ਬਾਘਾ ਪੁਰਾਣਾ (ਚਟਾਨੀ): ਭਾਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਕਈ ਰਾਜਨੀਤਿਕ ਧਿਰਾਂ ਇਸ ਵੇਲੇ ਆਪਣੇ ਪਰ ਤੋਲਣ ਲਈ ਪੱਬਾਂ ਭਾਰ ਹਨ, ਪਰ ਆਮ ਆਦਮੀ ਪਾਰਟੀ ਇਸ ਵਾਰ ਵੱਡੀ ਤਿਆਰੀ ਲਈ ਕਮਰ ਕੱਸੀ ਬੈਠੀ ਹੈ। 2017 ਦੀਆਂ ਚੋਣਾਂ ਤੋਂ ਬਾਅਦ ਨਤੀਜੇ ਉਡੀਕਦੇ ਲੋਕਾਂ ਨੇ 'ਆਪ' ਦੀ ਸਰਕਾਰ ਬਣਨ ਦੀ ਵੱਡੀ ਆਸ ਲਾਈ ਹੋਈ ਸੀ, ਪਰ ਨਤੀਜਿਆਂ ਨੇ ਅਜਿਹੀ ਆਸ ਉਪਰ ਬੁਰੀ ਤਰ੍ਹਾਂ ਪਾਣੀ ਫੇਰ ਸੁੱਟਿਆ ਸੀ, ਪਰ 'ਆਪ' ਲਈ ਇਹ ਗੱਲ ਤਾਂ ਹੌਂਸਲੇ ਵਾਲੀ ਨਿਕਲੀ ਕਿ ਉਸਨੇ ਸੋ ਸਾਲ ਪੁਰਾਣੇ ਅਕਾਲੀ ਦਲ ਨੂੰ ਪਟਕ ਕੇ ਤੀਜੇ ਸਥਾਨ ਉਪਰ ਲਿਆ ਸੁੱਟਿਆ ਅਤੇ ਆਪ ਮੁੱਖ ਵਿਰੋਧੀ ਪਾਰਟੀ ਦਾ ਵੱਡਾ ਮਾਣ ਹਾਸਲ ਕਰਨ 'ਚ ਕਾਮਯਾਬ ਰਹੀ।
ਇਹ ਵੀ ਪੜ੍ਹੋ : ਦਿੱਲੀ 'ਚ 13 ਸਾਲਾ ਬੱਚੇ ਨਾਲ ਕੁਕਰਮ ਕਰ ਜਲੰਧਰ 'ਚ ਲੁਕਿਆ ਸੀ ਹਵਸੀ ਬਜ਼ੁਰਗ, ਇੰਝ ਖੁੱਲ੍ਹੀ ਪੋਲ
ਇਸ ਵਾਰ ਸਥਾਪਤੀ ਵਿਰੋਧੀ ਵੋਟ ਦੇ ਮੱਦੇਨਜ਼ਰ ਕਾਂਗਰਸ ਦੇ ਪਛੜੇਵੇਂ ਅਤੇ ਅਕਾਲੀ ਦਲ ਦੀ ਵੱਡੀ ਪਾਟੋਧਾੜ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਆਪਣੇ 2017 ਵਾਲੇ ਸੁਪਨੇ ਨੂੰ ਪੂਰਾ ਹੁੰਦਾ ਤੱਕ ਰਹੀ ਹੈ ਅਤੇ ਸਿਆਸੀ ਵਿਸ਼ਲੇਸ਼ਕ ਅਤੇ ਆਮ ਵੋਟਰ ਵੀ ਆਪ ਦੇ ਅੰਦਾਜ਼ਿਆਂ ਨੂੰ ਸਾਰਥਿਕ ਮੰਨੀ ਬੈਠੇ ਹਨ ਪਰ ਵਿਸ਼ਲੇਸ਼ਕ, ਆਮ ਆਦਮੀ ਪਾਰਟੀ ਵਲੋਂ ਕੀਤੀਆਂ ਗਈਆਂ ਪਿਛਲੀਆਂ ਗਲਤੀਆਂ ਦਾ ਡਰ ਮੁੜ ਮਨ ਵਿਚ ਬਿਠਾਈ ਬੈਠੇ ਹਨ। ਹੁਣ ਤੱਕ ਦੀਆਂ ਤਿਆਰੀਆਂ ਨੂੰ ਦੇਖਦਿਆਂ ਵਿਸ਼ਲੇਸ਼ਕਾਂ ਜਾਂ 'ਆਪ' ਨਾਲ ਮੋਹ ਰੱਖਣ ਵਾਲੇ ਲੋਕਾਂ ਨੂੰ ਸ਼ੰਕਾ ਹੈ ਕਿ ਉਮੀਦਵਾਰਾਂ ਦੀ ਚੋਣ ਵਾਲੀ ਗਲਤੀ ਮੁੜ ਦੁਹਰਾਈ ਜਾ ਸਕਦੀ ਹੈ। ਕਈ ਹਲਕੇ ਤਾਂ ਅਜਿਹੇ ਹਨ ਜਿਥੇ ਆਮ ਆਦਮੀ ਪਾਰਟੀ ਦੀਆਂ ਸਰਗਰਮੀਆਂ 2017 ਤੋਂ ਨਿਰੰਤਰ ਜਾਰੀ ਹਨ ਜਦਕਿ ਕਈ ਹਲਕੇ ਅਜਿਹੇ ਵੀ ਹਨ ਜਿਥੇ ਚੋਣਾਂ ਲੜਨ ਤੋਂ ਬਾਅਦ ਨਾ ਤਾਂ ਚੋਣ ਲੜ ਚੁੱਕਿਆਂ ਉਮੀਦਵਾਰ ਹੀ ਹਲਕੇ ਵਿਚ ਦਿਖਾਈ ਦਿੱਤਾ ਹੈ ਅਤੇ ਨਾ ਹੀ ਨਵਾਂ ਥਾਪਿਆ ਹਲਕਾ ਇੰਚਾਰਜ ਨੇ ਹੀ ਕੋਈ ਸਰਗਰਮੀ ਦਿਖਾਈ ਹੈ। ਸਥਾਨਕ ਹਲਕਾ ਬਾਘਾ ਪੁਰਾਣਾ ਤਾਂ ਹੁਣ ਤੱਕ ਅਸਲੋਂ ਸੁੰਨਾ ਹੀ ਚੱਲਿਆ ਆ ਰਿਹਾ ਹੈ ਜਦਕਿ ਇਸ ਹਲਕੇ ਵਿਚ ਆਮ ਆਦਮੀ ਪਾਰਟੀ ਦੀ ਵੋਟ ਪਹਿਲਾਂ ਨਾਲੋਂ ਵੀ ਵਧੀ ਹੈ। ਪਰ ਆਪ ਦੀਆਂ ਸਰਗਰਮੀਆਂ ਦੱਸਦੀਆਂ ਹਨ ਕਿ ਇਥੇ ਇਸ ਵਾਰ ਕਾਂਗਰਸ ਅਤੇ ਅਕਾਲੀ ਦਲ ਵਿਚ ਹੀ ਮੁੱਖ ਟੱਕਰ ਹੋ ਸਕਦੀ ਹੈ। ਲਗਭਗ 8 ਮਹੀਨੇ ਪਹਿਲਾਂ ਜਦ ਇਥੋਂ ਦੇ ਦੋ ਪ੍ਰਮੁੱਖ ਵਿਅਕਤੀਆਂ ਨੂੰ ਆਪ ਦੇ ਸੂਬਾ ਪੱਧਰੀ ਟ੍ਰੈਡਵਿੰਗ ਦੇ ਅਹੁਦੇਦਾਰ ਨਿਯੁਕਤ ਕੀਤਾ ਗਿਆ ਸੀ ਤਾਂ ਇਥੇ ਸੂਬਾ ਪ੍ਰਧਾਨ ਭਗਵੰਤ ਮਾਨ ਆਏ ਸਨ ਅਤੇ ਇਕ ਪੈਲੇਸ ਵਿਚ ਵੱਡਾ ਸਾਮਗਮ ਵੀ ਕੀਤਾ ਗਿਆ ਸੀ। ਪਰ ਉਸ ਪਿਛੋਂ ਇਥੇ ਕੋਈ ਸਰਗਰਮੀ ਦੇਖਣ ਨੂੰ ਨਹੀਂ ਮਿਲੀ। ਬਾਘਾ ਪੁਰਾਣਾ ਹਲਕੇ ਦੇ ਮੁਕਾਬਲੇ ਮੋਗਾ, ਨਿਹਾਲ ਸਿੰਘ ਵਾਲਾ, ਕੋਟਕਪੂਰਾ, ਧਰਮਕੋਟ ਅਤੇ ਫਰੀਦਕੋਟ ਆਦਿ ਅਜਿਹੇ ਹਲਕੇ ਹਨ, ਜਿਥੇ ਪਿਛਲੇ ਤਿੰਨ ਚਾਰ ਸਾਲਾਂ ਤੋਂ ਲੋਕ ਹਿੱਤੂ ਸਰਗਰਮੀਆਂ ਲਗਾਤਾਰ ਜਾਰੀ ਹਨ।
ਇਹ ਵੀ ਪੜ੍ਹੋ : ਰੂਹ ਕੰਬਾਊ ਵਾਰਦਾਤ: ਸਿਰਫ਼ਿਰੇ ਨੇ ਨਾਬਾਲਗ ਦੇ ਗੁਪਤ ਅੰਗ 'ਚ ਭਰੀ ਹਵਾ, ਮੌਤ
ਕਿਤੇ 'ਹਵਾ' ਦੀ ਨਾ ਨਿਕਲ ਜਾਵੇ ਹਵਾ
ਪਿਛਲੀਆਂ ਚੋਣਾਂ ਵੇਲੇ ਆਮ ਆਦਮੀ ਪਾਟੀ ਦੀ ਪੂਰੀ ਅਤੇ ਤੇਜ ਹਨ੍ਹੇਰੀ ਚੱਲ ਰਹੀ ਸੀ ਅਤੇ ਹਰੇਕ ਵੋਟਰ ਅਤੇ ਵਿਸ਼ਲੇਸ਼ਕ ਇਸ ਪਾਰਟੀ ਦੀ ਸਰਕਾਰ ਮੰਨੀ ਬੈਠਾ ਸੀ, ਇੱਥੋਂ ਤੱਕ ਕਿ ਕਾਂਗਰਸ ਵੀ ਇਸ ਸਬੰਧੀ ਪੂਰੀ ਤਰ੍ਹਾਂ ਸ਼ਸ਼ੋਪੰਜ ਵਿਚ ਹੀ ਸੀ। ਸੱਟਾ ਬਾਜ਼ਾਰ ਵੀ ਡੂੰਘੀ ਸੋਚ ਵਿਚ ਡੁੱਬਿਆ ਪਿਆ ਸੀ। ਭਾਵ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਅੰਦਾਜ਼ਾ ਤੱਕ ਨਹੀਂ ਸੀ ਲੱਗ ਰਿਹਾ ਪਰ ਨਤੀਜਿਆਂ ਨੇ ਆਪ ਦੀ ਹਵਾ ਦੀ ਹਵਾ ਕੱਢ ਦਿੱਤੀ ਸੀ। ਆਮ ਆਦਮੀ ਪਾਰਟੀ ਦੇ ਸ਼ੁਭਚਿੰਤਕ ਇਸ ਵਾਰ ਫਿਰ ਡਰੇ ਹੋਏ ਹਨ ਕਿ ਹਾਈ ਕਮਾਂਡ ਦੀ ਚੋਣ ਰਣਨੀਤੀ ਕਿਤੇ ਫਿਰ ਆਪ ਦੀ ਹਵਾ ਦੀ ਹਵਾ ਨਾ ਕਢਵਾ ਦੇਵੇ। ਸੋ ਇਸ ਵਾਰ ਪਿਛਲੀਆਂ ਗਲਤੀਆਂ ਦੇ ਦੁਹਰਾਤ ਤੋਂ ਬਚਿਆ ਜਾਣਾ ਬੇਹੱਦ ਜ਼ਰੂਰੀ ਹੈ।
ਇਹ ਵੀ ਪੜ੍ਹੋ : ਸੰਗਰੂਰ 'ਚ ਵੱਡੀ ਵਾਰਦਾਤ: ਟਿਕ-ਟਾਕ ਸਟਾਰ ਖ਼ੁਸ਼ੀ ਦਾ ਬੇਰਹਿਮੀ ਨਾਲ ਕਤਲ (ਵੀਡੀਓ)
ਅਜੇ ਵੀ ਕੁਝ ਨਹੀਂ ਵਿਗੜਿਆ ਡੁੱਲ੍ਹੇ ਬੇਰਾਂ ਦਾ
ਹਲਕਾ ਭਾਵੇਂ ਕੋਈ ਵੀ ਹੋਵੇ ਅਤੇ ਕਿਸੇ ਵੀ ਹਲਕੇ ਵਿਚਲੀ ਆਪ ਦੇ ਹੱਕ ਵਾਲੀ ਵੱਡੀ ਵੋਟ ਦੇ ਭੁਲੇਖੇ ਵਿਚ ਆਪ ਦੀ ਸਥਾਨਕ ਜਾਂ ਉਪਰਲੀ ਲੀਡਰਸ਼ਿੱਪ ਨੂੰ ਬਿਲਕੁੱਲ ਨਹੀਂ ਰਹਿਣਾ ਚਾਹੀਦਾ। ਸਗੋਂ ਆਪਣੇ ਆਗੂਆਂ, ਹਲਕਾਂ ਇੰਚਾਰਜਾਂ ਵਰਕਰਾਂ ਅਤੇ ਵਿਸ਼ਲੇਸ਼ਕਾਂ ਨੂੰ ਸਰਗਰਮ ਰੱਖਣਾ ਚਾਹੀਦਾ ਹੈ। ਭਾਵੇਂ ਕਈ ਹਲਕਿਆਂ ਵਿਚ ਹੁਣ ਤੱਕ ਦੀ ਕੋਈ ਸਰਗਰਮੀ ਨਜ਼ਰ ਨਹੀਂ ਆ ਰਹੀ, ਪਰ ਅਜੇ ਵੀ ਡੁੱਲੇ ਹੋਏ ਬੇਰਾਂ ਦਾ ਕੁਝ ਨਹੀਂ ਵਿਗੜਿਆ। ਜੇਕਰ ਬਿਨਾਂ ਦੇਰੀ ਹੁਣ ਵੀ ਲੋਕਾਂ ਨਾਲ ਤਾਲਮੇਲ ਵਧਾਉਣ, ਸਮਾਜਿਕ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਹੱਲ ਕਰਵਾਉਣ ਲਈ ਆਪ ਦੇ ਆਗੂ ਜਾਂ ਥਾਪੇ ਗਏ ਇੰਚਾਰਜ ਸਰਗਰਮੀ ਦਿਖਾਉਣ ਤਾਂ ਲੰਘੇ ਹੋਏ ਵੇਲੇ ਨੂੰ ਹੱਥ ਪਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆ ਦਾ ਗੱਭਰੂ ਪੁੱਤ
ਪਾਰਦਰਸ਼ੀ ਢੰਗ ਨਾਲ ਹੋਵੇ ਉਮੀਦਵਾਰ ਦੀ ਚੋਣ
ਚੰਗੀ ਪਹਿਚਾਣ, ਇਮਾਨਦਾਰ, ਮਿਹਨਤੀ, ਖਰਚਾ ਕਰਨ ਦੇ ਸਮਰਥ ਆਦਿ ਗੁਣ ਰੱਖਣ ਵਾਲੇ ਵਿਅਕਤੀ ਦੇ ਹੱਥ ਵਿਚ ਜ਼ਿੰਮੇਵਾਰੀ ਸੌਂਪਣੀ ਅਤੀ ਜ਼ਰੂਰੀ ਹੈ ਕਿਉਂਕਿ ਹਲਕੇ ਅੰਦਰ ਦੂਜੀਆਂ ਪਾਰਟੀਆਂ ਇਸ ਵਾਰ ਅਜਿਹੇ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰਨ ਲਈ ਯੋਜਨਾਵਾਂ ਉਲੀਕ ਰਹੀਆਂ ਹਨ ਅਤੇ ਅਜਿਹੇ ਆਗੂਆਂ ਦੇ ਮੁਕਾਬਲੇ ਲਈ ਆਪ ਦਾ ਕੋਈ ਸਮਰਥ ਉਮੀਦਵਾਰ ਹੀ ਮੈਦਾਨ ਵਿਚ ਹੋਣਾ ਜ਼ਰੂਰੀ ਹੈ। ਹਲਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪਾਰਟੀ ਕੋਲ ਅਜਿਹੇ ਉਮੀਦਵਾਰਾਂ ਦੀ ਕੋਈ ਘਾਟ ਨਹੀਂ ਪਰ ਚੋਣ ਕਰਨ ਵੇਲੇ ਸਿਫਾਰਿਸ਼ੀ ਜਾਂ ਕਿਸੇ ਹੋਰ ਕਿਸਮ ਦੇ ਅਮਲ ਤੋਂ ਦੂਰ ਰਹਿਣਾ ਜ਼ਰੂਰੀ ਹੋਵੇ ਭਾਵ ਕੇ ਪਾਰਦਰਸ਼ੀ ਢੰਗ ਨਾਲ ਹੀ ਉਮੀਦਵਾਰ ਦੀ ਚੋਣ ਹੋਣੀ ਚਾਹੀਦੀ ਹੈ। ਕੁੱਲ ਮਿਲਾ ਕੇ ਬਾਘਾ ਪੁਰਾਣਾ ਹਲਕੇ ਦੇ ਲੋਕਾਂ ਅਤੇ ਵਿਸ਼ੇਸ਼ ਕਰ ਕੇ ਆਮ ਆਦਮੀ ਪਾਰਟੀ ਦੇ ਸ਼ੁਭਚਿੰਤਕਾਂ ਅਤੇ ਵੋਟਰਾਂ ਨੇ ਆਪ ਦੀ ਸਿਖਰਲੀ ਲੀਡਰਸ਼ਿਪ ਨੂੰ ਹਲੂਣਦਿਆਂ ਕਿਹਾ ਕਿ ਉਹ ਇਸ ਹਲਕੇ ਅੰਦਰਲੀਆਂ ਸੁਸਤ ਚਾਲ ਵਾਲੀਆਂ, ਸਰਗਰਮੀਆਂ ਨੂੰ ਨੇੜਿਓਂ ਹੋ ਕੇ ਤੱਕੇ ਤਾਂ ਜੋ ਪਿਛਲੀਆਂ ਚੋਣਾਂ ਵਾਲੇ ਹੋਏ ਹਸਰ ਤੋਂ ਪਾਰਟੀ ਬਚ ਸਕੇ।
ਚੰਡੀਗੜ੍ਹ ਘੁੰਮਣ ਵਾਲੇ ਸੈਲਾਨੀਆਂ ਲਈ ਚੰਗੀ ਖ਼ਬਰ, ਫਿਰ ਤੋਂ ਖੁੱਲ੍ਹਣ ਜਾ ਰਿਹਾ 'ਰਾਕ ਗਾਰਡਨ'
NEXT STORY