ਬਟਾਲਾ (ਬੇਰੀ) : ਸਟੇਟ ਹੈਲਥ ਕੇਅਰ ਵਿਭਾਗ ਅਤੇ ਸਿਵਲ ਸਰਜਨ ਡਾ. ਕਿਸ਼ਨ ਚੰਦ ਗੁਰਦਾਸਪੁਰ ਵਲੋਂ ਸਾਂਝੇ ਤੌਰ 'ਤੇ ਇਕ ਨਿੱਜੀ ਹਸਪਤਾਲ ਬਟਾਲਾ 'ਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਦੋ ਲਿੰਗ ਨਿਰਧਾਰਨ ਟੈਸਟ ਕਰਨ ਵਾਲੀਆਂ ਮਸ਼ੀਨਾਂ ਅਤੇ 48 ਹਜ਼ਾਰ 700 ਰੁਪਏ ਨਕਦੀ ਬਰਾਮਦ ਕੀਤੀ ਗਈ।
ਇਸ ਸਬੰਧੀ ਡਾ. ਰਮੇਸ਼ ਦੱਤ ਡਾਇਰੈਕਟਰ ਸਟੇਟ ਹੈਲਥ ਕੇਅਰ ਵਿਭਾਗ ਚੰਡੀਗੜ੍ਹ ਨੇ ਦੱਸਿਆ ਕਿ ਸਿਵਲ ਸਰਜਨ ਦੀ ਸੂਚਨਾ 'ਤੇ ਇਸ ਹਸਪਤਾਲ 'ਚ ਮੰਗਲਵਾਰ ਛਾਪੇਮਾਰੀ ਕੀਤੀ ਗਈ ਹੈ, ਜਿਸ ਦੌਰਾਨ ਗੈਰ-ਕਾਨੂੰਨੀ ਲਿੰਗ ਟੈਸਟ ਕਰਨ ਦਾ ਸਿਲਸਿਲਾ ਅਲੀਵਾਲ ਰੋਡ 'ਤੇ ਇਕ ਨਿੱਜੀ ਹਸਪਤਾਲ 'ਚ ਕਾਫ਼ੀ ਚਿਰ ਤੋਂ ਚੱਲ ਰਿਹਾ ਸੀ, ਜਿਸ ਤਹਿਤ ਦਲਾਲ ਸੁਖਦੇਵ ਰਾਜ ਵਾਸੀ ਅੰਮ੍ਰਿਤਸਰ ਇਸ ਕੰਮ 'ਚ ਕਾਫੀ ਯੋਗਦਾਨ ਪਾ ਰਿਹਾ ਸੀ।
ਡਾ. ਰਮੇਸ਼ ਦੱਤ ਨੇ ਦੱਸਿਆ ਕਿ ਅੱਜ ਹੈਲਥ ਕੇਅਰ ਸੈਂਟਰ ਵਲੋਂ ਦੋ ਮਰੀਜ਼ਾਂ ਨੂੰ ਨੰਬਰੀ ਨੋਟ ਦੇ ਕੇ ਆਪਣੇ ਤੌਰ 'ਤੇ ਉਕਤ ਹਸਪਤਾਲ 'ਚ ਭੇਜਿਆ ਗਿਆ ਤਾਂ ਦਲਾਲ ਨੇ 25 ਹਜ਼ਾਰ ਰੁਪਏ ਪ੍ਰਤੀ ਕੇਸ ਤੈਅ ਕੀਤਾ। ਤੈਅ ਕੀਤੇ ਪੈਸਿਆਂ 'ਚੋਂ ਸਾਢੇ 12 ਹਜ਼ਾਰ ਰੁਪਏ ਦਲਾਲ ਅਤੇ ਸਾਢੇ 12 ਹਜ਼ਾਰ ਰੁਪਏ ਡਾਕਟਰ ਲੈਂਦਾ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ 11 ਵਜੇ ਛਾਪਾ ਮਾਰਿਆ ਅਤੇ ਚਾਰ ਗ਼ੈਰ-ਕਾਨੂੰਨੀ ਕੇਸ ਫੜ੍ਹੇ ਜਿਨ੍ਹਾਂ ਦੀ ਪੇਮੈਂਟ ਉਸ ਦਲਾਲ ਕੋਲੋਂ 48 ਹਜ਼ਾਰ 700 ਰੁਪਏ ਬਰਾਮਦ ਕੀਤੀ। ਫਿਲਹਾਲ ਉਨ੍ਹਾਂ ਸਿਵਲ ਸਰਜਨ ਡਾ. ਕਿਸ਼ਨ ਚੰਦ ਦੇ ਬਿਆਨਾਂ 'ਤੇ ਪੀ. ਸੀ. ਪੀ. ਐੱਨ. ਡੀ. ਟੀ. ਦੀ ਧਾਰਾ-39, 420, 120-ਬੀ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ। ਟੀਮ ਪੁਲਸ ਪਾਰਟੀ ਨਾਲ ਪੁੱਜੀ, ਜਿਸ 'ਚ ਐੱਸ. ਐੱਚ. ਓ. ਮੁਖ਼ਤਿਆਰ ਸਿੰਘ, ਏ. ਐੱਸ. ਆਈ. ਹਰਪਾਲ ਸਿੰਘ, ਏ. ਐੱਸ. ਆਈ. ਨਰਜੀਤ ਸਿੰਘ ਭਾਰੀ ਫੋਰਸ ਸਮੇਤ ਪਹੁੰਚੇ ਅਤੇ ਉਨ੍ਹਾਂ ਡਾਕਟਰ ਤੇ ਦਲਾਲ ਨੂੰ ਕਾਬੂ ਕੀਤਾ। ਇਸ ਮੌਕੇ ਡਾ. ਰਾਕੇਸ਼ ਭਾਸਕਰ, ਡਾ. ਸੁਖਵਿੰਦਰ ਸਿੰਘ, ਸਿਵਲ ਸਰਜਨ ਡਾ. ਕਿਸ਼ਨ ਚੰਦ, ਐੱਸ.ਐੱਮ.ਓ. ਡਾ. ਸੰਜੀਵ ਭੱਲਾ, ਐੱਸ.ਐੱਮ.ਓ. ਸੁਨੀਤਾ ਭੱਲਾ ਆਦਿ ਮੌਜੂਦ ਸਨ।
ਮੁਖਰਜੀ ਨਗਰ ਮਾਮਲੇ 'ਚ ਸ਼ਾਮਲ ਪੁਲਸ ਵਾਲਿਆਂ ਨੂੰ ਬਰਖਾਸਤ ਕੀਤਾ ਜਾਵੇ : ਖਹਿਰਾ
NEXT STORY