ਕਾਠਗੜ੍ਹ, (ਰਾਜੇਸ਼)- ਪਿੰਡ ਮਾਜਰਾ ਜੱਟਾਂ ਦੇ ਜੰਗਲ ਵਿਚ ਰਹਿ ਰਹੇ ਇਕ ਬਾਬੇ ਵੱਲੋਂ ਪਿੰਡ ਦੇ ਹੀ ਇਕ ਨੌਜਵਾਨ 'ਤੇ ਗੰਡਾਸੇ ਨਾਲ ਜਾਨਲੇਵਾ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਖਮੀ ਮਨਜਿੰਦਰ ਸਿੰਘ ਪੁੱਤਰ ਮੱਖਣ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਜੰਗਲ ਦੀ ਪੰਚਾਇਤੀ ਜਗ੍ਹਾ ਵਿਚ ਬਣਾਏ ਜਾ ਰਹੇ ਘਰ ਲਈ ਰੇਤਾ ਦੀ ਟਰਾਲੀ ਭਰਨ ਉਪਰੰਤ ਆਰਾਮ ਕਰ ਰਿਹਾ ਸੀ ਕਿ ਜੰਗਲ ਵਿਚ ਕਾਫੀ ਸਮੇਂ ਤੋਂ ਰਿਹਾਇਸ਼ ਬਣਾ ਕੇ ਰਹਿ ਰਹੇ ਇਕ ਬਾਬੇ ਨੇ ਅਚਾਨਕ ਉਸ 'ਤੇ ਗੰਡਾਸੇ ਨਾਲ ਹਮਲਾ ਕਰ ਦਿੱਤਾ। ਮੈਂ ਉਥੋਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਪਰਿਵਾਰ ਨੂੰ ਫੋਨ 'ਤੇ ਸੂਚਿਤ ਕੀਤਾ ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਇਲਾਜ ਕਰਵਾਇਆ। ਉਸ ਨੇ ਲਿਖਤੀ ਸ਼ਿਕਾਇਤ ਨਵਾਂਸ਼ਹਿਰ ਦੇ ਐੱਸ. ਐੱਸ. ਪੀ. ਨੂੰ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਬਾਬਾ ਜ਼ਿਆਦਾਤਰ ਨਸ਼ੇ ਦੀ ਹਾਲਤ ਵਿਚ ਰਹਿੰਦਾ ਹੈ। ਉਸ ਨੇ ਪਹਿਲਾਂ ਵੀ ਮਾਰਕੁੱਟ ਦੀਆਂ ਵਾਰਦਾਤਾਂ ਕੀਤੀਆਂ ਹਨ ਪਰ ਉਹ ਹਰ ਵਾਰ ਪੰਚਾਇਤ ਤੋਂ ਮੁਆਫੀ ਮੰਗ ਕੇ ਜਾਨ ਛੁਡਵਾ ਲੈਂਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਕਤ ਬਾਬਾ ਲੋਕਾਂ ਨੂੰ ਨਸ਼ੇ ਵੱਲ ਧੱਕ ਰਿਹਾ ਹੈ। ਉਸ ਦੀਆਂ ਅਜਿਹੀਆਂ ਵਾਰਦਾਤਾਂ ਕਰ ਕੇ ਹਰ ਪਿੰਡ ਵਾਸੀ ਜੰਗਲ ਵੱਲ ਜਾਣ ਤੋਂ ਡਰਦਾ ਹੈ। ਉਧਰ, ਥਾਣਾ ਕਾਠਗੜ੍ਹ ਦੇ ਮੁਨਸ਼ੀ ਨੇ ਕਿਹਾ ਕਿ ਇਸ ਸਬੰਧੀ ਪੂਰੀ ਤਫਤੀਸ਼ ਚੱਲ ਰਹੀ ਹੈ। ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ ਅਤੇ ਬਾਬੇ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੋ ਦਹਾਕੇ ਪਹਿਲਾਂ ਬਣਿਆ ਭੋਆ ਦਾ ਪਟਵਾਰਖਾਨਾ ਖਸਤਾ ਹਾਲ 'ਚ
NEXT STORY