ਜਲੰਧਰ (ਬੁਲੰਦ)-ਜਲੰਧਰ ਦੇ ਨਾਰਥ ਹਲਕੇ ਵਿਚ ਭਾਵੇਂ ਚੋਣਾਂ ਵਿਚ ਬਾਵਾ ਹੈਨਰੀ ਨੇ ਕੇ. ਡੀ. ਭੰਡਾਰੀ ਨੂੰ ਭਾਰੀ ਮਾਤ ਦਿੱਤੀ ਸੀ ਪਰ ਭੰਡਾਰੀ ਵੀ ਹੈਨਰੀ ਨੂੰ ਘੇਰਨ ਦਾ ਕੋਈ ਵੀ ਮੌਕਾ ਹੱਥੋਂ ਗੁਆਉਣਾ ਨਹੀਂ ਚਾਹੁੰਦੇ। ਅਜਿਹਾ ਹੀ ਇਕ ਮੌਕਾ ਬੀਤੀ ਰਾਤ ਦੀ ਇਕ ਘਟਨਾ ਤੋਂ ਭੰਡਾਰੀ ਨੂੰ ਮਿਲਿਆ। ਬੀਤੀ ਰਾਤ ਮਹਿੰਦਰੂ ਮੁਹੱਲੇ ਵਿਚ ਕੁਝ ਗੁੰਡਾ ਅਨਸਰਾਂ ਨੇ ਖੂਬ ਤਲਵਾਰਾਂ ਲਹਿਰਾਈਆਂ ਤੇ ਇਕ ਵਿਅਕਤੀ ਦੇ ਘਰ ਵਿਚ ਹਮਲਾ ਬੋਲਿਆ। ਇਸ ਮਾਮਲੇ ਵਿਚ ਸਾਰੀ ਰਾਤ ਮੁਹੱਲੇ ਵਿਚ ਤਣਾਅ ਰਿਹਾ। ਮਾਮਲੇ ਬਾਰੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਜਿਸ ਦੇ ਘਰ ਗੁੰਡਾ ਅਨਸਰਾਂ ਨੇ ਹਮਲਾ ਕੀਤਾ ਸੀ, ਉਸ ਨੇ ਸਵੇਰੇ ਭੰਡਾਰੀ ਨੂੰ ਫੋਨ ਕਰ ਕੇ ਸਾਰੀ ਜਾਣਕਾਰੀ ਦਿੱਤੀ ਤਾਂ ਭੰਡਾਰੀ ਆਪਣੇ ਸਮਰਥਕਾਂ ਨਾਲ ਉਸਦੇ ਘਰ ਪਹੁੰਚੇ ਤੇ ਮਾਮਲੇ ਬਾਰੇ ਪੁਲਸ ਅਧਿਕਾਰੀ ਨੂੰ ਵੀ ਸੂਚਨਾ ਦਿੱਤੀ।
ਭੰਡਾਰੀ ਨੇ ਕਿਹਾ ਕਿ ਨਾਰਥ ਹਲਕੇ ਦੇ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ। ਹਲਕਾ ਗੁੰਡਿਆਂ ਤੇ ਜੁਆਰੀਆਂ ਦਾ ਗੜ੍ਹ ਬਣ ਚੁੱਕਾ ਹੈ। ਹਲਕੇ ਦੇ ਕਈ ਛੋਟੇ ਹੋਟਲਾਂ, ਮੁਹੱਲਿਆਂ ਤੇ ਘਰਾਂ ਵਿਚ ਜੁਆਰੀਆਂ ਦੇ ਅੱਡੇ ਚੱਲ ਰਹੇ ਹਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਪਟੇਲ ਚੌਕ ਕੋਲ ਇਕ ਹੋਟਲ ਵਿਚ ਮਹਿੰਦਰੂ ਮੁਹੱਲੇ ਦੇ ਜੁਆਰੀ ਰਾਤ ਨੂੰ ਜੂਆ ਖੇਡਦੇ ਹਨ ਤੇ ਅੱਧੀ ਰਾਤ ਤੋਂ ਬਾਅਦ ਮੁਹੱਲੇ ਵਿਚ ਆ ਕੇ ਹੰਗਾਮਾ ਕਰਦੇ ਹਨ। ਭੰਡਾਰੀ ਨੇ ਕਿਹਾ ਕਿ ਮਾਮਲੇ ਬਾਰੇ ਹਲਕੇ ਦੇ ਵਿਧਾਇਕ ਨੂੰ ਪੁਲਸ ਦੇ ਰਾਹੀਂ ਜੁਆਰੀਆਂ ਤੇ ਗੁੰਡਿਆਂ ਨੂੰ ਕਾਬੂ ਕਰਵਾਉਣਾ ਚਾਹੀਦਾ ਹੈ ਪਰ ਅਫਸੋਸ ਕਿ ਵਿਧਾਇਕ ਦੀ ਸ਼ਹਿ 'ਤੇ ਇਲਾਕੇ ਵਿਚ ਗੁੰਡਾਗਰਦੀ ਵਧਦੀ ਜਾ ਰਹੀ ਹੈ। ਇਸ ਮਾਮਲੇ ਬਾਰੇ ਹਲਕੇ ਦੇ ਵਿਧਾਇਕ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਜਿਸ ਤਰ੍ਹਾਂ ਨਾਰਥ ਹਲਕੇ ਵਿਚ ਭੰਡਾਰੀ ਲਗਾਤਾਰ ਹੈਨਰੀ ਨੂੰ ਛੋਟੇ-ਛੋਟੇ ਮਾਮਲਿਆਂ ਵਿਚ ਘੇਰ ਰਹੇ ਹਨ ਤੇ ਆਮ ਲੋਕ ਭਾਜਪਾ ਵਰਕਰਾਂ ਨਾਲ ਸੰਪਰਕ ਕਰ ਰਹੇ ਹਨ, ਇਸ ਨਾਲ ਆਉਣ ਵਾਲੀਆਂ ਨਿਗਮ ਚੋਣਾਂ ਵਿਚ ਕਾਂਗਰਸ ਦੇ ਗੜ੍ਹ ਮੰਨੇ ਜਾਣ ਵਾਲੇ ਸ਼ਹਿਰ ਦੇ ਅੰਦਰੂਨੀ ਹਲਕਿਆਂ ਵਿਚ ਕਾਂਗਰਸ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।
ਬਰਾਲਾ ਦੇ ਅਸਤੀਫੇ ਦੀਆਂ ਚਰਚਾਵਾਂ 'ਤੇ ਸਿਆਸਤ ਗਰਮ!
NEXT STORY