ਜਲੰਧਰ, (ਪ੍ਰੀਤ)— ਯੁਗਾਂਡਾ ਦੀ ਨਸ਼ਾ ਸਮੱਗਲਰ ਇਕ ਔਰਤ ਰੋਜੇਟ ਨੇਮੂਤਾਬੀ ਨੂੰ ਦਿੱਲੀ ਵਿਚ ਹੈਰੋਇਨ ਦੀ ਖੇਪ ਦੇਣ ਆਇਆ ਇਕ ਹੋਰ ਨਾਈਜੀਰੀਅਨ ਮਾਈਕਲ ਜਗਰਾਓਂ ਪੁਲਸ ਦੇ ਟ੍ਰੈਪ ਵਿਚ ਫਸ ਗਿਆ। ਪੁਲਸ ਨੇ ਮਾਈਕਲ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਜਗਰਾਓਂ ਪਰਤ ਕੇ ਪੁਲਸ ਨੇ ਰੋਜੇਟ ਨੇਮੂਤਾਬੀ ਦਾ 5 ਦਿਨਾਂ ਦਾ ਪੁਲਸ ਰਿਮਾਂਡ ਲਿਆ ਹੈ ਅਤੇ ਸ਼ੁੱਕਰਵਾਰ ਨੂੰ ਇਸ ਨੈੱਟਵਰਕ ਦੇ ਮਾਸਟਰ ਮਾਈਂਡ ਮਾਈਕਲ ਅਤੇ ਰਾਜਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਡੈੱਡ ਫਿਸ਼ ਵਿਚ ਲੁਕੋ ਕੇ ਲਿਆਂਦੀ ਗਈ ਡੇਢ ਕਿਲੋ ਹੈਰੋਇਨ ਪੁਲਸ ਨੇ 3 ਦਿਨ ਪਹਿਲਾਂ ਬਰਾਮਦ ਕੀਤੀ। ਪੁਲਸ ਨੇ ਰੋਜੇਟ ਨੇਮੂਤਾਬੀ ਕੋਲੋਂ ਪੁੱਛਗਿੱਛ ਤੋਂ ਬਾਅਦ ਇਸ ਧੰਦੇ ਨਾਲ ਜੁੜੇ ਜੇਲ ਵਿਚ ਬੰਦ ਮਾਈਕਲ, ਰਾਜਾ ਤੇ ਗੁਰਜੰਟ, ਦਿੱਲੀ ਦੀ ਮਨਪ੍ਰੀਤ ਤੇ ਹੋਰਾਂ ਨੂੰ ਕੇਸ ਵਿਚ ਨਾਮਜ਼ਦ ਕੀਤਾ ਹੈ।
ਸੂਤਰਾਂ ਨੇ ਦੱਸਿਆ ਕਿ ਜਗਰਾਓਂ ਸੀ. ਆਈ. ਏ. ਦੀ ਟੀਮ ਨੇ ਬੀਤੀ ਰਾਤ ਦਿੱਲੀ ਦੇ ਉਤਮ ਨਗਰ ਇਲਾਕੇ ਵਿਚ ਰੇਡ ਕੀਤੀ। ਮਨਪ੍ਰੀਤ ਦੇ ਫਲੈਟ 'ਤੇ ਤਾਲਾ ਲੱਗਿਆ ਮਿਲਿਆ ਪਰ ਇਸ ਦੌਰਾਨ ਰੋਜੇਟ ਨੇਮੂਤਾਬੀ ਕੋਲੋਂ ਪੁੱਛਗਿੱਛ ਵਿਚ ਪਤਾ ਲੱਗਾ ਕਿ ਜਗਰਾਓਂ ਤੋਂ ਮੁੜ ਕੇ ਉਸਨੇ ਦੁਬਾਰਾ ਹੈਰੋਇਨ ਦੀ ਖੇਪ ਲਈ ਇਕ ਨਾਈਜੀਰੀਅਨ ਨਾਲ ਸੰਪਰਕ ਕਰਨਾ ਸੀ। ਪੁਲਸ ਨੇ ਟ੍ਰੈਪ ਲਗਾਇਆ ਅਤੇ ਰੋਜੇਟ ਤੋਂ ਉਕਤ ਨਾਈਜੀਰੀਅਨ ਨੂੰ ਫੋਨ 'ਤੇ ਸੰਪਰਕ ਕਰਵਾ ਕੇ ਦਿੱਲੀ ਦੇ ਉਤਮ ਨਗਰ ਇਲਾਕੇ ਵਿਚ ਹੈਰੋਇਨ ਦੇਣ ਲਈ ਕਿਹਾ। ਜਿਵੇਂ ਹੀ ਨਾਈਜੀਰੀਅਨ ਮਾਈਕਲ ਰੋਜੇਟ ਨੇਮੂਤਾਬੀ ਨੂੰ ਹੈਰੋਇਨ ਦੇਣ ਆਇਆ ਤਾਂ ਪੁਲਸ ਨੇ ਉਸਨੂੰ ਕਾਬੂ ਕਰ ਲਿਆ। ਮਾਈਕਲ ਕੋਲੋਂ ਪੁਲਸ ਨੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ। ਦੋਵਾਂ ਨੂੰ ਲੈ ਕੇ ਅੱਜ ਸਵੇਰੇ ਪੁਲਸ ਟੀਮ ਵਾਪਸ ਜਗਰਾਓਂ ਪਹੁੰਚੀ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੱਲ ਨਾਭਾ ਜੇਲ ਵਿਚ ਬੰਦ ਮਾਈਕਲ ਤੇ ਰਾਜਾ ਨੂੰ ਪੁੱਛਗਿੱਛ ਲਈ ਲਿਆਂਦਾ ਜਾਵੇਗਾ। ਹੈਰੋਇਨ ਸਮੱਗਲਿੰਗ ਦੇ ਨੈੱਟਵਰਕ ਬਾਰੇ ਮਾਈਕਲ ਤੋਂ ਜ਼ਿਆਦਾ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।
ਪਿੰਡ ਵਾਸੀਆਂ ਨੇ ਕੇਂਦਰੀ ਮੰਤਰੀ ਖਿਲਾਫ ਕੀਤੀ ਨਾਅਰੇਬਾਜ਼ੀ
NEXT STORY