ਤਰਨਤਾਰਨ/ ਝਬਾਲ, (ਰਾਜੂ, ਨਰਿੰਦਰ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ੋਨ ਬਾਬਾ ਦੀਪ ਸਿੰਘ ਵੱਲੋਂ ਪਿੰਡ ਠੱਠਗੜ੍ਹ ਵਿਖੇ ਕਿਸਾਨ ਕਸ਼ਮੀਰ ਸਿੰਘ ਦੀ ਕਰਜ਼ੇ ਕਾਰਨ ਕੁਰਕੀ ਕਰਨ ਆਏ ਅਧਿਕਾਰੀ ਅਸ਼ੋਕ ਕੁਮਾਰ ਨਾਇਬ ਤਹਿਸੀਲਦਾਰ ਝਬਾਲ, ਕਾਨੂੰਨਗੋ ਗਿਆਨ ਸਿੰਘ ਤੇ ਪਟਵਾਰੀ ਸਤਪਾਲ ਸਿੰਘ ਦਾ ਘਿਰਾਓ ਕਰ ਕੇ ਉਨ੍ਹਾਂ ਨੂੰ ਬੇਰੰਗ ਮੋੜਿਆ ਗਿਆ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ੋਨ ਪ੍ਰਧਾਨ ਗੁਰਲਾਲ ਸਿੰਘ ਪੰਡੋਰੀ, ਹਰਪ੍ਰੀਤ ਸਿੰਘ ਸਿੱਧਵਾਂ ਤੇ ਸਤਵਿੰਦਰ ਸਿੰਘ ਸ਼ਾਹ ਨੇ ਕਿਹਾ ਕਿ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਕਿਸਾਨਾਂ-ਮਜ਼ਦੂਰਾਂ ਸਿਰ ਕਰਜ਼ੇ ਦੀ ਪੰਡ ਬਹੁਤ ਭਾਰੀ ਹੋ ਚੁੱਕੀ ਹੈ। ਦੇਸ਼ 'ਚ ਲੱਖਾਂ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਇਹ ਮੰਦਭਾਗਾ ਵਰਤਾਰਾ ਲਗਾਤਾਰ ਜਾਰੀ ਹੈ। ਸਰਕਾਰਾਂ ਦੀ ਦੋਗਲੀ ਨੀਤੀ ਕਾਰਨ ਕਾਰਪੋਰੇਟ ਘਰਾਣਿਆਂ ਦੇ ਹਰ ਸਾਲ ਵੱਟੇ ਖਾਤੇ ਪਾ ਕੇ ਕਰਜ਼ੇ ਖਤਮ ਕੀਤੇ ਜਾਂਦੇ ਹਨ। ਹਜ਼ਾਰਾਂ ਕਰੋੜ ਦੇ ਘਪਲੇ ਕਰਨ ਵਾਲੇ ਵਿਜੇ ਮਾਲਿਆ, ਨੀਰਵ ਮੋਦੀ ਆਦਿ ਨੂੰ ਬਾਹਰਲੇ ਮੁਲਕਾਂ 'ਚ ਭੱਜਣ ਲਈ ਸਰਕਾਰਾਂ ਸੁਰੱਖਿਅਤ ਲਾਂਘੇ ਦਿੰਦੀਆਂ ਹਨ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਚੋਣਾਂ ਸਮੇਂ ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਸੱਚਾਈ ਸਾਰਿਆਂ ਦੇ ਸਾਹਮਣੇ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਕਿਸਾਨ-ਮਜ਼ਦੂਰ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਪਿੰਡਾਂ 'ਚ ਆਉਣ ਵਾਲੇ ਅਧਿਕਾਰੀਆਂ ਦੇ ਘਿਰਾਓ ਕੀਤੇ ਜਾਣਗੇ। ਇਸ ਮੌਕੇ ਕਿਸਾਨਾਂ-ਮਜ਼ਦੂਰਾਂ ਵੱਲੋਂ ਵਾਅਦਿਆਂ ਤੋਂ ਭੱਜੀ ਕੈਪਟਨ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸਵਿੰਦਰ ਸਿੰਘ, ਰਾਜ ਸਿੰਘ, ਹਰਪਾਲ ਸਿੰਘ, ਧਰਮ ਸਿੰਘ, ਨਿਰਮਲ ਸਿੰਘ, ਕਸ਼ਮੀਰ ਸਿੰਘ, ਬੱਲੀ ਸਿੰਘ, ਜਗੀਰ ਸਿੰਘ, ਦਾਰਾ ਸਿੰਘ, ਸੁਖਬੀਰ ਸਿੰਘ, ਹਰਦੀਪ ਸਿੰਘ, ਪ੍ਰਗਟ ਸਿੰਘ, ਦਿਲਬਾਗ ਸਿੰਘ, ਅਰਜਨ ਸਿੰਘ, ਦਇਆ ਸਿੰਘ ਤੇ ਗੁਰਬਖਸ਼ ਸਿੰਘ ਆਦਿ ਹਾਜ਼ਰ ਸਨ।
ਨਿਯਮਾਂ ਦੀਆਂ ਧੱਜੀਆਂ ਉਡਾ ਕੇ ਠੇਕਿਆਂ 'ਤੇ ਵਿਕੀ ਲਾਲ ਪਰੀ
NEXT STORY