ਸਾਹਨੇਵਾਲ (ਬਲਜੀਤ) - ਸਾਹਨੇਵਾਲ ਦੇ ਭਰੇ ਬਾਜ਼ਾਰ ਇਲਾਕੇ ਵਿੱਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐੱਮ. ਅੰਦਰ ਦਿਨ-ਦਿਹਾੜੇ ਪਿਸਤੌਲ ਦੀ ਨੋਕ ’ਤੇ ਡੇਢ ਲੱਖ ਰੁਪਏ ਲੁੱਟਣ ਦੀ ਕਥਿਤ ਕੋਸ਼ਿਸ਼ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।
ਪੀੜਤ ਦੀ ਸੂਝ-ਬੂਝ ਅਤੇ ਦਲੇਰੀ ਨਾਲ ਕਥਿਤ ਲੁੱਟ ਦੀ ਵਾਰਦਾਤ ਨਾਕਾਮ ਰਹੀ, ਜਦਕਿ ਹੱਥੋਪਾਈ ਅਤੇ ਰੌਲਾ ਪੈਣ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਕਥਿਤ ਮੁਲਜ਼ਮ ਨੂੰ ਮੌਕੇ ’ਤੇ ਹੀ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ। ਘਟਨਾ ਦੌਰਾਨ ਏਟੀਐਮ ਦਾ ਸ਼ੀਸ਼ਾ ਵੀ ਟੁੱਟ ਗਿਆ। ਜਾਣਕਾਰੀ ਅਨੁਸਾਰ ਇਹ ਘਟਨਾ 25 ਅਗਸਤ ਦੀ ਸ਼ਾਮ ਕਰੀਬ 6 ਵਜੇ ਬੱਸ ਅੱਡਾ ਸਾਹਨੇਵਾਲ ਨੇੜੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਵਿੱਚ ਵਾਪਰੀ।
ਵਾਰਡ ਨੰਬਰ 11, ਗਣਪਤੀ ਕਲੋਨੀ, ਸਾਹਨੇਵਾਲ ਦੇ ਵਾਸੀ ਅਤੇ ਭਾਜਪਾ ਆਗੂ ਮਹਿੰਦਰ ਕੁਮਾਰ ਕਰੀਬ 1 ਲੱਖ 50 ਹਜ਼ਾਰ ਰੁਪਏ ਦੀ ਪੇਮੈਂਟ ਜਮ੍ਹਾਂ ਕਰਵਾਉਣ ਲਈ ਏ.ਟੀ.ਐੱਮ. ਗਿਆ ਸੀ। ਪੀੜਤ ਮਹਿੰਦਰ ਕੁਮਾਰ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਜਦੋਂ ਉਹ ਕੈਸ਼ ਜਮ੍ਹਾਂ ਕਰਵਾਉਣ ਦੀ ਤਿਆਰੀ ਕਰ ਰਿਹਾ ਸੀ ਤਾਂ ਇੱਕ ਅਣਪਛਾਤਾ ਵਿਅਕਤੀ ਪਿੱਛੋਂ ਏਟੀਐਮ ਅੰਦਰ ਦਾਖਲ ਹੋਇਆ ਤੇ ਕਥਿਤ ਤੌਰ ’ਤੇ ਉਸ ਦੇ ਢਿੱਡ ’ਤੇ ਪਿਸਤੌਲ ਤਾਣ ਦਿੱਤਾ। ਕਥਿਤ ਮੁਲਜ਼ਮ ਨੇ ਉਸ ਨੂੰ ਪੈਸਿਆਂ ਵਾਲਾ ਬੈਗ ਸੌਂਪਣ ਤੇ ਸਾਰੀ ਰਕਮ ਆਪਣੇ ਬੈਗ ਵਿੱਚ ਪਾਉਣ ਲਈ ਕਿਹਾ ਪਰ ਮਹਿੰਦਰ ਕੁਮਾਰ ਨੇ ਹਿੰਮਤ ਨਾ ਹਾਰਦਿਆਂ ਕਥਿਤ ਮੁਲਜ਼ਮ ਦਾ ਵਿਰੋਧ ਕੀਤਾ।
ਦੋਵਾਂ ਵਿਚਾਲੇ ਹੋਈ ਹੱਥੋਪਾਈ ਦੌਰਾਨ ਕਥਿਤ ਮੁਲਜ਼ਮ ਦਾ ਸਿਰ ਏ.ਟੀ.ਐੱਮ. ਦੇ ਸ਼ੀਸ਼ੇ ਨਾਲ ਜਾ ਟਕਰਾਇਆ, ਜਿਸ ਕਾਰਨ ਸ਼ੀਸ਼ਾ ਟੁੱਟ ਗਿਆ ਅਤੇ ਉਹ ਜ਼ਖ਼ਮੀ ਹੋ ਗਿਆ। ਇਸੇ ਦੌਰਾਨ ਪੀੜਤ ਵੱਲੋਂ ਰੌਲਾ ਪਾਉਣ ’ਤੇ ਆਸ-ਪਾਸ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ ਤੇ ਕਥਿਤ ਮੁਲਜ਼ਮ ਨੂੰ ਕਾਬੂ ਕਰ ਲਿਆ।
ਸੂਚਨਾ ਮਿਲਣ ’ਤੇ ਸਾਹਨੇਵਾਲ ਪੁਲਸ ਮੌਕੇ ’ਤੇ ਪਹੁੰਚੀ ਅਤੇ ਕਥਿਤ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਸ ਵੱਲੋਂ ਉਸ ਕੋਲੋਂ ਇੱਕ ਪਿਸਤੌਲ ਬਰਾਮਦ ਕਰਨ ਦੀ ਜਾਣਕਾਰੀ ਮਿਲੀ ਹੈ। ਕਥਿਤ ਮੁਲਜ਼ਮ ਦੀ ਪਛਾਣ ਹਰਮਨਜੋਤ ਸਿੰਘ ਵਾਸੀ ਅਫਸਰ ਕਲੋਨੀ, ਮਲੇਰਕੋਟਲਾ ਰੋਡ, ਖੰਨਾ ਵਜੋਂ ਹੋਈ ਹੈ। ਸਾਹਨੇਵਾਲ ਪੁਲਸ ਨੇ ਮਾਮਲੇ ਸਬੰਧੀ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੁੱਟਾਂ-ਖੋਹਾਂ ਨੂੰ ਲੈ ਕੇ ਭਾਜਪਾ ਆਗੂਆਂ ਵਿਚ ਰੋਸ
ਦੂਜੇ ਪਾਸੇ ਸਾਹਨੇਵਾਲ ਇਲਾਕੇ ਵਿੱਚ ਲੁੱਟਾਂ-ਖੋਹਾਂ ਅਤੇ ਸਨੈਚਿੰਗ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਲੈ ਕੇ ਭਾਜਪਾ ਦੇ ਦਿਹਾਤੀ ਪ੍ਰਧਾਨ ਸਨੀ ਕੈਥ ਅਤੇ ਇਲਾਕਾ ਨਿਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਰੇ ਬਾਜ਼ਾਰ ਅਤੇ ਰੁਝੇਵੇਂ ਇਲਾਕੇ ਵਿੱਚ ਏਟੀਐਮ ਅੰਦਰ ਪਿਸਤੌਲ ਦੀ ਨੋਕ ’ਤੇ ਲੁੱਟ ਦੀ ਕੋਸ਼ਿਸ਼ ਹੋਣਾ ਸੁਰੱਖਿਆ ਪ੍ਰਬੰਧਾਂ ਅਤੇ ਪੁਲਿਸ ਗਸ਼ਤ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਭਾਜਪਾ ਦੇ ਦਿਹਾਤੀ ਪ੍ਰਧਾਨ ਸਨੀ ਕੈਥ ਨੇ ਦੋਸ਼ ਲਗਾਇਆ ਕਿ ਇਲਾਕੇ ਵਿੱਚ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਰਿਹਾ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਰਾਤ ਅਤੇ ਦਿਨ ਦੀ ਗਸ਼ਤ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਲੈ ਕੇ ਭਾਜਪਾ ਆਗੂਆਂ ਵੱਲੋਂ ਪੁਲਸ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਨੇਪਾਲ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਵਫ਼ਦ ਭੇਜਣ ਦਾ ਫ਼ੈਸਲਾ
NEXT STORY