ਮਾਮਲਾ ਕਿਸਾਨ ਜਥੇਬੰਦੀਆਂ ਵੱਲੋਂ ਮੋਤੀ ਮਹਿਲ ਦਾ ਘਿਰਾਓ ਕਰਨ ਦਾ
ਬਠਿੰਡਾ(ਪਰਮਿੰਦਰ)-ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਪਟਿਆਲਾ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਦੇ ਘਿਰਾਓ ਨੂੰ ਦੇਖਦਿਆਂ ਪੁਲਸ ਨੇ ਪੰਜਾਬ ਦੇ 13 ਜ਼ਿਲਿਆਂ ਵਿਚ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਸ ਨੇ 100 ਤੋਂ ਵੱਧ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਬੀਤੇ ਦਿਨ ਤੋਂ ਹੀ ਪੇਂਡੂ ਇਲਾਕਿਆਂ ਵਿਚ ਛਾਪੇਮਾਰੀ ਸ਼ੁਰੂ ਕੀਤੀ ਹੋਈ ਹੈ, ਜੋ ਬੀਤੀ ਰਾਤ ਨੂੰ ਵੀ ਜਾਰੀ ਰਹੀ। ਇਸ ਦੌਰਾਨ ਪੁਲਸ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਪਹਿਲੀ ਕਤਾਰ ਦੇ ਆਗੂਆਂ ਤੋਂ ਇਲਾਵਾ ਜ਼ਿਲਾ ਪੱਧਰ ਦੇ ਅਹੁਦੇਦਾਰਾਂ ਦੇ ਘਰ ਵੀ ਛਾਪੇਮਾਰੀ ਕੀਤੀ। ਬਠਿੰਡਾ ਤੇ ਮਾਨਸਾ ਦੇ ਪਿੰਡਾਂ ਵਿਚ ਪੁਲਸ ਬੀਤੀ ਪੂਰੀ ਰਾਤ ਛਾਪੇਮਾਰੀ ਵਿਚ ਰੁੱਝੀ ਰਹੀ ਪਰ ਜ਼ਿਆਦਾਤਰ ਕਿਸਾਨ ਆਗੂ ਪੁਲਸ ਦੇ ਹੱਥ ਨਹੀਂ ਆਏ। ਬਠਿੰਡਾ ਵਿਚ ਪੁਲਸ ਨੇ ਪਿੰਡ ਮਾਈਸਰਖਾਨਾ ਦੇ ਕਿਸਾਨ ਆਗੂ ਦਰਸ਼ਨ ਸਿੰਘ ਦੇ ਭਰਾ ਹਰਪਾਲ ਸਿੰਘ ਨੂੰ ਗ੍ਰਿਫਤਾਰ ਕਰ ਕੇ ਥਾਣਾ ਕੋਟਫੱਤਾ 'ਚ ਬੰਦ ਕਰ ਦਿੱਤਾ, ਜਿਸ ਕਾਰਨ ਕਿਸਾਨਾਂ ਤੇ ਪਿੰਡ ਵਾਸੀਆਂ ਦਾ ਗੁੱਸਾ ਫੁੱਟ ਪਿਆ। ਕਿਸਾਨਾਂ ਨੇ ਇਕੱਠੇ ਹੋ ਕੇ ਥਾਣਾ ਕੋਟਫੱਤਾ ਦਾ ਘਿਰਾਓ ਕਰ ਲਿਆ, ਜਿਸ ਕਾਰਨ ਪੁਲਸ ਨੂੰ ਹਰਪਾਲ ਸਿੰਘ ਨੂੰ ਰਿਹਾ ਕਰਨ ਲਈ ਮਜਬੂਰ ਹੋਣਾ ਪਿਆ। ਸਰਕਾਰ ਤੇ ਪੁਲਸ ਦੀ ਇਸ ਕਾਰਵਾਈ ਦੇ ਵਿਰੋਧ ਵਿਚ ਕਿਸਾਨਾਂ ਨੇ ਪਿੰਡ ਸੰਦੋਹਾ, ਮਹਿਮਾ ਭਗਵਾਨਾ, ਬਹਿਮਣ ਕੌਰ ਸਿੰਘ ਵਾਲਾ, ਸਿਵੀਆਂ, ਕੋਠਗੁਰੂ, ਭੁੱਚੋ ਖੁਰਦ, ਕੋਟੜਾ ਕੌੜਿਆਂ ਵਾਲਾ, ਜੇਠੂਕੇ, ਗਿੱਦੜ, ਚੱਕ ਫਤਿਹ ਸਿੰਘ ਵਾਲਾ ਆਦਿ ਵਿਚ ਅਰਥੀ ਫੂਕ ਪ੍ਰਦਰਸ਼ਨ ਕੀਤੇ। ਭਾਕਿਯੂ ਏਕਤਾ (ਉਗਰਾਹਾਂ) ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਕਿਹਾ ਕਿ 5 ਜ਼ਿਲਿਆਂ ਦੇ 32 ਪਿੰਡਾਂ ਵਿਚ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਗਏ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੇ ਰੋਸ ਪ੍ਰਗਟ ਕਰਨ ਦੇ ਹੱਕ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਵਾਅਦੇ ਕਰ ਕੇ ਭੱਜ ਰਹੀ ਹੈ, ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਹੈ। ਪਟਿਆਲਾ ਮੋਰਚਾ ਹਰ ਹਾਲ ਵਿਚ ਲਾਇਆ ਜਾਵੇਗਾ।
ਦਲਿਤ ਲੜਕੀ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਮਾਮਲਾ ਐੱਸ. ਸੀ. ਕਮਿਸ਼ਨ ਕੋਲ ਪੁੱਜਾ
NEXT STORY