ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਲਗਭਗ 15 ਸਾਲ ਪਹਿਲਾਂ ਪੀ. ਪੀ. ਐੱਸ. ਸੀ. ਦੇ ਚੇਅਰਮੈਨ ਰਵੀ ਸਿੱਧੂ ਵੱਲੋਂ ਪੈਸੇ ਲੈ ਕੇ ਨੌਕਰੀਆਂ ਦੇਣ ਦੇ ਕੀਤੇ ਗਏ ਵੱਡੇ ਘਪਲੇ ਉਪਰੰਤ ਹੁਣ ਤੱਕ ਪੰਜਾਬ ਦੇ ਕਿਸੇ ਵੀ ਸਰਕਾਰੀ ਕਾਲਜ 'ਚ ਰੈਗੂਲਰ ਲੈਕਚਰਾਰਾਂ ਦੀਆਂ ਨਿਯੁਕਤੀਆਂ ਨਹੀਂ ਹੋ ਸਕੀਆਂ। ਇਸ ਕਾਰਨ ਸੂਬੇ ਦੇ ਸਰਕਾਰੀ ਕਾਲਜਾਂ 'ਚ ਜਿੱਥੇ 900 ਤੋਂ ਵੀ ਜ਼ਿਆਦਾ ਅਸਾਮੀਆਂ ਖ਼ਾਲੀ ਪਈਆਂ ਹੋਈਆਂ ਹਨ ਉਥੇ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਉਚੇਰੀ ਸਿੱਖਿਆ ਅਭਿਆਨ ਤਹਿਤ ਪੰਜਾਬ ਨੂੰ ਦਿੱਤੀ ਜਾਣ ਵਾਲੀ ਗਰਾਂਟ ਵੀ ਨਹੀਂ ਮਿਲ ਰਹੀ। ਇਸ ਕਾਰਨ ਸਿੱਖਿਆ ਮੰਤਰੀ ਪੰਜਾਬ ਅਰੁਣਾ ਚੌਧਰੀ ਨੇ ਇਸ ਸਾਰੇ ਮਾਮਲੇ ਦੇ ਹੱਲ ਲਈ ਮਾਣਯੋਗ ਹਾਈ ਕੋਰਟ ਵਿਚ ਪਹੁੰਚ ਕਰਕੇ ਇਸ ਸਮੱਸਿਆ ਦਾ ਹੱਲ ਕੱਢਣ ਦਾ ਫ਼ੈਸਲਾ ਕੀਤਾ ਹੈ।
ਕੀ ਹੈ ਮਾਮਲਾ?-2002 'ਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਰਵੀ ਸਿੱਧੂ ਵੱਲੋਂ ਪੈਸੇ ਲੈ ਕੇ ਨੌਕਰੀਆਂ ਦੇਣ ਦਾ ਮਾਮਲਾ ਉਜਾਗਰ ਕੀਤਾ ਗਿਆ ਸੀ, ਜਿਸ ਉਪਰੰਤ 2003 ਦੌਰਾਨ ਕਰੀਬ 69 ਨਵ-ਨਿਯੁਕਤ ਲੈਕਚਰਾਰਾਂ ਨੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਇਸ ਮਾਮਲੇ 'ਚ ਕਈ ਤੱਥ ਉਜਾਗਰ ਹੋਣ ਕਾਰਨ ਅਦਾਲਤ ਨੇ ਉਸ ਮੌਕੇ ਪੀ. ਪੀ. ਐੱਸ. ਸੀ. ਵੱਲੋਂ ਭਰੀਆਂ ਗਈਆਂ 86 ਦੇ ਕਰੀਬ ਅਸਾਮੀਆਂ 'ਤੇ ਰੋਕ ਲਗਾ ਦਿੱਤੀ ਸੀ। ਇਸ ਦੇ ਬਾਅਦ ਇਹ ਪਟੀਸ਼ਨ ਦਾਇਰ ਕਰਨ ਵਾਲੇ ਅਨੇਕਾਂ ਪਟੀਸ਼ਨਰ ਹੁਣ ਹੋਰ ਥਾਵਾਂ 'ਤੇ ਚੰਗੇ ਰੁਜ਼ਗਾਰ ਪ੍ਰਾਪਤ ਕਰ ਚੁੱਕੇ ਹਨ ਪਰ ਉਨ੍ਹਾਂ ਨੇ ਆਪਣੀ ਪਟੀਸ਼ਨ ਵਾਪਸ ਨਹੀਂ ਲਈ। ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਲੈਕਚਰਾਰਾਂ ਦੀਆਂ 900 ਤੋਂ ਵੀ ਜ਼ਿਆਦਾ ਅਸਾਮੀਆਂ ਖ਼ਾਲੀ ਹੋ ਚੁੱਕੀਆਂ ਹਨ।
ਸਿੱਖਿਆ ਮੰਤਰੀ ਨੇ ਚੁੱਕਿਆ ਮੁੱਦਾ-ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਂਦਰ ਵੱਲੋਂ ਉਚੇਰੀ ਸਿੱਖਿਆ ਲਈ ਰਾਸ਼ਟਰੀ ਉਚੇਰੀ ਸਿੱਖਿਆ ਅਭਿਆਨ ਤਹਿਤ ਸੂਬਿਆਂ ਨੂੰ ਜੋ ਗਰਾਂਟ ਜਾਰੀ ਕੀਤੀ ਜਾਂਦੀ ਹੈ ਉਸ ਨੂੰ ਜਾਰੀ ਕਰਨ ਲਈ ਕੇਂਦਰ ਨੇ ਇਹ ਸ਼ਰਤ ਰੱਖੀ ਹੋਈ ਹੈ ਕਿ ਸੂਬੇ ਦੇ ਕਾਲਜਾਂ 'ਚ ਘੱਟੋ-ਘੱਟ 65 ਫ਼ੀਸਦੀ ਅਸਾਮੀਆਂ ਰੈਗੂਲਰ ਤੌਰ 'ਤੇ ਭਰੀਆਂ ਹੋਣ ਪਰ ਪਿਛਲੇ 13 ਸਾਲਾਂ ਤੋਂ ਇਕ ਵੀ ਭਰਤੀ ਨਾ ਹੋਣ ਕਾਰਨ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਬਹੁ-ਗਿਣਤੀ ਅਸਾਮੀਆਂ 'ਤੇ ਗੈਸਟ ਫੈਕਲਟੀ ਅਤੇ ਪਾਰਟ ਟਾਈਮ ਲੈਕਚਰਾਰ ਨਿਯੁਕਤ ਕਰਕੇ ਕੰਮ ਚਲਾਇਆ ਜਾ ਰਿਹਾ ਹੈ, ਜਿਸ ਕਾਰਨ ਇਹ ਗਰਾਂਟ ਜਾਰੀ ਨਹੀਂ ਹੋ ਰਹੀ ਸੀ। ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਧਿਆਨ 'ਚ ਇਹ ਮਾਮਲਾ ਆਉਣ 'ਤੇ ਉਨ੍ਹਾਂ ਨੇ ਤੁਰੰਤ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਾਰੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ ਅਤੇ ਮਾਮਲੇ ਦੇ ਹੱਲ ਲਈ ਐਡਵੋਕੇਟ ਜਨਰਲ ਨਾਲ ਸਲਾਹ ਕਰਕੇ ਅਦਾਲਤ ਜਾਣ ਦਾ ਫ਼ੈਸਲਾ ਕੀਤਾ।
ਗੈਸਟ ਫੈਕਲਟੀ ਤੇ ਪਾਰਟ ਟਾਈਮ ਲੈਕਚਰਾਰ ਚਲਾ ਰਹੇ ਹਨ ਕੰਮ-ਪੰਜਾਬ ਅੰਦਰ ਵੱਖ-ਵੱਖ ਸਰਕਾਰੀ ਕਾਲਜਾਂ 'ਚ ਸਹਾਇਕ ਪ੍ਰੋਫੈਸਰਾਂ ਦੀਆਂ ਕਰੀਬ 1873 ਅਸਾਮੀਆਂ ਮਨਜ਼ੂਰ ਹਨ ਪਰ 13 ਸਾਲਾਂ ਤੋਂ ਭਰਤੀ ਨਾ ਹੋਣ ਕਾਰਨ ਕਰੀਬ 48 ਕਾਲਜਾਂ ਅੰਦਰ 800 ਤੋਂ ਵੀ ਜ਼ਿਆਦਾ ਅਸਾਮੀਆਂ ਖ਼ਾਲੀ ਪਈਆਂ ਹਨ। ਇਸੇ ਤਰ੍ਹਾਂ ਸੂਬੇ ਅੰਦਰ 136 ਪ੍ਰਾਈਵੇਟ ਸਰਕਾਰੀ-ਏਡਿਡ ਕਾਲਜਾਂ 'ਚ ਵੀ ਕਰੀਬ 900 ਅਸਾਮੀਆਂ ਖ਼ਾਲੀ ਹਨ। ਅਜਿਹੀ ਸਥਿਤੀ ਵਿਚ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਅਸਰ ਪੈਣਾ ਸੁਭਾਵਿਕ ਹੈ। ਸਹਾਇਕ ਪ੍ਰੋਫੈਸਰਾਂ ਦੀ ਘਾਟ ਪੂਰੀ ਕਰਨ ਲਈ ਕਾਲਜਾਂ ਅੰਦਰ ਗੈਸਟ ਫੈਕਲਟੀ ਅਤੇ ਪਾਰਟ ਟਾਈਮ ਲੈਕਚਰਾਰ ਰੱਖ ਕੇ ਕੰਮ ਚਲਾਇਆ ਜਾ ਰਿਹਾ ਹੈ।
ਜਲੰਧਰ 'ਚ ਸੁੱਤੀ ਪਈ ਔਰਤ ਦਾ ਬੇਰਹਿਮੀ ਨਾਲ ਕਤਲ (ਵੀਡੀਓ)
NEXT STORY