ਅੰਮ੍ਰਿਤਸਰ (ਸੂਰੀ) - ਅੰਮ੍ਰਿਤਸਰ ਪ੍ਰਸ਼ਾਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਤਾਬਕ ਸ਼ਹਿਰ 'ਚ ਰੋਜ਼ਾਨਾ ਲੱਖਾਂ ਦੀ ਗਿਣਤੀ 'ਚ ਸੰਗਤਾਂ ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਜਲਿਆਂਵਾਲਾ ਬਾਗ, ਵਾਹਗਾ ਬਾਰਡਰ ਆਦਿ ਥਾਵਾਂ ਦੇ ਦਰਸ਼ਨ-ਦੀਦਾਰ ਕਰਨ ਲਈ ਆਉਂਦੀਆਂ ਹਨ ਅਤੇ ਉਹ ਜ਼ਿਆਦਾਤਰ ਏਅਰਪੋਰਟ ਰੋਡ ਮੀਰਾਂਕੋਟ ਚੌਕ ਤੋਂ ਹੀ ਅੰਮ੍ਰਿਤਸਰ ਸ਼ਹਿਰ 'ਚ ਦਾਖਲ ਹੁੰਦੀਆਂ ਹਨ, ਜਿਸ ਨੂੰ ਵੀ. ਵੀ. ਆਈ. ਪੀ. ਰੋਡ ਵੀ ਕਿਹਾ ਜਾਂਦਾ ਹੈ ਪਰ ਇਥੇ ਇੰਤਜ਼ਾਮ ਥਰਡ ਕਲਾਸ ਹਨ। ਮੀਰਾਂਕੋਟ ਚੌਕ 'ਚ ਰੋਜ਼ਾਨਾ ਹੀ ਘੰਟੇਬੱਧੀ ਲੱਗਣ ਵਾਲੇ ਜਾਮ ਤੋਂ ਏਅਰਪੋਰਟ ਯਾਤਰੀ, ਦੁਕਾਨਦਾਰ, ਇਲਾਕਾ ਨਿਵਾਸੀ, ਸਕੂਲੀ ਬੱਚੇ, ਬਜ਼ੁਰਗ ਤੇ ਐਂਬੂਲੈਂਸਾਂ 'ਚ ਜਾ ਰਹੇ ਮਰੀਜ਼ ਪ੍ਰੇਸ਼ਾਨ ਹੋ ਕੇ ਪ੍ਰਸ਼ਾਸਨ ਨੂੰ ਕੋਸਦੇ ਹੋਏ ਨਜ਼ਰ ਆਉਂਦੇ ਹਨ। ਮੀਰਾਂਕੋਟ ਚੌਕ ਅੰਮ੍ਰਿਤਸਰ ਦਿਹਾਤੀ ਅਤੇ ਸ਼ਹਿਰੀ ਦਾ ਜੋੜ ਹੈ। ਇਥੋਂ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ, ਰਾਜਾਸਾਂਸੀ, ਅਟਾਰੀ, ਘਣੂਪੁਰ ਕਾਲੇ, ਵਾਹਗਾ ਬਾਰਡਰ, ਛੇਹਰਟਾ ਸਾਹਿਬ, ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਸ਼੍ਰੀ ਰਾਮ ਤੀਰਥ, ਲੁਹਾਰਕਾ ਰੋਡ, ਫਤਿਹਗੜ੍ਹ ਚੂੜੀਆਂ ਨੂੰ ਜਾਣ ਵਾਲੀਆਂ ਸਵਾਰੀਆਂ ਅਕਸਰ ਹੀ ਪ੍ਰੇਸ਼ਾਨ ਹੁੰਦੀਆਂ ਦੇਖੀਆਂ ਜਾ ਸਕਦੀਆਂ ਹਨ।
ਟ੍ਰੈਫਿਕ ਲਾਈਟਾਂ ਬੰਦ
2 ਸਾਲ ਪਹਿਲਾਂ ਮੀਰਾਂਕੋਟ ਚੌਕ 'ਤੇ ਲੱਗੀਆਂ ਨਵੀਆਂ ਟ੍ਰੈਫਿਕ ਲਾਈਟਾਂ ਨੂੰ ਏਅਰਪੋਰਟ ਵਾਲੀ ਸਾਈਡ ਦੇ ਖੰਭੇ ਨੂੰ ਰੇਤਾ ਦੇ ਭਰੇ ਟਰੱਕ ਨੇ ਅੰਮ੍ਰਿਤ ਵੇਲੇ ਤੋੜ ਦਿੱਤਾ ਸੀ, ਜਿਸ ਨੂੰ ਤਕਰੀਬਨ 2 ਸਾਲ ਬਾਅਦ ਅੱਜ ਤੱਕ ਪ੍ਰਸ਼ਾਸਨ ਨੇ ਠੀਕ ਕਰਵਾਉਣਾ ਠੀਕ ਨਹੀਂ ਸਮਝਿਆ। ਇਥੇ ਟ੍ਰੈਫਿਕ ਲਾਈਟਾਂ ਖਰਾਬ ਹੋਣ ਕਰ ਕੇ ਕਈ ਹਾਦਸੇ ਵਾਪਰ ਚੁੱਕੇ ਹਨ। ਬੀਤੇ ਦਿਨੀਂ ਪੁਰਾਣੀ ਜੇਲ ਗੁੰਮਟਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਬੱਚੇ ਦਾ ਐਕਸੀਡੈਂਟ ਹੋ ਗਿਆ ਸੀ। ਪੁਰਾਣੀ ਜੇਲ ਗੁੰਮਟਾਲਾ ਦੇ ਗੇਟ ਅੱਗੇ ਸਾਰੀ ਰਾਤ ਪੁਲਸ ਦਾ ਪਹਿਰਾ ਹੁੰਦਾ ਹੈ ਪਰ ਦਿਨ ਸਮੇਂ ਸਕੂਲ ਦੇ ਗੇਟ ਅੱਗੇ ਕੋਈ ਵੀ ਪੁਲਸ ਮੁਲਾਜ਼ਮ ਨਹੀਂ ਹੁੰਦਾ। ਇਸ ਸਕੂਲ 'ਚ ਬੱਚਿਆਂ ਦੀ ਗਿਣਤੀ 150 ਤੋਂ ਵੱਧ ਹੈ ਜੋ ਕਿ ਲੋਕਾਂ ਨੂੰ ਕਹਿ ਕੇ ਹੀ ਸੜਕ ਪਾਰ ਕਰਦੇ ਹਨ ਜਾਂ ਆਪ ਹੀ ਜੋਖਮ ਉਠਾਉਂਦੇ ਹਨ।
ਕਿਥੇ ਗਿਆ ਸ਼ਾਪਿੰਗ ਮਾਲ?
ਪੁਰਾਣੀ ਜੇਲ ਗੁੰਮਟਾਲਾ ਜੋ ਕਿ ਇਥੋਂ ਬਦਲ ਕੇ ਝਬਾਲ ਰੋਡ 'ਤੇ ਚਲੀ ਗਈ ਹੈ ਅਤੇ ਇਸ ਥਾਂ 'ਤੇ ਭਵਿੱਖ ਵਿਚ ਸ਼ਾਪਿੰਗ ਮਾਲ ਆਦਿ ਬਣਨ ਦੀ ਵਿਉਂਤਬੰਦੀ ਹੈ ਪਰ ਹਾਲ ਦੀ ਘੜੀ ਇਹ ਤਕਰੀਬਨ 93 ਏਕੜ ਜਗ੍ਹਾ ਵਿਚ ਸ਼ਰਾਰਤੀ ਅਨਸਰਾਂ ਲਈ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣਾ ਕੋਈ ਔਖਾ ਨਹੀਂ ਹੈ। ਲੋੜ ਹੈ ਇਸ ਰੋਡ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਤਾਂ ਕਿ ਭਵਿੱਖ ਵਿਚ ਹੋਣ ਵਾਲੇ ਕਿਸੇ ਵੀ ਹਾਦਸੇ ਨੂੰ ਟਾਲਿਆ ਜਾ ਸਕੇ। ਏਅਰਪੋਰਟ ਰੋਡ ਦੇ ਦੁਕਾਨਦਾਰਾਂ ਜਾਂ ਰਾਹਗੀਰਾਂ ਲਈ ਪ੍ਰਸ਼ਾਸਨ ਨੇ ਬਾਥਰੂਮ ਜਾਂ ਪੀਣ ਵਾਲੇ ਪਾਣੀ ਦਾ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਹੋਇਆ। ਸਵਾਲ ਇਹ ਹੈ ਕਿ ਜੇਕਰ ਦੁਕਾਨ 'ਤੇ ਆਉਣ ਵਾਲੀ ਕਿਸੇ ਵੀ ਔਰਤ ਗਾਹਕ ਨੂੰ ਬਾਥਰੂਮ ਜਾਣਾ ਪੈ ਜਾਵੇ ਤਾਂ ਕੀ ਬਣੇਗਾ।
ਸਰਕਾਰੀ ਕਾਲਜਾਂ 'ਚ ਅਸਾਮੀਆਂ ਭਰਨ ਲਈ ਅਦਾਲਤ 'ਚ ਜਾਵੇਗੀ ਪੰਜਾਬ ਸਰਕਾਰ : ਅਰੁਣਾ ਚੌਧਰੀ
NEXT STORY