ ’ਤੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਪੰਜਵੇਂ ਸਥਾਨ ’ਤੇ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਨੂੰ ਰਾਜਪਾਲ ਵਲੋਂ ਕੈਬਨਿਟ ਮੰਤਰੀ ਵਜੋਂ ਅਹੁਦੇ ਦੇ ਭੇਦ ਗੁਪਤ ਰੱਖਣ ਲਈ ਸਹੁੰ ਚੁਕਾਈ ਗਈ।
ਪੰਜਾਬ ਸਰਕਾਰ ਦੇ ਪਹਿਲੇ ਮੰਤਰੀ ਮੰਡਲ ਦੇ ਵਿਸਥਾਰ 'ਚ ਇਕ ਵਾਰ ਫਿਰ ਵਿਧਾਨ ਸਭਾ ਹਲਕਾ ਖਰੜ ਦੀ ਅਹਿਮੀਅਤ ਦਿੰਦਿਆਂ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੂੰ ਮੰਤਰੀ ਬਣਾਇਆ ਗਿਆ ਹੈ, ਜਿਸ ਕਰਕੇ ਪੂਰੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਖਰੜ ਵਿਧਾਨ ਸਭਾ ਮੋਹਾਲੀ ਜ਼ਿਲ੍ਹੇ ਦਾ ਹੀ ਇਕ ਹਿੱਸਾ ਹੈ।
ਅਨਮੋਲ ਗਗਨ ਮਾਨ ਦਾ ਜਨਮ 1990 ਵਿੱਚ ਮਾਨਸਾ ਵਿੱਚ ਹੋਇਆ ਸੀ। ਉਸ ਨੇ ਆਪਣੀ ਸਕੂਲੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮਾਡਲਿੰਗ ਤੋਂ ਬਾਅਦ ਗਾਇਕੀ 'ਚ ਕਰੀਅਰ ਬਣਾਇਆ। ਅਨਮੋਲ ਗਗਨ ਮਾਨ ਦਾ ਪੰਜਾਬੀ ਗਾਇਕੀ ਤੋਂ ਮੰਤਰੀ ਤੱਕ ਦਾ ਸਫ਼ਰ ਕਾਫੀ ਦਿਲਚਸਪ ਹੈ। ਉਹ ਸਾਲ 2020 'ਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਤੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ ਲਗਭਗ 37718 ਵੋਟਾਂ ਨਾਲ ਹਰਾਇਆ।
ਅਨਮੋਲ ਗਗਨ ਮਾਨ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕਾਫੀ ਕਰੀਬੀ ਮੰਨੇ ਜਾਂਦੇ ਹਨ। ਚੋਣਾਂ ਦੌਰਾਨ ਕੇਜਰੀਵਾਲ ਨੇ ਵੀ ਖਰੜ ਵਿਧਾਨ ਸਭਾ ਹਲਕੇ 'ਚ ਅਨਮੋਲ ਗਗਨ ਮਾਨ ਦਾ ਘਰ-ਘਰ ਪ੍ਰਚਾਰ ਕੀਤਾ ਸੀ। ਪਾਰਟੀ ਦੇ ਪ੍ਰਚਾਰ ਲਈ ਅਨਮੋਲ ਨੇ ਗੀਤ ਵੀ ਤਿਆਰ ਕੀਤਾ। ਉਨ੍ਹਾਂ ਦੇ ਮੰਤਰੀ ਬਣਨ ਦੀ ਪਹਿਲਾਂ ਹੀ ਚਰਚਾ ਸੀ ਪਰ ਪਹਿਲੇ ਮੰਤਰੀ ਮੰਡਲ ਦੇ ਗਠਨ 'ਚ ਉਨ੍ਹਾਂ ਨੂੰ ਜਗ੍ਹਾ ਨਹੀਂ ਮਿਲੀ।
ਅਨਮੋਲ ਗਗਨ ਮਾਨ ਲੋਕਾਂ ਦੇ ਸੁੱਖ-ਦੁੱਖ ਵਿੱਚ ਸ਼ਾਮਲ ਹੁੰਦੀ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਹਲਕੇ ਵਿੱਚ ਸਫਾਈ ਮੁਹਿੰਮ ਸ਼ੁਰੂ ਕੀਤੀ, ਜਿਸ ਤੋਂ ਬਾਅਦ ਵੀ ਉਸ ਨੇ ਆਪਣੇ ਇਲਾਕੇ ਵਿੱਚ ਮੁਹੱਲਾ ਕਲੀਨਿਕ ਸਥਾਪਿਤ ਕਰਨ ਦਾ ਪ੍ਰਬੰਧ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮਨਜੀਤ ਸਿੰਘ ਚਾਹਲ ਨੇ PSPCL ’ਚ ਸੇਵਾਵਾਂ ਇਕ ਮਿਆਨ ’ਚ ਦੋ ਤਲਵਾਰਾਂ ਵਾਂਗ ਨਿਭਾਈਆਂ : ਮਨਮੋਹਨ ਸਿੰਘ
NEXT STORY