ਲੁਧਿਆਣਾ(ਮਹੇਸ਼)-ਬੜੇ ਹੀ ਯੋਜਨਾਬੱਧ ਤਰੀਕੇ ਨਾਲ ਫਲਾਂ ਦੇ ਬਹਾਨੇ ਨਸ਼ਾ ਸਮੱਗਲਿੰਗ ਦੇ ਨੈੱਟਵਰਕ ਦਾ ਭਾਂਡਾ ਭੰਨਦੇ ਹੋਏ ਜ਼ਿਲਾ ਪੁਲਸ ਨੇ ਜੰਮੂ-ਕਸ਼ਮੀਰ ਦੇ 2 ਫਲ ਕਾਰੋਬਾਰੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 106 ਕਿਲੋ ਚੂਰਾ-ਪੋਸਤ ਬਰਾਮਦ ਕੀਤਾ ਹੈ, ਜੋ ਕਿ ਫਲਾਂ ਦੀਆਂ ਪੇਟੀਆਂ ਵਿਚ ਪੈਕ ਕਰ ਕੇ ਜੰਮੂ ਅਤੇ ਕਸ਼ਮੀਰ ਤੋਂ ਪੰਜਾਬ ਲਿਆਂਦਾ ਗਿਆ ਸੀ। ਫੜੇ ਗਏ ਦੋਸ਼ੀਆਂ ਦੀ ਪਛਾਣ ਕੁਲਗਾਮ ਦੇ ਵਸੀਮ ਮੁਹੰਮਦ ਅਤੇ ਬਿਲਾਲ ਮੁਹੰਮਦ ਵਜੋਂ ਹੋਈ ਹੈ, ਜਿਨ੍ਹਾਂ ਨੂੰ ਪੁੱਛਗਿੱਛ ਲਈ 2 ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਪੁਲਸ ਨੇ ਪੁੱਛਗਿੱਛ ਲਈ ਕੁੱਝ ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿਚ ਲੈ ਰੱਖਿਆ ਹੈ, ਜਿਨ੍ਹਾਂ ਦੀ ਅਜੇ ਤੱਕ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ। ਇਸ ਸਬੰਧੀ ਥਾਣਾ ਸਦਰ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਸੁਖਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਸਮੱਗਲਰਾਂ ਨੂੰ ਪਿੰਡ ਝਾਂਡੇ ਕੋਲੋਂ ਕਾਬੂ ਕੀਤਾ ਗਿਆ, ਜਦੋਂ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਨ੍ਹਾਂ ਨੇ ਆਪਣੇ ਆਪ ਨੂੰ ਸੇਬ ਦੇ ਕਾਰੋਬਾਰੀ ਦੱਸਿਆ। ਉਦੋਂ ਇਨ੍ਹਾਂ ਕੋਲ ਤਿੰਨ ਪੇਟੀਆਂ ਸਨ। ਸ਼ੱਕ ਹੋਣ 'ਤੇ ਜਦੋਂ ਪੇਟੀਆਂ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ ਵਿਚੋਂ ਚੂਰਾ-ਪੋਸਤ ਬਰਾਮਦ ਹੋਇਆ, ਜਦੋਂਕਿ ਚੂਰਾ-ਪੋਸਤ ਨਾਲ ਭਰੀਆਂ 9 ਪੇਟੀਆਂ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਕਾਰਾਬਾਰਾ ਕੋਲੋਂ ਕੋਲਡ ਸਟੋਰ ਤੋਂ ਜ਼ਬਤ ਕੀਤੀਆਂ ਗਈਆਂ। ਬਰਾੜ ਨੇ ਦੱਸਿਆ ਕਿ ਪੁੱਛਗਿੱਛ ਵਿਚ ਦੋਸ਼ੀਆਂ ਨੇ ਆਪਣਾ ਜੁਰਮ ਕਬੂਲਦੇ ਹੋਏ ਖੁਲਾਸਾ ਕੀਤਾ ਕਿ ਫਰੂਟ ਦੀਆਂ ਪੇਟੀਆਂ ਨਾਲ ਇਹ ਚੂਰਾ-ਪੋਸਤ ਜੰਮੂ ਅਤੇ ਕਸ਼ਮੀਰ ਤੋਂ ਟਰੱਕ ਰਾਹੀਂ ਸਮੱਗਲਿੰਗ ਕਰ ਕੇ ਇਥੇ ਲਿਆਏ ਸਨ। ਇਥੇ ਲਿਆ ਕੇ ਇਨ੍ਹਾਂ ਨੇ ਪੇਟੀਆਂ ਨੂੰ ਕੋਲਡ ਸਟੋਰ ਵਿਚ ਸੁਰੱਖਿਅਤ ਰਖਵਾ ਦਿੱਤਾ। ਮੰਗ ਮੁਤਾਬਕ ਇਹ ਸਟੋਰ ਤੋਂ ਪੇਟੀਆਂ ਚੁੱਕ ਕੇ ਅੱਗੇ ਵੇਚ ਦਿਆ ਕਰਦੇ ਸਨ। ਸੂਤਰਾਂ ਦਾ ਕਹਿਣਾ ਹੈ ਕਿ ਇਹ ਨਸ਼ਾ ਸਮੱਗਲਰ 20 ਪੇਟੀਆਂ ਲੈ ਕੇ ਆਏ ਸਨ।
3.4 ਮਿਲੀਮੀਟਰ ਬਾਰਿਸ਼ ਨਾਲ ਹੀ ਸਮੋਗ ਦਾ ਕਹਿਰ ਹੋਇਆ ਖਤਮ
NEXT STORY