ਧਰਮਕੋਟ (ਸਤੀਸ਼) - ਸਥਾਨਕ ਬੱਸ ਅੱਡਾ ਪਿਛਲੇ ਚਾਰ ਦਹਾਕਿਆਂ ਤੋਂ ਆਪਣੀ ਤਰਸਯੋਗ ਹਾਲਤ ’ਤੇ ਅੱਥਰੂ ਵਹਾਅ ਰਿਹਾ ਹੈ। ਕਈ ਸਰਕਾਰਾਂ ਗਈਆਂ ਤੇ ਕਈ ਆਈਆਂ ਪਰ ਕਿਸੇ ਵੀ ਸਰਕਾਰ ਨੇ ਇਸ ਬੱਸ ਅੱਡੇ ਦੀ ਹਾਲਤ ਸੁਧਾਰਨ ਵੱਲ ਕੋਈ ਧਿਆਨ ਨਹੀਂ ਦਿੱਤਾ। ਜ਼ਿਲੇ ਦੇ ਅਧਿਕਾਰੀਆਂ ਦਾ ਸ਼ਹਿਰ ਨਿਵਾਸੀਆਂ ਦੀ ਇਸ ਮੁੱਖ ਮੰਗ ਵੱਲ ਕਦੇ ਧਿਆਨ ਨਹੀਂ ਗਿਆ ਅਤੇ ਜ਼ਿਲਾ ਮੋਗਾ ਦਾ ਸਭ ਤੋਂ ਵੱਡਾ ਵਿਧਾਨ ਸਭਾ ਹਲਕਾ ਧਰਮਕੋਟ ਬੱਸ ਅੱਡੇ ਦੀ ਸਹੂਲਤ ਨੂੰ ਤਰਸ ਰਿਹਾ ਹੈ।
ਸਵਾਰੀਆਂ ਦੇ ਬੈਠਣ ਲਈ ਨਹੀਂ ਕੋਈ ਪ੍ਰਬੰਧ
ਸਥਾਨਕ ਬੱਸ ਅੱਡੇ ’ਤੇ ਸਵਾਰੀਆਂ ਦੇ ਬੈਠਣ ਲਈ ਕੋਈ ਵੀ ਪ੍ਰਬੰਧ ਨਹੀਂ ਹੈ। ਸਵਾਰੀਆਂ ਨੂੰ ਬੱਸਾਂ ਦਾ ਇੰਤਜ਼ਾਰ ਬਾਹਰ ਰੋਡ ’ਤੇ ਖਡ਼੍ਹੇ ਹੋ ਕੇ ਕਰਨਾ ਪੈਂਦਾ ਹੈ। ਮੀਂਹ ਦੌਰਾਨ ਤੇ ਗਰਮੀ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਸ ਅੱਡੇ ’ਤੇ ਜੋ ਸ਼ੈੱਡ ਬਣਿਆ ਹੈ ਉਸ ਦੀ ਹਾਲਤ ਵੀ ਖਸਤਾ ਹੈ।
ਨਹੀਂ ਹੈ ਕੋਈ ਚਾਰਦੀਵਾਰੀ
ਨਗਰ ਕੌਂਸਲ ਬੱਸ ਅੱਡੇ ਤੋਂ ਸਾਲਾਨਾ ਲੱਖਾਂ ਰੁਪਏ ਅੱਡਾ ਫੀਸ ਰਾਹੀਂ ਇਕੱਤਰ ਕਰਦੀ ਹੈ ਪਰ ਇਸ ਦੇ ਬਾਵਜੂਦ ਬੱਸ ਅੱਡੇ ’ਤੇ ਯਾਤਰੀਆਂ ਲਈ ਕੋਈ ਸਹੂਲਤ ਨਹੀਂ। ਬਲਦੇਵ ਸਿੰਘ ਦੇਬੀ, ਸਤਪਾਲ ਟੱਕਰ, ਇਕਬਾਲ ਸਿੰਘ, ਸਤਪਾਲ ਸਿੰਘ, ਪਾਲਾ ਸਿੰਘ ਆਦਿ ਨੇ ਦੱਸਿਆ ਕਿ ਬੱਸ ਅੱਡੇ ’ਤੇ ਸਟਾਫ ਦੇ ਬੈਠਣ ਲਈ ਵੀ ਕੋਈ ਕਮਰਾ ਨਹੀਂ ਅਤੇ ਨਾ ਹੀ ਪੀਣ ਲਈ ਕੋਈ ਪਾਣੀ ਦਾ ਪ੍ਰਬੰਧ ਹੈ, ਜੋ ਵਾਟਰ ਕੂਲਰ ਲੱਗਾ ਉਹ ਦਾਨੀ ਸੱਜਣ ਵੱਲੋਂ ਲਾਇਆ ਗਿਆ। ਉਨ੍ਹਾਂ ਕਿਹਾ ਕਿ ਬੱਸ ਅੱਡੇ ’ਤੇ ਕੋਈ ਵੀ ਗੇਟ ਨਹੀਂ, ਨਾ ਹੀ ਇਸ ਦੀ ਚਾਰਦੀਵਾਰੀ ਹੈ। ਨਗਰ ਕੌਂਸਲ ਯਾਤਰੀਆਂ ਦੀ ਸਹੂਲਤ ਲਈ ਬੱਸ ਅੱਡੇ ਦੀ ਹਾਲਤ ਨੂੰ ਸੁਧਾਰੇ।
ਬਾਥਰੂਮਾਂ ਨੂੰ ਲੱਗਾ ਰਹਿੰਦੈ ਜਿੰਦਰਾ
ਇਸ ਬੱਸ ਅੱਡੇ ’ਤੇ ਬਾਥਰੂਮਾਂ ਦਾ ਕੋਈ ਪ੍ਰਬੰਧ ਨਹੀਂ, ਜੋ ਬਾਥਰੂਮ ਬਣੇ ਹਨ ਉਹ ਬਹੁਤ ਦੂਰ ਬਣਾਏ ਗਏ ਹਨ ਅਤੇ ਉਨ੍ਹਾਂ ਨੂੰ ਵੀ ਅਕਸਰ ਜਿੰਦਰਾ ਲੱਗਾ ਰਹਿੰਦਾ ਹੈ।
ਬੱਸਾਂ ਸਡ਼ਕ ’ਤੇ ਖਡ਼੍ਹਨ ਕਾਰਨ ਹੁੰਦੇ ਹਨ ਹਾਦਸੇ
ਨਗਰ ਕੌਂਸਲ ਵੱਲੋਂ ਬੱਸ ਅੱਡੇ ਅੰਦਰ ਕੋਈ ਵੀ ਸਹੂਲਤ ਮੁਹੱਈਆ ਨਾ ਕਰਵਾਉਣ ਕਾਰਨ ਸਵਾਰੀਆਂ ਨੂੰ ਬਾਹਰ ਸਡ਼ਕ ’ਤੇ ਖਡ਼੍ਹ ਕੇ ਬੱਸਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ, ਜਿਸ ਕਾਰਨ ਕਈ ਵਾਰ ਹਾਦਸੇ ਹੋ ਚੁੱਕੇ ਹਨ ਅਤੇ ਕਈ ਜਾਨਾਂ ਜਾ ਚੁੱਕੀਆਂ ਹਨ ਪਰ ਨਗਰ ਕੌਂਸਲ ਦਾ ਇਸ ਵੱਲ ਕੋਈ ਧਿਆਨ ਨਹੀਂ।
ਕਾਰ ਸਿੱਖ ਰਹੀ ਕੁੜੀ ਨੇ ਮੋਟਰਸਾਈਕਲ ਨੂੰ ਮਾਰੀ ਟੱਰਕ, ਔਰਤ ਦੀ ਮੌਤ
NEXT STORY