ਜਲੰਧਰ— ਜ਼ਿਆਦਾਤਰ ਹੁਣ ਤੱਕ ਏ. ਟੀ. ਐੱਮ. ਕਟਰ ਗਿਰੋਹ ਹੀ ਪੁਲਸ ਦੀਆਂ ਮੁਸ਼ਕਿਲਾਂ ਵਧਾ ਰਹੇ ਸਨ ਪਰ ਹੁਣ ਸਰਵਿਸ ਏਜੰਸੀਆਂ ਦੇ ਮੁਲਾਜ਼ਮ ਵੀ ਪੁਲਸ ਨੂੰ ਚੁਣੌਤੀ ਦੇ ਰਹੇ ਹਨ। ਅਜਿਹੇ ਹੀ ਇਕ ਮਾਮਲੇ 'ਚ ਵੱਖ-ਵੱਖ ਬੈਂਕਾਂ ਤੋਂ ਕੈਸ਼ ਲੈ ਕੇ ਏ. ਟੀ. ਐੱਮ. 'ਚ ਲੋਡ ਕਰਨ ਦਾ ਕੰਮ ਕਰਨ ਵਾਲੀ ਦਿੱਲੀ ਦੀ ਸਰਵਿਸ ਏਜੰਸੀ ਦਾ ਇਕ ਮੁਲਾਜ਼ਮ ਪ੍ਰਾਈਵੇਟ ਬੈਂਕਾਂ ਦੇ 47 ਲੱਖ 85 ਹਜ਼ਾਰ ਰੁਪਏ ਲੈ ਕੇ ਭੱਜ ਗਿਆ। ਉਹ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਚੱਲ ਰਿਹਾ ਹੈ। ਸਰਵਿਸ ਕੰਪਨੀ ਵੱਲੋਂ ਕੇਸ ਦਰਜ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਨਵੀਂ ਦਿੱਲੀ ਦੇ ਜਨਕਪੁਰੀ ਸਥਿਤ ਬ੍ਰਿੰਕਸ ਇੰਡੀਆ ਪ੍ਰਾਈਵੇਟ ਲਿਮਟਿਡ ਸਰਵਿਸ ਏਜੰਸੀ ਨੇ ਪ੍ਰਾਈਵੇਟ ਬੈਂਕਾਂ ਤੋਂ ਕੈਸ਼ ਲੈ ਕੇ ਏ. ਟੀ. ਐੱਮ. 'ਚ ਲੋਡ ਕਰਨ ਦਾ ਟਾਈਅਪ ਕੀਤਾ ਹੋਇਆ ਹੈ, ਜਿਸ ਦਾ ਪੰਜਾਬ ਹੈੱਡਕੁਆਰਟਰ ਚੰਡੀਗੜ੍ਹ 'ਚ ਹੈ। ਜਲੰਧਰ 'ਚ ਨਿੱਜੀ ਬੈਂਕਾਂ ਦੇ ਏ. ਟੀ. ਐੱਮ. 'ਚ ਕੈਸ਼ ਲੋਡਿੰਗ ਦਾ ਕੰਮ ਅਸਿਸਟੈਂਟ ਮੈਨੇਜਰ ਆਪਰੇਸ਼ਨਸ ਪ੍ਰਿੰਸ ਕੁਮਾਰ ਦੇਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਠੱਗੀ ਨੂੰ ਉਨ੍ਹਾਂ ਦੀ ਏਜੰਸੀ 'ਚ ਕੰਮ ਕਰਨ ਵਾਲੇ ਪਿੰਡ ਲੰਬਾ ਪਿੰਡ ਦੇ ਅਰਜੁਨ ਨਗਰ ਦੇ ਰਹਿਣ ਵਾਲੇ ਨੀਰਜ ਕੁਮਾਰ ਨੇ ਬੜੀ ਹੀ ਚਲਾਕੀ ਨਾਲ ਅੰਜਾਮ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ 3 ਜੁਲਾਈ ਨੂੰ ਨੀਰਜ ਅਤੇ ਇਕ ਹੋਰ ਮੁਲਾਜ਼ਮ ਦੇ ਰੂਟ ਨੰਬਰ-3 'ਤੇ 24 ਏ. ਟੀ. ਐੱਮ. ਕੈਸ਼ ਲੋਡ ਕਰਨ ਦੀ ਡਿਊਟੀ ਸੀ। ਇਸੇ ਦਿਨ ਸਵੇਰੇ ਨੀਰਜ ਨੇ ਫੋਨ ਕਰਕੇ ਕਿਹਾ ਕਿ ਉਸ ਦੇ ਕਿਸੇ ਰਿਸ਼ਤੇਦਾਰ ਦੀ ਮੌਤ ਹੋਣ ਦੇ ਕਾਰਨ ਉਹ ਅੱਜ ਕੰਮ 'ਤੇ ਨਹੀਂ ਆ ਪਾਵੇਗਾ। ਡਿਊਟੀ 'ਤੇ ਨਾ ਆਉਣ ਕਾਰਨ ਕੁਝ ਘੰਟੇ ਬਾਅਦ ਉਸ ਨੇ ਆਪਣਾ ਆਈ ਕਾਰਡ ਅਤੇ ਹੋਰ ਸਾਮਾਨ ਕਿਸੇ ਆਪਣੇ ਦੇ ਹੱਥੀਂ ਐਕਸਿਸ ਬੈਂਕ ਦੇ ਗਾਰਡ ਕੋਲ ਜਮ੍ਹਾ ਕਰਵਾ ਦਿੱਤਾ। ਫੋਨ ਕਾਲ ਤੋਂ ਬਾਅਦ ਆਏ ਸਾਮਾਨ ਗਾਰਡ ਨੂੰ ਸੌਂਪਣ ਵਿੱਚਕਾਰ ਦੇ ਸਮੇਂ ਦੌਰਾਨ ਉਹ ਬੈਂਕਾਂ ਤੋਂ ਏ. ਟੀ. ਐੱਮ. 'ਚ ਕੈਸ਼ ਭਰਨ ਦੇ ਲਈ ਲੈ ਚੁੱਕਾ ਸੀ। ਜਦੋਂ ਏਜੰਸੀ ਦੀ ਇੰਟਰਨਲ ਆਡਿਟ ਟੀਮ ਨੇ ਉਕਤ ਰੂਟ 'ਤੇ 17 ਏ. ਟੀ. ਐੱਮ. ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ 'ਚੋਂ 47 ਲੱਖ 85 ਹਜ਼ਾਰ ਰੁਪਏ ਗਾਇਬ ਸਨ, ਜੋ ਉਸ ਨੇ ਬੈਂਕਾਂ ਤੋਂ ਲਏ ਸਨ ਪਰ ਮਸ਼ੀਨਾਂ 'ਚ ਨਹੀਂ ਪਾਏ ਸਨ। ਇਸ ਤੋਂ ਬਾਅਦ ਨੀਰਜ ਨੂੰ ਫੋਨ ਕੀਤਾ ਗਿਆ ਪਰ ਉਸ ਦਾ ਫੋਨ ਬੰਦ ਸੀ। ਇਸ 'ਚ ਬੱਸ ਸਟੈਂਡ ਦੀ ਇੰਡਸ ਇੰਡ ਬੈਂਕ ਦੀ ਬਰਾਂਚ ਦੇ 15 ਲੱਖ ਰੁਪਏ ਅਤੇ ਮਕਸੂਦਾਂ 'ਚ ਐਕਸਿਸ ਬੈਂਕ ਬਰਾਂਚ ਦੇ 32 ਲੱਖ 85 ਹਜ਼ਾਰ ਰੁਪਏ ਹਨ। ਇਸ ਤੋਂ ਬਾਅਦ ਨੀਰਜ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ। ਅਗਲੀ ਕਾਰਵਾਈ ਲਈ ਆਰਥਿਕ ਅਪਰਾਧ ਸ਼ਾਖਾ ਨੂੰ ਟਰਾਂਸਫਰ ਕੀਤਾ ਗਿਆ ਹੈ।
ਉਥੇ ਹੀ ਬਰਾਂਚ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਾਂਚ 'ਚ ਸਾਹਮਣੇ ਆਇਆ ਹੈ ਕਿ ਨੀਰਜ ਪਹਿਲਾਂ ਵੀ ਏ. ਟੀ. ਐੱਮ. 'ਚ ਕੈਸ਼ ਲੋਡਿੰਗ ਦੌਰਾਨ ਕਈ ਘਪਲੇ ਕਰ ਚੁੱਕਾ ਹੈ। ਕੁਝ ਮਹੀਨੇ ਪਹਿਲਾਂ ਹੀ ਉਸ ਨੇ ਇਕ ਏ. ਟੀ. ਐੱਮ. 'ਚ 10 ਹਜ਼ਾਰ ਅਤੇ ਦੂਜੀ ਵਾਰ 20 ਹਜ਼ਾਰ ਰੁਪਏ ਘੱਟ ਲੋਡ ਕੀਤੇ ਸਨ ਪਰ ਕੰਪਨੀ ਨੇ ਉਸ 'ਤੇ ਕੋਈ ਐਕਸ਼ਨ ਨਹੀਂ ਲਿਆ। ਉਸ ਦੀ ਕਾਰਗੁਜ਼ਾਰੀ ਢਾਈ ਸਾਲ ਤੋਂ ਹੀ ਠੀਕ ਨਹੀਂ ਸੀ। 10 ਹਜ਼ਾਰ ਰੁਪਏ ਮਹੀਨੇ ਦੀ ਤਨਖਾਹ 'ਤੇ ਕੰਮ ਕਰਦਾ ਸੀ ਅਤੇ ਉਸ ਦਾ ਵਿਆਹ ਅਪ੍ਰੈਲ 'ਚ ਹੋਇਆ ਸੀ।
ਅਣਪਛਾਤੇ ਵਿਅਕਤੀਆਂ ਨੇ ਰਾਤ ਨੂੰ ਸ਼ਟਰ ਦਾ ਜਿੰਦਰਾ ਤੋੜ ਕੇ ਘਟਨਾ ਨੂੰ ਦਿੱਤਾ ਅੰਜਾਮ
NEXT STORY