ਫਗਵਾੜਾ, (ਰੁਪਿੰਦਰ ਕੌਰ)- ਪਿਛਲੇ ਦਿਨੀਂ ਸਮੂਹ ਅਧਿਆਪਕ ਵਰਗ ਫਗਵਾੜਾ ਵੱਲੋਂ ਤਨਖਾਹਾਂ ਨਾ ਮਿਲਣ ਕਾਰਨ 16 ਦਿਨਾ ਲੜੀਵਾਰ ਭੁੱਖ ਹੜਤਾਲ ਕੀਤੀ ਗਈ ਸੀ । ਉਸ ਸਮੇਂ ਸੰਘਰਸ਼ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਵੱਲੋਂ 6 ਕਰੋੜ ਦਾ ਵਿਸ਼ੇਸ਼ ਬਜਟ ਜਾਰੀ ਕੀਤਾ ਗਿਆ ਸੀ । ਉਸ ਸਮੇਂ 16ਵੇਂ ਦਿਨ ਦੀ ਭੁੱਖ ਹੜਤਾਲ 'ਤੇ ਐੱਸ. ਡੀ. ਐੱਮ. ਫਗਵਾੜਾ ਜੋਤੀ ਬਾਲਾ ਮੱਟੂ ਪੁੱਜੇ ਸਨ ਤੇ ਭੁੱਖ ਹੜਤਾਲ ਖਤਮ ਕਰਵਾਈ ਸੀ । ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਸ ਸਮੇਂ ਉੱਚ ਅਧਿਕਾਰੀਆਂ ਨੂੰ ਇਕ ਹਫਤੇ ਵਿਚ ਬਾਕੀ ਦੀਆਂ ਤਨਖਾਹਾਂ ਜਾਰੀ ਕਰਨ ਦੀ ਸ਼ਰਤ ਤੇ ਅੰਸ਼ਿਕ ਤੌਰ 'ਤੇ ਭੁੱਖ ਹੜਤਾਲ ਖਤਮ ਕਰਨ ਦੀ ਗੱਲ ਕਹੀ ਸੀ ਪਰ ਅੱਜ ਤਕ ਕੋਈ ਕਾਰਵਾਈ ਨਾ ਹੁੰਦੀ ਦੇਖ ਮਜਬੂਰਨ ਅਧਿਆਪਕਾਂ ਨੂੰ ਅੱਜ ਬੀ. ਪੀ. ਈ. ਓ. ਦਫਤਰ ਅੱਗੇ ਧਰਨਾ ਦੇਣਾ ਪਿਆ । ਇਸ ਦੌਰਾਨ ਅਧਿਆਪਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਆਪਣੀ ਭੜਾਸ ਕੱਢੀ । ਸਮੂਹ ਅਧਿਆਪਕ ਵਰਗ ਇਹ ਮੰਗ ਕਰਦਾ ਹੈ ਕਿ ਸਭ ਤੋਂ ਪਹਿਲਾਂ ਸੈਲਰੀ ਬਜਟ ਐਡਵਾਂਸ ਵਿਚ ਜਾਰੀ ਕੀਤਾ ਜਾਵੇ, ਬ੍ਰਿਜ ਕੋਰਸ, ਅਧਿਆਪਕ ਤਬਾਦਲਾ ਨੀਤੀ 2018 ਅਧੀਨ ਸਕੂਲ ਵਿਚ 7 ਸਾਲ ਦੇ ਸਟੇਅ ਤੋਂ ਬਾਅਦ ਅਧਿਆਪਕਾਂ ਦੀ ਜਬਰੀ ਬਦਲੀ ਤੇ ਤਿੰਨ ਸਾਲਾਂ ਤੋਂ ਪਹਿਲਾਂ ਚਾਹਵਾਨ ਅਧਿਆਪਕਾਂ ਦੀ ਬਦਲੀ ਨਾ ਕਰਨ, ਨਸ਼ਿਆਂ ਵਿਰੋਧੀ ਡੇਪੋ ਡਿਊਟੀ, ਬੀ. ਐੱਲ. ਓ. ਡਿਊਟੀਆਂ ਆਦਿ ਡਿਊਟੀਆਂ ਤੁਰੰਤ ਰੱਦ ਕੀਤੀਆਂ ਜਾਣ, ਐੱਸ. ਐੱਸ. ਏ., ਰਮਸਾ, ਕੰਪਿਊਟਰ ਅਧਿਆਪਕ, 5178 ਅਧਿਆਪਕ, ਸਿੱਖਿਆ ਪ੍ਰੋਵਾਈਡਰ, ਈ. ਜੀ. ਐੱਸ., ਐੱਸ. ਟੀ. ਆਰ. ਆਦਿ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਪੂਰੇ ਤਨਖਾਹ ਸਕੇਲਾਂ ਸਮੇਤ ਸਿੱਖਿਆ ਵਿਭਾਗ ਵਿਚ ਰੈਗੂਲਰ ਕੀਤਾ ਜਾਵੇ ਤੇ ਮੋਹਾਲੀ ਪੁਲਸ ਵੱਲੋਂ ਅਧਿਆਪਕਾਂ 'ਤੇ ਕੀਤੇ ਗਏ ਪਰਚੇ ਤੁਰੰਤ ਵਾਪਸ ਲਏ ਜਾਣ । 31 ਮਾਰਚ ਤੋਂ ਪਹਿਲਾਂ ਸਾਰੇ ਸਕੂਲਾਂ ਵਿਚ ਕਿਤਾਬਾਂ ਦਾ ਪ੍ਰਬੰਧ ਕੀਤਾ ਜਾਵੇ । ਸ਼੍ਰੀ ਮੁਕਤਸਰ ਸਾਹਿਬ ਦੇ ਡੀ. ਈ. ਓ. ਵੱਲੋ ਬਿਨਾਂ ਕਿਸੇ ਕਾਰਨ ਰਾਜਪਾਲ ਬੀ. ਐੱਮ. ਟੀ. ਨੂੰ ਮੁਅੱਤਲ ਕਰਨ ਦੀ ਨਿੰਦਾ ਕੀਤੀ ਗਈ ਤੇ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਗਈ। ਅਧਿਆਪਕ ਵਰਗ ਵੱਲੋਂ ਅਧਿਆਪਕ ਤਬਾਦਲਾ ਨੀਤੀ, ਗੈਰ ਵਿੱਦਿਅਕ ਡਿਊਟੀਆਂ ਦੇ ਪੱਤਰਾਂ ਦੀਆਂ ਕਾਪੀਆਂ ਫੂਕੀਆਂ ਗਈਆਂ ।ਧਰਨੇ 'ਚ ਜਸਵੀਰ ਸੈਣੀ, ਅਜੈ ਕੁਮਾਰ, ਕਰਮ ਸਿੰਘ, ਦਲਜੀਤ ਸੈਣੀ, ਸੁਖਦੇਵ ਸਿੰਘ, ਸਤਵੰਤ ਟੂਰਾ, ਗੁਰਮੁੱਖ ਲੋਕਪ੍ਰੇਮੀ, ਤਜਿੰਦਰ ਸਿੰਘ, ਹੰਸ ਰਾਜ ਬੰਗੜ, ਜਗਦੀਸ਼ ਸਿੰਘ, ਗੌਰਵ ਰਾਠੌਰ, ਪਰਮਜੀਤ ਚੌਹਾਨ, ਰਾਣੀ, ਹਰਜਿੰਦਰ, ਕੁਲਵਿੰਦਰ ਕੌਰ, ਕਮਲ ਗੁਪਤਾ, ਜਸਵੀਰ ਲਾਲ, ਵਿਨੀਤਾ ਜੋਸ਼ੀ, ਰੋਹਿਨੀ, ਅਨੀਤਾ, ਮਨਿੰਦਰ ਕੌਰ, ਮਨਜੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ ।
ਭਾਜਪਾ ਕੌਂਸਲਰਾਂ ਨੇ ਹੀ ਲਾਏ ਨਿਗਮ 'ਚ ਹੋ ਰਹੇ ਘਪਲਿਆਂ ਦੇ ਸੰਗੀਨ ਦੋਸ਼
NEXT STORY