ਚੰਡੀਗੜ੍ਹ, (ਬਿਊਰੋ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਨਾਲਾਇਕੀ ਕਾਰਨ 11000 ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆਈ ਐੱਮ. ਸੀ. ਏ. ਪਾਸ ਇਕ ਲੜਕੀ ਦੀ ਮੌਤ ਹੋਣ ਦਾ ਮਾਮਲਾ ਨੈਸ਼ਨਲ ਐੱਸ. ਸੀ. ਕਮਿਸ਼ਨ ਕੋਲ ਪਹੁੰਚ ਗਿਆ ਹੈ ਅਤੇ ਅੱਜ ਪੀੜਤ ਪਰਿਵਾਰ ਨੇ ਕਮਿਸ਼ਨ ਕੋਲ ਪੇਸ਼ ਹੋ ਕੇ ਇਨਸਾਫ ਮੰਗਿਆ ਹੈ। ਇਹ ਮਾਮਲਾ ਅੰਮ੍ਰਿਤਸਰ ਦੇ ਅਧੀਨ ਪੈਂਦੇ ਕਸਬਾ ਜੰਡਿਆਲਾ ਗੁਰੂ ਦਾ ਹੈ।
ਅੱਜ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਭਾਜਪਾ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਅਤੇ ਭਾਜਪਾ ਦੇ ਐੱਸ. ਸੀ. ਮੋਰਚਾ ਦੇ ਮੀਤ ਪ੍ਰਧਾਨ ਬਲਵਿੰਦਰ ਗਿੱਲ ਨੇ ਨੈਸ਼ਨਲ ਐੱਸ. ਸੀ. ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਦਿੱਤੀ। ਭਾਜਪਾ ਆਗੂ ਵਿਨੀਤ ਜੋਸ਼ੀ ਨੇ ਦੱਸਿਆ ਕਿ ਬਿਜਲੀ ਵਿਭਾਗ ਦੀ ਲਾਪਰਵਾਹੀ ਦਾ ਖਮਿਆਜ਼ਾ ਦੇਸ਼ ਦੇ ਰਾਸ਼ਟਰਪਤੀ ਤੋਂ 'ਬਹਾਦੁਰੀ ਪੁਰਸਕਾਰ' ਹਾਸਲ ਕਰਨ ਵਾਲੇ ਗੋਵਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਭੁਗਤਣਾ ਪਿਆ ਹੈ, ਜੋ ਕਿ ਇਕ ਪਾਸੇ ਦੇਸ਼ ਦੀ ਸੇਵਾ ਕਰਕੇ ਬਹਾਦੁਰੀ ਪੁਰਸਕਾਰ ਹਾਸਲ ਕਰਦਾ ਰਿਹਾ ਪਰ ਦੂਜੇ ਪਾਸੇ ਆਪਣੀ ਬੇਟੀ ਦੀ ਮੌਤ ਦਾ ਕਾਰਨ ਬਣੇ ਵਿਭਾਗ ਦੇ ਅਧਿਕਾਰੀਆਂ ਤੋਂ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ।
ਇਸ ਮੌਕੇ ਮ੍ਰਿਤਕ ਮੋਨਿਕਾ ਦੇ ਪਿਤਾ ਗੋਵਿੰਦਰ ਸਿੰਘ, ਮਾਤਾ ਰਜਵੰਤ ਕੌਰ ਅਤੇ ਭਰਾ ਕਰਨ ਜੋਹਨ ਨੇ ਦੱਸਿਆ ਕਿ ਉਨ੍ਹਾਂ ਨੇ ਹਾਈ ਵੋਲਟੇਜ ਤਾਰਾਂ ਬਾਰੇ ਸ਼ਿਕਾਇਤ ਕਈ ਵਾਰ ਬਿਜਲੀ ਵਿਭਾਗ ਅਤੇ ਨਗਰ ਕੌਂਸਲ ਨੂੰ ਦਿੱਤੀ ਸੀ। ਇਸ ਮੌਕੇ ਨੈਸ਼ਨਲ ਐੱਸ. ਸੀ. ਕਮਿਸ਼ਨ ਦੇ ਖੇਤਰੀ ਡਾਇਰੈਕਟਰ ਰਾਜਕੁਮਾਰ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇਗਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਸਾਜ਼ਿਸ਼ਕਾਰੀਆਂ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇ : ਸਿਮਰਨਜੀਤ ਸਿੰਘ ਮਾਨ
NEXT STORY