ਲੁਧਿਆਣਾ(ਰਾਮ)-ਲੋਕਾਂ ਦੇ ਏ. ਟੀ. ਐੱਮ. ਕਾਰਡ ਧੋਖੇ ਨਾਲ ਬਦਲਕੇ ਜਾਂ ਖੋਹ ਕੇ ਖਾਤਿਆਂ 'ਚੋਂ ਲੱਖਾਂ ਰੁਪਏ ਕਢਵਾਉਣ ਵਾਲੇ ਦੋ ਨੌਸਰਬਾਜ਼ਾਂ ਨੂੰ ਥਾਣਾ ਜਮਾਲਪੁਰ ਦੀ ਪੁਲਸ ਨੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਿਨ੍ਹਾਂ ਦੇ ਕਬਜ਼ੇ 'ਚੋਂ ਪੁਲਸ ਨੇ ਵੱਖ-ਵੱਖ ਬੈਂਕਾਂ ਦੇ ਕਰੀਬ 41 ਏ. ਟੀ. ਐੱਮ. ਕਾਰਡ, ਇਕ ਹਜ਼ਾਰ ਦੀ ਨਕਦੀ ਅਤੇ ਇਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈ। ਉਕਤ ਦੋਵਾਂ ਨੌਸਰਬਾਜ਼ਾਂ ਖਿਲਾਫ ਬੀਤੀ 28 ਮਾਰਚ ਨੂੰ ਥਾਣਾ ਜਮਾਲਪੁਰ ਪੁਲਸ ਵੱਲੋਂ ਇਕ ਵਿਅਕਤੀ ਦਾ ਏ. ਟੀ. ਐੱਮ. ਕਾਰਡ ਖੋਹ ਕੇ 1 ਲੱਖ ਰੁਪਏ ਦੀ ਨਕਦੀ ਕਢਵਾਉਣ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਸਬੰਧੀ 'ਚ ਜਾਣਕਾਰੀ ਦਿੰਦੇ ਹੋਏ ਥਾਣਾ ਜਮਾਲਪੁਰ ਦੇ ਇੰਚਾਰਜ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਵੇਂ ਨੌਸਰਬਾਜ਼ਾਂ ਦੀ ਪਛਾਣ ਅੰਕੁਸ਼ ਕੁਮਾਰ ਉਰਫ ਕਾਲੀ ਪੁੱਤਰ ਪ੍ਰਦੀਪ ਕੁਮਾਰ ਵਾਸੀ ਜੈਨ ਕਾਲੋਨੀ, ਡਾਬਾ ਰੋਡ, ਲੁਧਿਆਣਾ ਹਾਲ ਵਾਸੀ ਡਰੀਮ ਸਿਟੀ, ਸਾਹਨੇਵਾਲ ਅਤੇ ਵਿਨੇ ਕੁਮਾਰ ਪੁੱਤਰ ਮੋਹਣ ਲਾਲ ਵਾਸੀ ਸੁਰਜੀਤ ਕਾਲੋਨੀ, ਨੇੜੇ ਹਨੂਮਾਨ ਮੰਦਰ, ਭਾਮੀਆਂ ਖੁਰਦ ਲੁਧਿਆਣਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਨੌਸਰਬਾਜ਼ ਵੱਖ-ਵੱਖ ਬੈਂਕਾਂ ਦੇ ਏ. ਟੀ. ਐੱਮਜ਼ 'ਤੇ ਜਾ ਕੇ ਭੋਲੇ-ਭਾਲੇ ਲੋਕਾਂ ਦੇ ਧੋਖੇ ਨਾਲ ਕਾਰਡ ਬਦਲ ਕੇ ਜਾਂ ਫਿਰ ਖੋਹ ਕੇ ਉਨ੍ਹਾਂ ਦੇ ਖਾਤਿਆਂ 'ਚੋਂ ਨਕਦੀ ਕਢਵਾ ਲੈਂਦੇ ਸਨ। ਜਿਨ੍ਹਾਂ ਨੇ ਕੁੱਝ ਦਿਨ ਪਹਿਲਾਂ ਅਰਬਨ ਅਸਟੇਟ, ਫੇਸ-2 ਦੇ ਰਹਿਣ ਵਾਲੇ ਰਾਮ ਸ਼ਰਨ ਸਿੰਘ ਪੁੱਤਰ ਬਾਬੂ ਲਾਲ ਤੋਂ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਕਾਰਡ ਖੋਹ ਕੇ ਇਕ ਲੱਖ ਰੁਪਏ ਦੀ ਨਕਦੀ ਕਢਵਾਈ ਸੀ।
ਇਕ ਭਗੌੜਾ, ਦੂਜਾ ਜ਼ਮਾਨਤ 'ਤੇ ਆਇਆ ਬਾਹਰ
ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਮੁੱਖ ਦੋਸ਼ੀ ਅੰਕੁਸ਼ ਕੁਮਾਰ ਏ. ਟੀ. ਐੱਮ. ਕਾਰਡਾਂ ਦੀ ਠੱਗੀ ਦੇ ਦੋ ਵੱਖ-ਵੱਖ ਮਾਮਲਿਆਂ 'ਚ ਭਗੌੜਾ ਹੈ, ਜਿਸ ਦੇ ਖਿਲਾਫ ਬਸਤੀ ਜੋਧੇਵਾਲ ਅਤੇ ਸਲੇਮ ਟਾਬਰੀ ਥਾਣੇ 'ਚ ਦੋ ਮੁਕੱਦਮੇ ਦਰਜ ਹਨ। ਜਿਨ੍ਹਾਂ 'ਚ ਉਹ ਕਰੀਬ 4 ਮਹੀਨੇ ਜੇਲ 'ਚ ਰਹਿ ਕੇ ਜ਼ਮਾਨਤ 'ਤੇ ਬਾਹਰ ਆਇਆ ਅਤੇ ਫਿਰ ਅਦਾਲਤ 'ਚ ਹਾਜ਼ਰ ਨਹੀਂ ਹੋਇਆ, ਜਿਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਉਸ ਦਾ ਦੂਸਰਾ ਸਾਥੀ ਵਿਨੇ ਕੁਮਾਰ ਵੀ ਗੈਂਬਲਿੰਗ ਐਕਟ ਤਹਿਤ ਖੰਨਾ ਥਾਣੇ 'ਚ ਦਰਜ ਦੋ ਮਾਮਲਿਆਂ 'ਚ ਨਾਮਜ਼ਦ ਹੈ, ਜੋ ਲਗਭਗ 3 ਮਹੀਨੇ ਜੇਲ 'ਚ ਰਹਿ ਕੇ ਆਇਆ ਹੈ।
ਚਾਰ ਦਰਜਨ ਦੇ ਕਰੀਬ ਵਾਰਦਾਤਾਂ ਕਬੂਲੀਆਂ
ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਜਿੱਥੇ ਉਕਤ ਦੋਸ਼ੀਆਂ ਨੇ ਜਮਾਲਪੁਰ, ਮੂੰਡੀਆਂ ਕਲਾਂ, ਫੋਰਟਿਸ ਹਸਪਤਾਲ, ਸੁੰਦਰ ਨਗਰ, ਗਿਆਸਪੁਰਾ, ਫੋਕਲ ਪੁਆਇੰਟ, ਈਸ਼ਵਰ ਨਗਰ ਅਤੇ ਸਾਹਨੇਵਾਲ 'ਚ 9 ਮੁੱਖ ਵਾਰਦਾਤਾਂ ਮੰਨੀਆਂ ਹਨ, ਉਥੇ ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ 30-40 ਵਾਰਦਾਤਾਂ ਕਰਨੀਆਂ ਕਬੂਲੀਆਂ ਹਨ। ਪੁਲਸ ਵੱਲੋਂ ਦੋਵਾਂ ਖਿਲਾਫ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਪਤਨੀ ਤੋਂ ਪ੍ਰੇਸ਼ਾਨ ਪਤੀ ਨੇ ਕੀਤੀ ਆਤਮ-ਹੱਤਿਆ ਦੀ ਕੋਸ਼ਿਸ਼
NEXT STORY