ਮਾਹਿਲਪੁਰ (ਬਿਊਰੋ) : ਬਹਿਬਲ ਕਲਾਂ 'ਚ ਪੁਲਸ ਦੀ ਗੋਲੀਬਾਰੀ ਦੌਰਾਨ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ 'ਚ ਲਗਾਉਣ ਲਈ ਦਸਤਖਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦੀ ਸ਼ੁਰੂਆਤ ਗੁਰਦੁਆਰਾ ਸ਼ਹੀਦਾਂ ਸਾਹਿਬ 'ਚ ਅਰਦਾਸ ਕਰਕੇ ਕੀਤੀ ਗਈ, ਜਿਸ ਦੀ ਸ਼ੁਰੂਆਤ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਦੀ ਅਗਵਾਈ ਹੇਠ ਕੀਤੀ ਗਈ। ਮੁਹਿੰਮ 'ਚ ਕਈ ਲੋਕਾਂ ਨੇ ਦਸਤਖਤ ਵੀ ਕੀਤੇ।
ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦੇ ਇਸ ਗੁਰੂ ਘਰ ਦੇ ਪ੍ਰਬੰਧਕਾਂ ਨੇ ਇਸ ਅਰਦਾਸ ਤੋਂ ਦੂਰੀ ਬਣਾ ਕੇ ਰੱਖੀ। ਅਰਦਾਸ ਕਰਵਾਉਣ ਲਈ ਪਾਠੀ ਸਿੰਘ ਵੀ ਆਪਣੇ ਨਾਲ ਲੈ ਕੇ ਗਏ ਸਨ ਅਤੇ ਇਸ ਪਾਠੀ ਸਿੰਘ ਨੇ ਹੀ ਹੁਕਮਨਾਮਾ ਲਿਆ। ਅਰਦਾਸ ਵਿਚ ਸ਼ਾਮਲ ਅਮਨਦੀਪ ਸਿੰਘ ਬੈਂਸ ਅਤੇ ਜੁਝਾਰ ਸਿੰਘ ਸਮੇਤ ਹੋਰ ਲੋਕਾਂ ਨੇ ਇਸ ਗੱਲ 'ਤੇ ਹਿਰਖ ਪ੍ਰਗਟਾਉਂਦਿਆ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਰਦਾਸ 'ਚ ਅੜਿੱਕੇ ਨਹੀਂ ਸੀ ਪਾਉਣੇ ਚਾਹੀਦੇ। ਇਸ ਤੋਂ ਪਹਿਲਾਂ ਨਿਮਿਸ਼ਾ ਮਹਿਤਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਬਹਿਬਲ ਕਲਾਂ ਵਿਚ ਸ਼ਹੀਦ ਹੋਏ ਦੋਵੇਂ ਸਿੱਖਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈਆ ਜਾਣ।
ਜ਼ਿਕਰਯੋਗ ਹੈ ਕਿ ਬਹਿਬਲ ਕਲਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ 'ਤੇ ਅਕਤੂਬਰ 2015 ਵਿਚ ਪੰਜਾਬ ਪੁਲਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ, ਜਿਸ 'ਚ ਦੋ ਸਿੱਖ ਨੌਜਵਾਨ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਹੋ ਗਏ ਸਨ। ਗੁਰੂ ਗ੍ਰੰਥ ਸਾਹਿਬ ਜੀ ਲਈ ਕੁਰਬਾਨ ਹੋਣ ਵਾਲੇ ਇੰਨ੍ਹਾਂ ਦੋਵੇਂ ਸਿੰਘਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਲਈ ਦਸਤਖਤੀ ਮੁਹਿੰਮ ਲਈ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਸਭਨਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਧੜਿਆਂ 'ਚ ਵੰਡੀ ਭਾਜਪਾ, ਹੁਣ ਤਾਂ ਵਰਕਰ ਵੀ ਕਰਨ ਲੱਗੇ ਕੁਮੈਂਟਬਾਜ਼ੀ
NEXT STORY