ਲੁਧਿਆਣਾ(ਰਿਸ਼ੀ, ਮਹੇਸ਼)- 4 ਮਹੀਨੇ ਪਹਿਲਾਂ ਦੋਸਤ ਦੀ ਲੜਾਈ 'ਚ ਇਕੱਠੇ ਹੋਏ 6 ਨੌਜਵਾਨ ਦੋਸਤ ਬਣ ਗਏ ਅਤੇ ਚੋਰੀ, ਸਨੈਚਿੰਗ ਕਰਨ ਲਈ ਆਪਣਾ ਗਿਰੋਹ ਬਣਾ ਲਿਆ। ਸ਼ਾਤਿਰਾਂ ਨੇ ਗੁੜ ਮੰਡੀ ਤੋਂ ਖਿਡੌਣਾ ਪਿਸਤੌਲ ਖਰੀਦ ਕੇ ਥਾਣਾ ਮੋਤੀ ਨਗਰ, ਥਾਣਾ ਡਵੀਜ਼ਨ ਨੰ. 7 ਅਤੇ 3 ਤੇ ਬਸਤੀ ਜੋਧੇਵਾਲ ਦੇ ਇਲਾਕੇ 'ਚ 4 ਮਹੀਨਿਆਂ 'ਚ 40 ਵਾਰਦਾਤਾਂ ਨੂੰ ਅੰਜਾਮ ਦਿੱਤਾ। ਸੀ. ਆਈ. ਏ.-2 ਦੀ ਪੁਲਸ ਨੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ 2 ਫਰਾਰ ਹਨ। ਇਸ ਗੱਲ ਦਾ ਖੁਲਾਸਾ ਏ. ਡੀ. ਸੀ. ਪੀ. ਕ੍ਰਾਈਮ ਸਤਨਾਮ ਸਿੰਘ ਤੇ ਸੀ. ਆਈ. ਏ.-2 ਇੰਚਾਰਜ ਇੰਸਪੈਕਟਰ ਪ੍ਰੇਮ ਸਿੰਘ ਨੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਲਵਦੀਪ ਸਿੰਘ (22), ਬਲਜਿੰਦਰ ਸਿੰਘ (18), ਲਵਜੋਤ ਸਿੰਘ (23), ਅਰਜਨ (18) ਅਤੇ ਫਰਾਰ ਦੀ ਪਛਾਣ ਰਾਹੁਲ ਤੇ ਆਸ਼ੂ ਸ਼ਰਮਾ ਦੇ ਰੂਪ ਵਿਚ ਹੋਈ। ਪੁਲਸ ਨੇ ਇਨ੍ਹਾਂ ਨੂੰ ਪਿੰਡ ਗਹਿਲੇਵਾਲ ਕੋਲੋਂ ਗ੍ਰਿਫਤਾਰ ਕਰ ਕੇ ਚੋਰੀਸ਼ੁਦਾ 7 ਮੋਟਰਸਾਈਕਲ, 80 ਹਜ਼ਾਰ ਕੈਸ਼, 15 ਮੋਬਾਇਲ, ਇਕ ਖਿਡੌਣਾ ਪਿਸਤੌਲ ਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਪੁਲਸ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਦੌਰਾਨ ਗੰਭੀਰਤਾ ਨਾਲ ਪੁੱਛਗਿੱਛ ਕਰੇਗੀ।
ਨਵੇਂ ਕੱਪੜੇ ਪਾਉਣ ਦੇ ਸ਼ੌਕ ਨੇ ਬਣਾਇਆ ਸਨੈਚਰ
ਪੁਲਸ ਅਨੁਸਾਰ ਫੜੇ ਗਏ ਦੋਸ਼ੀਆਂ 'ਚੋਂ 2 ਭਰਾ ਹਨ। ਇਨ੍ਹਾਂ 'ਚ ਕੋਈ ਵੀ ਨਸ਼ਾ ਨਹੀਂ ਕਰਦਾ, ਲਵਦੀਪ ਅਤੇ ਬਲਜਿੰਦਰ 'ਤੇ ਪਹਿਲਾਂ ਵੀ ਲੜਾਈ-ਝਗੜੇ ਅਤੇ ਲੁੱਟ-ਖੋਹ ਦੇ ਕੇਸ ਦਰਜ ਹਨ। ਲੁੱਟ ਕਰ ਕੇ ਜੋ ਵੀ ਨਕਦੀ ਸਾਰਿਆਂ ਦੇ ਹਿੱਸੇ ਆਉਂਦੀ, ਉਸ ਦੇ ਨਵੇਂ ਕੱਪੜੇ ਖਰੀਦ ਲਿਆਉਂਦੇ, ਸਾਰੇ ਨਵੇਂ ਕੱਪੜੇ ਪਹਿਨਣ ਦੇ ਸ਼ੌਕੀਨ ਹਨ ਅਤੇ ਇਸ ਦੇ ਲਈ ਵਾਰਦਾਤਾਂ ਕਰਦੇ ਹਨ।
ਪਹਿਲਾਂ ਚੋਰੀ ਕੀਤੇ ਮੋਟਰਸਾਈਕਲ, ਫਿਰ ਕੀਤੀ ਸਨੈਚਿੰਗ
ਪੁਲਸ ਅਨੁਸਾਰ ਇਨ੍ਹਾਂ ਵੱਲੋਂ ਪਹਿਲਾਂ ਸੁਭਾਨੀ ਬਿਲਡਿੰਗ, ਸੀ. ਐੱਮ. ਸੀ. ਅਤੇ ਹੋਰ ਜਗ੍ਹਾ ਮੋਟਰਸਾਈਕਲ ਚੋਰੀ ਕੀਤੇ ਗਏ, ਫਿਰ ਉਨ੍ਹਾਂ ਰਾਹੀਂ ਵਾਰਦਾਤਾਂ ਕਰਨ ਲੱਗ ਪਏ। 7 ਮੋਟਰਸਾਈਕਲ ਚੋਰੀ ਦੇ ਹਨ। ਹਰ ਵਾਰ ਸਨੈਚਿੰਗ ਕਰਨ ਤੋਂ ਪਹਿਲਾਂ ਮੋਟਰਸਾਈਕਲ ਬਦਲਦੇ ਸਨ।
ਬਸਤੀ ਜੋਧੇਵਾਲ ਦੀ ਬਹੁ-ਚਰਚਿਤ ਲੁੱਟ ਦੀਆਂ ਵਾਰਦਾਤਾਂ ਹੱਲ
ਗਿਰੋਹ ਦੇ ਫੜੇ ਜਾਣ ਤੋਂ ਬਾਅਦ ਬੀਤੇ ਦਿਨੀਂ ਬਸਤੀ ਜੋਧੇਵਾਲ ਦੇ ਇਲਾਕੇ 'ਚ ਹੋਈਆਂ 2 ਬਹੁ-ਚਰਚਿਤ ਲੁੱਟ ਦੀਆਂ ਵਾਰਦਾਤਾਂ ਵੀ ਹੱਲ ਹੋਈਆਂ ਹਨ। ਇਸ ਗਿਰੋਹ ਵੱਲੋਂ 16 ਅਕਤੂਬਰ ਨੂੰ ਸਕੂਟਰ ਸਵਾਰ ਤੋਂ 2 ਲੱਖ 10 ਹਜ਼ਾਰ ਤੇ 13 ਅਕਤੂਬਰ ਨੂੰ ਕਾਕੋਵਾਲ ਰੋਡ 'ਤੇ 1 ਲੱਖ 15 ਹਜ਼ਾਰ ਦੀ ਲੁੱਟ ਕੀਤੀ ਗਈ ਸੀ।
1 ਮੋਟਰਸਾਈਕਲ 'ਤੇ ਕਰਦੇ ਸਨ ਰੇਕੀ
ਇੰਸਪੈਕਟਰ ਪ੍ਰੇਮ ਅਨੁਸਾਰ ਜਦ ਵੀ ਕੋਈ ਵਾਰਦਾਤ ਕਰਨੀ ਹੁੰਦੀ ਸੀ ਤਾਂ ਸਾਰੇ 6 ਦੋਸਤ ਇਕੱਠੇ 3 ਮੋਟਰਸਾਈਕਲਾਂ 'ਤੇ ਜਾਂਦੇ, 1 ਮੋਟਰਸਾਈਕਲ 'ਤੇ ਬੈਠੇ 2 ਦੋਸਤ ਰੇਕੀ ਕਰ ਕੇ ਜਾਣਕਾਰੀ ਦਿੰਦੇ, ਜਿਸ ਤੋਂ ਬਾਅਦ ਹੋਰ ਦੋਵੇਂ ਮੋਟਰਸਾਈਕਲਾਂ 'ਤੇ ਸਵਾਰ ਨੌਜਵਾਨ ਵਾਰਦਾਤ ਕਰ ਕੇ ਫਰਾਰ ਹੋ ਜਾਂਦੇ।
ਪੁਲਸ ਨੇ ਕੀਤੇ 17 ਕੇਸ ਹੱਲ
ਪੁਲਸ ਅਨੁਸਾਰ ਗਿਰੋਹ ਵੱਲੋਂ ਕੀਤੀਆਂ ਗਈਆਂ ਵਾਰਦਾਤਾਂ 'ਚ ਥਾਣਾ ਡਵੀਜ਼ਨ ਨੰ. 7 'ਚ 6 ਮਾਮਲੇ, ਥਾਣਾ ਮੋਤੀ ਨਗਰ 'ਚ 7 ਮਾਮਲੇ ਅਤੇ ਥਾਣਾ ਬਸਤੀ ਜੋਧੇਵਾਲ 'ਚ 2 ਅਤੇ ਥਾਣਾ ਡਵੀਜ਼ਨ ਨੰ. 3 ਦੇ 2 ਮਾਮਲੇ ਹੱਲ ਹੋਏ ਹਨ, ਜਦਕਿ ਹੋਰ ਵਾਰਦਾਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਹਾਦਸੇ 'ਚ ਮਜ਼ਦੂਰ ਦੀ ਮੌਤ
NEXT STORY