ਨਾਭਾ (ਜੈਨ) - ਇਤਿਹਾਸਕ ਤੇ ਰਿਆਸਤੀ ਨਗਰੀ ਦੇ ਕੈਂਟ ਰੋਡ ਲਾਗੇ ਨਿਊ ਡਿਫੈਂਸ ਇਨਕਲੇਵ ਸਮੇਤ ਅਨੇਕਾਂ ਅਜਿਹੀਆਂ ਆਊਟਰ ਕਾਲੋਨੀਆਂ ਹਨ, ਜਿਥੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਨਹੀਂ ਮਿਲ ਰਹੀਆਂ। ਨਿਊ ਡਿਫੈਂਸ ਇਨਕਲੇਵ ਕਾਲੋਨੀ ਵੈੱਲਫੇਅਰ ਸੁਸਾਇਟੀ ਦੇ ਉਪ-ਪ੍ਰਧਾਨ ਪੰਡਿਤ ਲਲਿਤ ਸ਼ਰਮਾ ਨੇ ਗੁਰਦੀਪ ਸਿੰਘ, ਰਿਸ਼ਵ ਜਿੰਦਲ, ਸ਼ਿਵ ਕੁਮਾਰ, ਸ਼ਾਮ ਲਾਲ, ਯਸ਼ਪਾਲ ਸ਼ਰਮਾ ਤੇ ਹੋਰਨਾਂ ਅਹੁਦੇਦਾਰਾਂ ਦੀ ਮੌਜੂਦਗੀ ਵਿਚ ਦੱਸਿਆ ਕਿ ਕਾਲੋਨੀ 10 ਸਾਲ ਪਹਿਲਾਂ ਆਬਾਦ ਹੋਈ ਪਰ ਅਜੇ ਤੱਕ ਕੋਈ ਵੀ ਬੀ. ਐੈੱਲ. ਓ. ਤਾਇਨਾਤ ਨਹੀਂ ਕੀਤਾ ਗਿਆ। ਇਸ ਕਾਰਨ ਕਾਲੋਨੀ ਵਿਚ ਕੋਈ ਸਰਕਾਰੀ ਸਹੂਲਤ ਨਹੀਂ ਦਿੱਤੀ ਜਾਂਦੀ।
ਕਾਲੋਨੀ ਵਿਚ ਰਿਹਾਇਸ਼ੀ/ਕਮਰਸ਼ੀਅਲ ਉਸਾਰੀਆਂ ਬਿਨਾਂ ਨਕਸ਼ੇ ਦੇ ਧੜੱਲੇ ਨਾਲ ਹੋ ਰਹੀਆਂ ਹਨ। ਇਸ ਕਰ ਕੇ ਲੱਖਾਂ ਰੁਪਏ ਟੈਕਸ/ਫੀਸ ਦਾ ਨੁਕਸਾਨ ਸਰਕਾਰ ਨੂੰ ਹੋ ਰਿਹਾ ਹੈ। ਕਾਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ 6 ਮਹੀਨਿਆਂ ਤੋਂ ਸਾਨੂੰ ਬਿਜਲੀ ਦੇ ਬਿੱਲ ਵੀ ਨਹੀਂ ਆਏ। ਸਾਫ-ਸਫਾਈ ਤੇ ਸਟਰੀਟ ਲਾਈਟ ਆਦਿ ਦਾ ਪ੍ਰਬੰਧ ਵੈੱਲਫੇਅਰ ਕਮੇਟੀ ਵੱਲੋਂ ਕੀਤਾ ਜਾਂਦਾ ਹੈ। ਕਈ ਵਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ।
ਇੰਝ ਹੀ ਮੋਤੀ ਬਾਗ ਕਾਲੋਨੀ ਵਿਚ ਕਈ-ਕਈ ਮਹੀਨੇ ਬਿਜਲੀ ਬਿੱਲ ਨਹੀਂ ਆਏ। ਹੁਣ 6 ਮਹੀਨਿਆਂ ਬਾਅਦ ਜੁਰਮਾਨੇ ਲਾ ਦਿੱਤੇ ਗਏ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਸ਼ਹਿਰ ਵਿਚ ਲੋਕ ਪ੍ਰੇਸ਼ਾਨ ਹਨ। ਥਾਂ-ਥਾਂ ਗੰਦਗੀ ਫੈਲ ਰਹੀ ਹੈ ਪਰ ਅਧਿਕਾਰੀ ਕੋਈ ਧਿਆਨ ਨਹੀਂ ਦੇ ਰਹੇ। ਜੋਤਿਸ਼ ਅਚਾਰੀਆ ਓਮ ਪ੍ਰਕਾਸ਼ ਜੁਲਕਾਂ ਦਾ ਕਹਿਣਾ ਹੈ ਕਿ 68 ਲੱਖ ਰੁਪਏ ਗੰਦਗੀ, ਕੂੜਾ-ਕਰਕਟ ਚੁੱਕਣ ਲਈ ਪ੍ਰਾਈਵੇਟ ਠੇਕੇਦਾਰ ਨੂੰ ਹਰ ਸਾਲ ਅਦਾ ਕਰਨ ਦੇ ਬਾਵਜੂਦ ਲੋਕ ਨਰਕ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਕਾਲੋਨੀ ਵਾਸੀਆਂ ਅਤੇ ਵੈੱਲਫੇਅਰ ਸੁਸਾਇਟੀ ਨੇ ਲੋਕਲ ਪ੍ਰਸ਼ਾਸਨ ਨੂੰ ਅੰਦੋਲਨ ਲਈ 7 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਦੂਜੇ ਪਾਸੇ ਨਗਰ ਕੌਂਸਲ ਦੇ ਈ. ਓ. ਦਾ ਕਹਿਣਾ ਹੈ ਕਿ ਇਹ ਕਾਲੋਨੀ ਸਾਡੀ ਹਦੂਦ ਵਿਚ ਨਹੀਂ ਹੈ।
ਰਾਜਪੂਤ ਭਾਈਚਾਰੇ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ : ਪ੍ਰਨੀਤ ਕੌਰ
NEXT STORY