ਬਾਘਾਪੁਰਾਣਾ (ਰਾਕੇਸ਼) - ਪਿੰਡ ਲੰਗੇਆਣਾ ਦੇ ਪ੍ਰਾਇਮਰੀ ਸਕੂਲ ਵਿਖੇ ਖੜੇ ਪਾਣੀ ਨੂੰ ਲੈ ਕੇ ਬੱਚਿਆਂ ਨੂੰ ਆ ਰਹੀ ਵੱਡੀ ਪਰੇਸ਼ਾਨੀ ਤੋਂ ਦੁਖੀ ਹੋ ਕੇ ਵੱਡੀ ਗਿਣਤੀ 'ਚ ਬੱਚਿਆਂ ਦੇ ਮਾਪਿਆਂ ਤੇ ਪਿੰਡ ਦੇ ਲੋਕਾਂ ਨੇ ਮੁੱਖ ਸੜਕ ਦੇ ਨਾਲ ਮੁੱਦਕੀ ਰੋਡ ਤੇ ਧਰਨਾ ਦੇ ਕੇ ਪ੍ਰਸ਼ਾਸਨ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਸਰਕਾਰ ਸਕੂਲਾਂ ਦੀ ਹਾਲਤ ਨਹੀਂ ਸੁਧਾਰ ਸਕਦੀ ਤਾਂ ਬੱਚੇ ਸਰਕਾਰੀ ਸਕੂਲਾਂ 'ਚ ਪੜਾਈ ਕਿਸ ਤਰ੍ਹਾਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸਕੂਲ 'ਚ ਪਾਣੀ ਭਰਨ ਕਰਕੇ ਬੱਚਿਆਂ ਨੂੰ ਲੰਘਣ 'ਚ ਜਿਥੇ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਖੜੇ ਪਾਣੀ ਤੋਂ ਮਾਰ ਰਹੀਆਂ ਬਦਬੂ ਦੀਆਂ ਲਪਟਾਂ ਕਾਰਨ ਬੱਚਿਆਂ ਨੂੰ ਸ਼ਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ, ਜੋ ਵੱਡੀ ਬਿਮਾਰੀ ਲਈ ਖਤਰਾ ਬਣ ਚੁੱਕਾ ਹੈ ਪਰ ਪ੍ਰਸ਼ਾਸਨ ਨੇ ਇਸ ਮਸਲੇ ਨੂੰ ਗੰਭੀਰਤਾਂ ਨਾਲ ਨਾ ਲੈਣ ਕਰਕੇ ਬੱਚਿਆਂ ਦੇ ਮਾਪੇ ਬੇਹੱਦ ਦੁੱਖੀ ਹਨ। ਧਰਨੇ 'ਚ ਸ਼ਾਮਲ ਆਪ ਪਾਰਟੀ ਦੇ ਹਲਕਾ ਇੰਚਾਰਜ ਗੁਰਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਰਕਾਰ ਦੀ ਨਾਕੰਮੀ ਅਤੇ ਮਾੜੀ ਕਾਰਗੁਜ਼ਾਰੀ ਕਾਰਨ ਸਕੂਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਸਕੂਲਾਂ ਦੀ ਇਮਾਰਤ ਅਤੇ ਪਾਣੀ ਦੇ ਨਿਕਾਸ ਪੱਖੋਂ ਹਾਲਤ ਅਤੀਚਿੰਤਾ ਜਨਕ ਬਣੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਸਿੱਟਾ ਇਸ ਸਕੂਲ ਦੇ ਬੱਚਿਆਂ ਨੂੰ ਭੁਗਤਨਾ ਪੈ ਰਿਹਾ ਹੈ। ਪਿੰਡ ਦੇ ਸਰਪੰਚ ਛਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰਾਇਮਰੀ ਸਕੂਲ ਦੇ ਨਾਲ ਛੱਪੜ ਲਗਦਾ ਹੈ, ਜਿਸ ਦਾ ਪਾਣੀ ਓਵਰ ਫਲੋਅ ਹੋ ਕੇ ਸਕੂਲ ਅੰਦਰ ਵੜਿਆ ਹੈ ਪਰ ਛੱਪੜ 'ਚੋਂ ਪਾਣੀ ਦੇ ਨਿਕਾਸ ਲਈ ਡਰੇਨ ਤੱਕ ਪਾਈਪਾਂ ਪਾ ਕੇ 30 ਲੱਖ ਰੁਪਏ ਦੀ ਲੋੜ ਹੈ ਤਦ ਜਾ ਕੇ ਇਹ ਮਸਲਾ ਹੱਲ ਹੋ ਸਕਦਾ ਹੈ।
ਨਗਰ ਕੌਂਸਲ ਪ੍ਰਧਾਨ ਬਹੁਮਤ ਸਾਬਤ ਕਰਨ 'ਚ ਫੇਲ
NEXT STORY