ਜਲੰਧਰ(ਮ੍ਰਿਦੁਲ, ਜਤਿੰਦਰ)—ਵਟਸਐਪ ਅਤੇ ਫੇਸਬੁੱਕ 'ਤੇ ਪਿਛਲੇ ਦੋ ਦਿਨਾਂ ਤੋਂ ਇਕ ਮੈਸੇਜ ਵਾਇਰਲ ਹੋਇਆ ਹੈ, ਜਿਸ ਵਿਚ ਇੰਦਰਪ੍ਰਸਥ ਮੁਹੱਲੇ ਦੇ ਰਹਿਣ ਵਾਲੇ ਅਸ਼ੋਕ ਸ਼ਰਮਾ (ਪੁਨੀਤ ਪ੍ਰਿੰਟਿੰਗ ਪ੍ਰੈੱਸ) ਦੇ ਨਾਂ ਦਾ ਕੁਝ ਸ਼ਰਾਰਤੀ ਅਨਸਰਾਂ ਨੇ ਗਲਤ ਇਸਤੇਮਾਲ ਕਰ ਕੇ ਭਗਵਾਨ ਵਾਲਮੀਕਿ ਸਮਾਜ ਖਿਲਾਫ ਕਾਫੀ ਅਪਸ਼ਬਦ ਬੋਲੇ ਹਨ, ਜਿਸ ਕਾਰਨ ਭਗਵਾਨ ਵਾਲਮੀਕਿ ਸਮਾਜ ਵਿਚ ਕਾਫੀ ਰੋਸ ਹੈ ਪਰ ਅਸਲ ਵਿਚ ਇਹ ਮੈਸੇਜ 2008 ਦਾ ਹੈ, ਜਿਸ ਨੂੰ ਲੈ ਕੇ ਪੁਲਸ ਨੇ ਉਸੇ ਵੇਲੇ ਪਰਚਾ ਦਰਜ ਕਰ ਕੇ 2 ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਸੀ। ਅੱਜ ਵੀ ਪੁਲਸ ਨੇ ਦੁਬਾਰਾ ਇਸ ਮੈਸੇਜ ਦੇ ਵਾਇਰਲ ਹੋਣ 'ਤੇ ਇਕ ਐੱਫ. ਆਈ. ਆਰ. ਦਰਜ ਕਰ ਲਈ ਹੈ ਕਿਉਂਕਿ ਇਸ ਮੈਸੇਜ ਦੇ ਗਲਤ ਤਰੀਕੇ ਨਾਲ ਵਾਇਰਲ ਹੋਣ ਕਾਰਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਵਟਸਐਪ ਗਰੁੱਪ ਵਿਚ ਪ੍ਰੈੱਸ ਰਿਲੀਜ਼ ਭੇਜ ਕੇ ਏ. ਸੀ. ਪੀ. ਦੀਪਿਕਾ ਸਿੰਘ ਨੇ ਕਿਹਾ ਕਿ ਪੁਲਸ ਦੇ ਨੋਟਿਸ ਵਿਚ ਵਟਸਐਪ ਅਤੇ ਸੋਸ਼ਲ ਮੀਡੀਆ 'ਤੇ ਇਕ ਪੰਫਲੇਟ ਦੀ ਫੋਟੋ ਵਾਇਰਲ ਹੋਈ ਹੈ ਜੋ ਕਿ ਪੁਨੀਤ ਪ੍ਰਿੰਟਿੰਗ ਪ੍ਰੈੱਸ ਦੇ ਮਾਲਕ ਅਸ਼ੋਕ ਸ਼ਰਮਾ ਦੀ ਹੈ, ਜਿਸ ਵਿਚ ਭਗਵਾਨ ਵਾਲਮੀਕਿ ਸਮਾਜ ਖਿਲਾਫ ਅਪਸ਼ਬਦ ਲਿਖੇ ਹਨ ਅਤੇ ਜਿਸ ਦੇ ਅਖੀਰ ਵਿਚ ਅਸ਼ੋਕ ਸ਼ਰਮਾ ਦਾ ਨਾਂ ਲਿਖਿਆ ਹੈ। ਇਹ ਫੋਟੋ ਹੁਣ ਦੁਬਾਰਾ ਦੋ ਦਿਨ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੈ। ਜਿਵੇਂ ਹੀ ਜਲੰਧਰ ਪੁਲਸ ਨੂੰ ਇਸ ਗੱਲ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਐਕਸ਼ਨ ਵਿਚ ਆ ਗਈ। ਉਨ੍ਹਾਂ ਦੱਸਿਆ ਕਿ ਇਹ ਵਾਇਰਲ ਮੈਸੇਜ ਜਿਸ ਵਿਚ ਪੰਫਲੇਟ 'ਤੇ ਭਗਵਾਨ ਵਾਲਮੀਕਿ ਸਮਾਜ ਖਿਲਾਫ ਅਪਸ਼ਬਦ ਬੋਲੇ ਗਏ ਹਨ। 2008 ਵਿਚ ਵੀ ਵਾਇਰਲ ਹੋਇਆ ਸੀ। ਉਸ ਵੇਲੇ ਅਸ਼ੋਕ ਸ਼ਰਮਾ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਸੀ ਪਰ ਬਾਅਦ ਵਿਚ ਪੁਲਸ ਜਾਂਚ ਵਿਚ ਉਨ੍ਹਾਂ ਨੂੰ ਕਲੀਨ ਚਿੱਟ ਵੀ ਦੇ ਦਿੱਤੀ ਗਈ ਸੀ ਅਤੇ ਦੋ ਦੋਸ਼ੀ ਜਿਨ੍ਹਾਂ ਦਾ ਇਸ ਸਾਰੀ ਸਾਜ਼ਿਸ਼ ਪਿੱਛੇ ਹੱਥ ਸੀ, ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਹ ਸਭ ਉਕਤ ਦੋਸ਼ੀਆਂ ਨੇ ਉਸ ਫੇਕ ਪੰਫਲੇਟ ਦਾ ਗਲਤ ਇਸਤੇਮਾਲ ਅਸ਼ੋਕ ਸ਼ਰਮਾ ਨੂੰ ਬਦਨਾਮ ਅਤੇ ਬਦਲਾ ਲੈਣ ਲਈ ਕੀਤਾ ਸੀ। ਹੁਣ ਦੁਬਾਰਾ ਇਸ ਪੋਸਟ ਦਾ ਵਾਇਰਲ ਹੋਣਾ ਮਾਹੌਲ ਵਿਗਾੜਨ ਵੱਲ ਇਸ਼ਾਰਾ ਕਰ ਰਿਹਾ ਹੈ ਕਿਉਂਕਿ ਇਸ ਪੋਸਟ ਨੂੰ ਕੁਝ ਸੰਸਥਾਵਾਂ ਵਲੋਂ 2 ਅਪ੍ਰੈਲ ਨੂੰ ਹੋਣ ਵਾਲੇ ਭਾਰਤ ਬੰਦ ਨਾਲ ਵੀ ਜੋੜਿਆ ਜਾ ਰਿਹਾ ਹੈ। ਜਲੰਧਰ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਵਾਸੀ ਇਸ ਭੜਕਾਊ ਮੈਸੇਜ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸ਼ਰਮਨਾਕ ਹਰਕਤ ਦੇ ਖਿਲਾਫ ਖੜ੍ਹੇ ਹੋਣ ਅਤੇ ਇਸ ਤਰ੍ਹਾਂ ਦੇ ਮੈਸੇਜ ਦਾ ਵਿਰੋਧ ਕਰਨ ਅਤੇ ਸ਼ਹਿਰ ਵਿਚ ਅਮਨ ਸ਼ਾਂਤੀ ਬਣਾਈ ਰੱਖਣ। ਇਸ ਮੈਸੇਜ ਦੇ ਵਾਇਰਲ ਹੋਣ 'ਤੇ ਪੀੜਤ ਅਸ਼ੋਕ ਸ਼ਰਮਾ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਉਨ੍ਹਾਂ ਦਾ ਨਾਂ ਗਲਤ ਤਰੀਕੇ ਨਾਲ ਇਸਤੇਮਾਲ ਕਰ ਕੇ ਉਨ੍ਹਾਂ ਦਾ ਨਾਂ ਇਸ ਭੜਕਾਊ ਮੈਸੇਜ ਨਾਲ ਜੋੜਿਆ ਜਾ ਰਿਹਾ ਹੈ, ਜਦਕਿ ਇਹ ਸਭ ਝੂਠ ਹੈ ਅਤੇ ਉਹ ਹਰ ਧਰਮ ਦਾ ਆਦਰ ਅਤੇ ਸਤਿਕਾਰ ਕਰਦੇ ਹਨ। ਇਸਦੇ ਨਾਲ ਇਸ ਤਰ੍ਹਾਂ ਦੇ ਮਾੜੇ ਅਤੇ ਸ਼ਰਮਨਾਕ ਕਾਰਜ ਦੀ ਸਖ਼ਤ ਨਿੰਦਾ ਕਰਦੇ ਹਨ। ਉਨ੍ਹਾਂ ਦਾ ਇਸ ਮੈਸੇਜ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਥੋਂ ਇਹ ਸਪੱਸ਼ਟ ਹੁੰਦਾ ਹੈ ਕਿ ਕੋਈ ਵੀ ਇਨਸਾਨ ਜੇਕਰ ਕਿਸੇ ਧਰਮ ਦੀ ਨਿੰਦਾ ਕਰਦਾ ਹੈ, ਜਾਂ ਕਿਸੇ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਾਉਂਦਾ ਹੈ ਤਾਂ ਉਹ ਆਪਣਾ ਨਾਂ ਅਤੇ ਪਤਾ ਕਿਉਂ ਪ੍ਰਕਾਸ਼ਿਤ ਕਰੇਗਾ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਤਰ੍ਹਾਂ ਦੇ ਝੂਠੇ ਮੈਸੇਜ 'ਤੇ ਵਿਸ਼ਵਾਸ ਨਾ ਕਰਨ।
ਜਲੰਧਰ ਦੇ ਵਪਾਰੀ ਨਾਲ ਕੁੱਟਮਾਰ, ਹਥਿਆਰਾਂ ਦੀ ਨੋਕ 'ਤੇ ਲੁੱਟੇ 90 ਹਜ਼ਾਰ
NEXT STORY