ਨੂਰਪੁਰਬੇਦੀ (ਭੰਡਾਰੀ)- ਥਾਣਾ ਨੂਰਪੁਰਬੇਦੀ ਅਧੀਨ ਪੈਂਦੇ ਪਿੰਡ ਕੀਮਾ ਬਾਸ ਖੱਡ ਰਾਜਗਿਰੀ ਤੋਂ ਇਕ ਬੇਹੱਦ ਸਨਸਨੀਖੇਜ਼ ਵਾਰਦਾਤ ਦੀ ਖ਼ਬਰ ਪ੍ਰਾਪਤ ਹੋਈ ਹੈ, ਜਿੱਥੇ ਸ਼ਰਾਬ ਪੀਣ ਤੋਂ ਰੋਕਣ ’ਤੇ ਖਫਾ ਹੋਏ ਇਕ ਭਤੀਜੇ ਨੇ ਗੁੱਸੇ ’ਚ ਆ ਕੇ ਆਪਣੇ ਤਾਏ ’ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਜਿਸ ਦੀ ਕੁਝ ਸਮੇਂ ਬਾਅਦ ਹੀ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਮੌਤ ਹੋ ਗਈ। ਸਥਾਨਕ ਪੁਲਸ ਨੇ ਫਰਾਰ ਹੋਏ 3 ਦੋਸ਼ੀਆਂ ’ਚ ਸ਼ਾਮਲ ਮ੍ਰਿਤਕ ਦੇ ਭਤੀਜੇ, ਭਰਜਾਈ ਤੇ ਉਸ ਦੀ ਭਤੀਜੀ ਖਿਲਾਫ ਕਤਲ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧ ’ਚ ਸਥਾਨਕ ਪੁਲਸ ਵੱਲੋਂ ਮ੍ਰਿਤਕ ਦੀ ਲੜਕੀ ਦੇ ਬਿਆਨਾਂ ’ਤੇ ਦਰਜ ਕੀਤੇ ਗਏ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੂਰਪੁਰਬੇਦੀ ਇੰਸ. ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਹਰਜੀਤ ਕੌਰ ਪਤਨੀ ਸਵ. ਸ਼ਾਦੀ ਲਾਲ ਨਿਵਾਸੀ ਪਿੰਡ ਕੁਲਗਰਾਂ, ਥਾਣਾ ਨੰਗਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਸਰਕਾਰੀ ਸਕੂਲ ਪਿੰਡ ਕੁਲਗਰਾਂ ਵਿਖੇ ਸਫਾਈ ਸੇਵਕ ਦਾ ਕੰਮ ਕਰਦੀ ਹੈ।
ਉਹ 8 ਨਵੰਬਰ ਨੂੰ ਆਪਣੇ ਪੇਕੇ ਪਿੰਡ ਕੀਮਾ ਬਾਸ ਵਿਖੇ ਤਾਏ ਭਗਤ ਰਾਮ ਦੇ ਪੋਤੇ ਅਤੇ ਪੋਤੀ ਦੇ ਵਿਆਹ ’ਚ ਸ਼ਾਮਲ ਹੋਣ ਲਈ ਆਈ ਹੋਈ ਸੀ ਅਤੇ 9 ਨਵੰਬਰ ਨੂੰ ਘਟਨਾ ਵਾਲੇ ਦਿਨ ਭਗਤ ਰਾਮ ਦੇ ਪੋਤੇ ਦੇ ਪਿੰਡ ਥਲੂਹ, ਜ਼ਿਲਾ ਰੂਪਨਗਰ ਵਿਖੇ ਹੋਏ ਵਿਆਹ ਸਮਾਗਮ ਤੋਂ ਹੋ ਕੇ ਵਾਪਸ ਪੇਕੇ ਪਿੰਡ ਕੀਮਾ ਬਾਸ ਵਿਖੇ ਪਹੁੰਚੀ ਸੀ। ਜਦੋਂ ਰਾਤ ਕਰੀਬ 11 ਵਜੇ ਉਹ ਆਪਣੇ ਪਿਤਾ ਰੋਸ਼ਨ ਲਾਲ (65) ਪੁੱਤਰ ਸਿੱਬੂ ਰਾਮ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਘਰ ਵਿਖੇ ਮੌਜੂਦ ਸੀ ਤਾਂ ਉਸ ਦੇ ਚਾਚੇ ਦੇ ਲੜਕੇ ਲਖਵਿੰਦਰ ਸਿੰਘ ਉਰਫ ਲੱਕੀ ਪੁੱਤਰ ਸਵ. ਸੋਹਣ ਸਿੰਘ, ਨਿਵਾਸੀ ਪਿੰਡ ਕੀਮਾ ਬਾਸ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਉੱਚੀ-ਉੱਚੀ ਰੌਲਾ ਪਾ ਕੇ ਗਾਲਾਂ ਕੱਢਣ ਲੱਗਾ, ਜਿਸ ਦੌਰਾਨ ਉਸ ਨੇ ਆਪਣੇ ਹੱਥ ’ਚ ਕਿਰਪਾਨ ਚੁੱਕੀ ਹੋਈ ਸੀ।
ਇਹ ਵੀ ਪੜ੍ਹੋ- ਰੇਲਵੇ ਦੇ ਯਾਤਰੀਆਂ ਲਈ ਅਹਿਮ ਖ਼ਬਰ ; ਹੁਣ ਲੁਧਿਆਣਾ ਨਹੀਂ ਰੁਕਣਗੀਆਂ ਇਹ ਟਰੇਨਾਂ
ਇਹ ਵੀ ਪੜ੍ਹੋ- ਰੰਗ 'ਚ ਪੈ ਗਿਆ ਭੰਗ ; ਵਿਆਹ 'ਚ ਵਿਦਾਈ ਸਮੇਂ ਹੋ ਗਏ ਫਾ.ਇਰ, ਲਾੜੀ ਦੇ ਮੱਥੇ 'ਚ ਜਾ ਵੱਜੀ ਗੋ.ਲ਼ੀ
ਉਸ ਨਾਲ ਉਸ ਦੀ ਮਾਤਾ ਨਛੱਤਰ ਕੌਰ ਅਤੇ ਉਸ ਦੀ ਭੈਣ ਅਮਰਜੀਤ ਕੌਰ ਵੀ ਸਨ ਜੋ ਮਿਲ ਕੇ ਗਾਲਾਂ ਕੱਢਣ ਲੱਗ ਪਏ। ਜਦੋਂ ਕੁਝ ਸਮੇਂ ਤੱਕ ਉਨ੍ਹਾਂ ਨੂੰ ਕੋਈ ਆਵਾਜ਼ ਨਾ ਸੁਣਾਈ ਦਿੱਤੀ ਤਾਂ ਉਨ੍ਹਾਂ ਸਮਝਿਆ ਕਿ ਸ਼ਾਇਦ ਉਹ ਘਰ ਵਾਪਸ ਚਲੇ ਗਏ ਜਿਸ ’ਤੇ ਜਦੋਂ ਉਹ ਘਰ ਤੋਂ ਬਾਹਰ ਆ ਕੇ ਗਲੀ ’ਚ ਉਨ੍ਹਾਂ ਨੂੰ ਦੇਖਣ ਲਈ ਆਏ ਤਾਂ ਘਰ ਦੇ ਬਾਹਰ ਗਲੀ ’ਚ ਖੜ੍ਹੇ ਲਖਵਿੰਦਰ ਸਿੰਘ ਨੇ ਉਸ ਦੇ ਪਿਤਾ ’ਤੇ ਹੱਥ ’ਚ ਫੜੀ ਕਿਰਪਾਨ ਨਾਲ ਹਮਲਾ ਕਰ ਦਿੱਤਾ ਜੋ ਸ਼ਿਕਾਇਕਰਤਾ ਦੇ ਪਿਤਾ ਦੇ ਸੱਜੇ ਹੱਥ ’ਤੇ ਗੁੱਟ ’ਤੇ ਵੱਜਣ ਨਾਲ ਲਹੂ-ਲੁਹਾਨ ਹੋ ਗਏ।
ਇਸ ਤੋਂ ਬਾਅਦ ਲਖਵਿੰਦਰ ਸਿੰਘ, ਉਸ ਦੀ ਮਾਤਾ ਨਛੱਤਰ ਕੌਰ ਅਤੇ ਭੈਣ ਅਮਰਜੀਤ ਕੌਰ ਨੇ ਉਸਦੇ ਅਤੇ ਉਸਦੇ ਪਿਤਾ ’ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਵੱਲੋਂ ਰੌਲ਼ਾ ਪਾਉਣ ’ਤੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ। ਇਸ ਹਮਲੇ ਦੌਰਾਨ ਸ਼ਿਕਾਇਕਰਤਾ ਹਰਜੀਤ ਕੌਰ ਵੀ ਪੱਥਰ ਲੱਗਣ ਨਾਲ ਜ਼ਖਮੀਂ ਹੋ ਗਈ ਜਿਸ ’ਤੇ ਲਖਵਿੰਦਰ ਸਿੰਘ, ਉਸ ਦੀ ਮਾਤਾ ਤੇ ਭੈਣ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਉਸ ਨੇ ਬਿਆਨਾਂ ’ਚ ਰੰਜਿਸ਼ ਦੀ ਵਜ੍ਹਾ ਬਿਆਨ ਕਰਦਿਆਂ ਕਿਹਾ ਕਿ ਲਖਵਿੰਦਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ, ਜਿਸ ਨੂੰ ਉਸ ਦੇ ਪਿਤਾ ਅਜਿਹਾ ਕਰਨ ਤੋਂ ਰੋਕਦੇ ਸਨ ਜਿਸ ਕਰ ਕੇ ਹੀ ਉਸ ਨੇ ਉਸ ਦੇ ਪਿਤਾ ’ਤੇ ਹਮਲਾ ਕੀਤਾ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਨਵਜੰਮੀ ਧੀ ਨੂੰ ਦੇਖਣ ਜਾ ਰਹੇ ਨੌਜਵਾਨ ਨੂੰ 'ਕਾਲ' ਬਣ ਟੱਕਰੀ 'ਰੂਬੀਕਾਨ', ਰਸਤੇ 'ਚ ਹੀ ਗੁਆਈ ਜਾਨ
ਇਸ ਤੋਂ ਬਾਅਦ ਜ਼ਖਮੀ ਰੌਸ਼ਨ ਲਾਲ ਨੂੰ ਸਥਾਨਕ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਲੈ ਕੇ ਜਾਣ ਤੋਂ ਬਾਅਦ ਪੀ.ਜੀ.ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ, ਪਰ ਰਸਤੇ ਉਸ ਦੀ ਤਬੀਅਤ ਵਿਗੜ ਜਾਣ ’ਤੇ ਉਸ ਨੂੰ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਥਾਣਾ ਮੁੱਖੀ ਇੰਸ. ਗੁਰਵਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਮ੍ਰਿਤਕ ਰੌਸ਼ਨ ਲਾਲ ਵਣ ਵਿਭਾਗ ਦਾ ਸੇਵਾਮੁਕਤ ਮੁਲਾਜ਼ਮ ਹੈ ਜਦ ਕਿ ਕਥਿਤ ਦੋਸ਼ੀ ਲਖਵਿੰਦਰ ਸਿੰਘ ਡਰਾਈਵਰੀ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਬਿਆਨਾਂ ’ਤੇ ਕਥਿਤ ਦੋਸ਼ੀ ਲਖਵਿੰਦਰ ਸਿੰਘ, ਉਸ ਦੀ ਮਾਤਾ ਨਛੱਤਰ ਕੌਰ ਅਤੇ ਭੈਣ ਅਮਰਜੀਤ ਕੌਰ ਖਿਲਾਫ ਕਤਲ ਦੇ ਦੋਸ਼ਾਂ ਹੇਠ ਧਾਰਾ 103 (1) ਬੀ.ਐੱਨ.ਐੱਸ. ਅਤੇ 3 (5) ਬੀ.ਐੱਨ.ਐੱਸ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਆਰੰਭ ਕਰ ਦਿੱਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੇਲਵੇ ਦੇ ਯਾਤਰੀਆਂ ਲਈ ਅਹਿਮ ਖ਼ਬਰ ; ਹੁਣ ਲੁਧਿਆਣਾ ਨਹੀਂ ਰੁਕਣਗੀਆਂ ਇਹ ਟਰੇਨਾਂ
NEXT STORY