ਅੰਮ੍ਰਿਤਸਰ (ਸਰਬਜੀਤ) : ਨੇਪਾਲ ਵਿੱਚ ਹਾਲ ਹੀ ਦੌਰਾਨ ਆਏ ਭਿਆਨਕ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਹਤ ਅਤੇ ਸਹਾਇਤਾ ਕਾਰਜਾਂ ਲਈ ਇੱਕ ਵਿਸ਼ੇਸ਼ ਵਫ਼ਦ ਨੇਪਾਲ ਭੇਜਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਕਾਠਮੰਡੂ ਸਥਿਤ ਸਿੱਖ ਮਿਸ਼ਨ ਤੋਂ ਮੁਢਲੀ ਰਿਪੋਰਟ ਲੈ ਕੇ ਤੁਰੰਤ ਵਫ਼ਦ ਭੇਜਣ ਦਾ ਫੈਸਲਾ ਕੀਤਾ ਹੈ। ਇਸ ਵਫ਼ਦ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਗੁਰਚਰਨ ਸਿੰਘ ਗਰੇਵਾਲ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਮੀਤ ਸਕੱਤਰ ਸ. ਆਜ਼ਾਦ ਦੀਪ ਸਿੰਘ ਨੂੰ ਭੇਜਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਕੁਦਰਤੀ ਆਫ਼ਤਾਂ ਸਮੇਂ ਹਮੇਸ਼ਾ ਮੋਹਰੀ ਹੋ ਕੇ ਮਨੁੱਖਤਾ ਦੀ ਸੇਵਾ ਕੀਤੀ ਹੈ। ਇਸ ਔਖੀ ਘੜੀ ਵਿੱਚ ਵੀ ਮਾਨਵਤਾ ਦੀ ਸੇਵਾ ਨੂੰ ਆਪਣਾ ਫ਼ਰਜ਼ ਸਮਝਦਿਆਂ ਪ੍ਰਭਾਵਿਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਚੰਨੀ ਤੇ ਰਾਜਾ ਵੜਿੰਗ ਦੀ ਗੁੱਟਬੰਦੀ ਨੇ ਹਲਕਾ ਸਮਰਾਲਾ ’ਚ ਵੀ ਕਾਂਗਰਸ ਕੀਤੀ ਦੋਫ਼ਾੜ
ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਮਨੁੱਖਤਾ ਦੀ ਸੇਵਾ ਦਾ ਦਿੱਤਾ ਸੰਦੇਸ਼ ਸਿੱਖ ਜੀਵਨ ਦਾ ਅਹਿਮ ਹਿੱਸਾ ਹੈ। ਕੁਦਰਤੀ ਆਫ਼ਤ ਕਿਸੇ ਧਰਮ, ਜਾਤ ਜਾਂ ਖਿੱਤੇ ਦੀ ਹੱਦ ਨਹੀਂ ਵੇਖਦੀ, ਇਸ ਲਈ ਦੁੱਖ ਦੀ ਇਸ ਘੜੀ ਵਿੱਚ ਪੀੜਤਾਂ ਦੇ ਨਾਲ ਖੜ੍ਹਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਨੇਪਾਲ ਵਿੱਚ ਹੜ੍ਹਾਂ ਕਾਰਨ ਵੱਡੀ ਗਿਣਤੀ ਵਿੱਚ ਲੋਕ ਪ੍ਰਭਾਵਿਤ ਹੋਏ ਹਨ ਅਤੇ ਕਈ ਪਰਿਵਾਰਾਂ ਨੂੰ ਜਾਨ-ਮਾਲ ਦਾ ਨੁਕਸਾਨ ਝੱਲਣਾ ਪਿਆ ਹੈ। ਅਜਿਹੇ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਭੇਜਿਆ ਜਾ ਰਿਹਾ ਵਫ਼ਦ ਸਥਾਨਕ ਹਾਲਾਤ ਦਾ ਜਾਇਜ਼ਾ ਲਵੇਗਾ ਤਾਂ ਜੋ ਲੋੜ ਅਨੁਸਾਰ ਰਾਹਤ ਸਮੱਗਰੀ ਭੇਜੀ ਜਾ ਸਕੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਇਹ ਉਪਰਾਲਾ ਕਿਸੇ ਇੱਕ ਭਾਈਚਾਰੇ ਤੱਕ ਸੀਮਤ ਨਹੀਂ ਹੋਵੇਗਾ, ਸਗੋਂ ‘ਸਰਬੱਤ ਦੇ ਭਲੇ’ ਦੀ ਭਾਵਨਾ ਤਹਿਤ ਹਰ ਲੋੜਵੰਦ ਤੱਕ ਸਹਾਇਤਾ ਪਹੁੰਚਾਉਣ ਦਾ ਯਤਨ ਕੀਤਾ ਜਾਵੇਗਾ। ਵਫ਼ਦ ਦੇ ਮੈਂਬਰ ਸਥਾਨਕ ਪ੍ਰਸ਼ਾਸਨ ਅਤੇ ਸੇਵਾ ਕਾਰਜਾਂ ਵਿੱਚ ਲੱਗੀਆਂ ਸੰਸਥਾਵਾਂ ਨਾਲ ਤਾਲਮੇਲ ਕਰਕੇ ਰਾਹਤ ਕਾਰਜਾਂ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਉਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਮੂਹ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਨੇਪਾਲ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਵੱਧ ਤੋਂ ਵੱਧ ਸਹਿਯੋਗ ਅਤੇ ਸੇਵਾ ਦੀ ਭਾਵਨਾ ਨਾਲ ਅੱਗੇ ਆਉਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਾਵਧਾਨ! ਵਾਹਨਾਂ ’ਤੇ ਨਕਲੀ ਨੰਬਰ ਲਗਾ ਕੇ ਮਹਾਨਗਰ ’ਚ ਘੁੰਮੇ ਤਾਂ ਹੋਵੇਗਾ ਕੇਸ ਦਰਜ
NEXT STORY