ਜਲੰਧਰ(ਪ੍ਰੀਤ)- ਬੈਂਕਾਂ ਦੇ ਏ. ਟੀ. ਐੱਮਜ਼ 'ਚ ਕੈਸ਼ ਲੋਡ ਕਰਨ ਵਾਲੀ ਕੰਪਨੀ ਨੂੰ 1 ਕਰੋੜ ਰੁਪਏ ਤੋਂ ਵੱਧ ਦਾ ਚੂਨਾ ਲਾ ਕੇ ਭੱਜੇ ਨੌਜਵਾਨ ਨੂੰ ਆਰਥਿਕ ਅਪਰਾਧ ਸ਼ਾਖਾ ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਨੀਰਜ ਕੁਮਾਰ ਨੇ ਕੰਪਨੀ ਨੂੰ 1 ਕਰੋੜ 5 ਲੱਖ ਰੁਪਏ ਦਾ ਚੂਨਾ ਲਾਇਆ। ਉਸ ਕੋਲੋਂ ਬਰਾਮਦਗੀ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਕਮਿਸ਼ਨਰੇਟ ਦੀ ਆਰਥਿਕ ਅਪਰਾਧ ਸ਼ਾਖਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬ੍ਰਿੰਕਸ ਇੰਡੀਆ ਕੰਪਨੀ ਦੇ ਅਸਿਸਟੈਂਟ ਆਪ੍ਰੇਸ਼ਨ ਮੈਨੇਜਰ ਪ੍ਰਿੰਸ ਕੁਮਾਰ ਨੇ ਕੁਝ ਮਹੀਨੇ ਪਹਿਲਾਂ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੀ ਕੰਪਨੀ ਦਾ ਮੁਲਾਜ਼ਮ ਨੀਰਜ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਅਰਜਨ ਨਗਰ ਲੰਮਾ ਪਿੰਡ ਚੌਕ ਕੰਪਨੀ ਨੂੰ 1 ਕਰੋੜ 5 ਲੱਖ ਦਾ ਚੂਨਾ ਲਾ ਕੇ ਫਰਾਰ ਹੋ ਗਿਆ ਹੈ। ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਆਰਥਿਕ ਅਪਰਾਧ ਸ਼ਾਖਾ ਦੇ ਏ. ਐੱਸ. ਆਈ. ਰਾਜੇਸ਼ ਕੁਮਾਰ ਵੱਲੋਂ ਕੀਤੀ ਗਈ। ਜਾਂਚ ਤੋਂ ਬਾਅਦ ਮੁਲਜ਼ਮ ਖਿਲਾਫ 5 ਜੁਲਾਈ ਨੂੰ ਧਾਰਾ 408 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਗਿਆ। ਬੀਤੇ ਦਿਨ ਪੁਲਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਮੁਲਜ਼ਮ ਨੀਰਜ ਕੁਮਾਰ ਨੂੰ ਗ੍ਰਿਫਤਾਰ ਕਰ ਕੇ 2 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।
ਕੰਪਨੀ ਤੋਂ ਵੱਧ ਰੁਪਏ ਲੈਂਦਾ ਤੇ ਏ. ਟੀ. ਐੱਮ. 'ਚ ਲੋਡ ਕਰਦਾ ਘੱਟ
ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਕਿ ਬ੍ਰਿੰਕਸ ਇੰਡੀਆ ਕੰਪਨੀ ਕੋਲ ਕਈ ਬੈਂਕਾਂ ਦੇ ਏ. ਟੀ. ਐੱਮਜ਼ ਵਿਚ ਕੈਸ਼ ਲੋਡ ਕਰਨ ਦਾ ਠੇਕਾ ਹੈ। ਨੀਰਜ ਕੁਮਾਰ ਕੰਪਨੀ ਕੋਲ ਕਰੀਬ ਸਵਾ 2 ਸਾਲ ਤੋਂ ਕੰਮ ਕਰ ਰਿਹਾ ਸੀ, ਉਸ ਦੀ ਡਿਊਟੀ ਏ. ਟੀ. ਐੱਮ. ਮਸ਼ੀਨ ਵਿਚ ਰੁਪਏ ਲੋਡ ਕਰਨ ਦੀ ਸੀ। ਕੰਪਨੀ ਵੱਲੋਂ ਏ. ਟੀ. ਐੱਮ. ਵਿਚ ਲੋਡ ਕਰਨ ਲਈ ਦਿੱਤੇ ਜਾਣ ਵਾਲੇ ਪੈਸਿਆਂ 'ਚੋਂ ਉਹ ਪੂਰੇ ਪੈਸੇ ਏ. ਟੀ. ਐੱਮ. ਵਿਚ ਲੋਡ ਨਹੀਂ ਕਰਦਾ ਸੀ, ਜੇਕਰ ਕੰਪਨੀ ਉਸ ਨੂੰ 20 ਲੱਖ ਰੁਪਏ ਕਿਸੇ ਏ. ਟੀ. ਐੱਮ. ਵਿਚ ਪਾਉਣ ਲਈ ਦਿੰਦੀ ਤਾਂ ਉਹ 15 ਲੱਖ ਰੁਪਏ ਹੀ ਏ. ਟੀ. ਐੱਮ. 'ਚ ਪਾਉਂਦਾ ਤੇ ਬਾਕੀ 5 ਲੱਖ ਰੁਪਏ ਨਾਲ ਐਸ਼ਪ੍ਰਸਤੀ ਕਰਦਾ ਪਰ ਜਦੋਂ ਚੈਕਿੰਗ ਦੀ ਵਾਰੀ ਆਉਂਦੀ ਤਾਂ ਦੂਜੇ ਏ. ਟੀ. ਐੱਮ. ਦੀ ਰਕਮ ਕੱਢ ਕੇ ਪਹਿਲੀ ਰਕਮ ਪੂਰੀ ਕਰ ਦਿੰਦਾ। ਕਈ ਮਹੀਨਿਆਂ ਤੱਕ ਇਹ ਠੱਗੀ ਚੱਲਦੀ ਰਹੀ ਪਰ ਕੰਪਨੀ ਦੇ ਰਿਕਾਰਡ 'ਚ ਆਖਿਰ ਚੋਰੀ ਫੜੀ ਗਈ। ਇੰਸਪੈਕਟਰ ਗੁਰਪ੍ਰੀਤ ਸਿੰਘ ਮੁਤਾਬਕ ਨੀਰਜ ਨੇ ਕੰਪਨੀ ਨੂੰ ਕਰੀਬ 1 ਕਰੋੜ 5 ਲੱਖ ਦਾ ਚੂਨਾ ਲਾਇਆ।
ਠੱਗੀ ਦੇ ਪੈਸਿਆਂ ਨਾਲ ਕੀਤੀ ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ ਤੇ ਨੇਪਾਲ 'ਚ ਐਸ਼
ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਕੰਪਨੀ ਨੂੰ 1 ਕਰੋੜ 5 ਲੱਖ ਦਾ ਚੂਨਾ ਲਾ ਕੇ ਨੀਰਜ ਕੁਮਾਰ ਜਲੰਧਰ ਤੋਂ ਫਰਾਰ ਹੋ ਗਿਆ। ਫੜੇ ਜਾਣ 'ਤੇ ਉਸ ਨੇ ਪੁੱਛਗਿੱਛ ਵਿਚ ਖੁਲਾਸਾ ਕੀਤਾ ਕਿ ਇਥੋਂ ਭੱਜਣ ਤੋਂ ਬਾਅਦ ਉਹ ਐਸ਼ਪ੍ਰਸਤੀ ਲਈ ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ ਤੇ ਨੇਪਾਲ ਵਿਚ ਘੁੰਮਦਾ ਰਿਹਾ। ਕਰੀਬ 3-4 ਮਹੀਨਿਆਂ ਤੱਕ ਉਸ ਨੇ ਇਨ੍ਹਾਂ ਦੇਸ਼ਾਂ 'ਚ ਜਾ ਕੇ ਖੂਬ ਐਸ਼ਪ੍ਰਸਤੀ ਕੀਤੀ।
ਗੁਰੂ ਨਾਨਕਪੁਰਾ ਰੇਲਵੇ ਫਾਟਕ 'ਤੇ ਟਰੇਨ ਦੀ ਲਪੇਟ ਵਿਚ ਆਈ ਔਰਤ ਦੀ ਮੌਤ
NEXT STORY