ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ਵਿਚ ਕਾਰੋਬਾਰ ਲਈ ਸਹੂਲਤਾਂ ਦੇ ਕੇ ਅਤੇ ਨਿਵੇਸ਼ ਪੱਖੀ ਮਾਹੌਲ ਸਿਰਜ ਕੇ ਸੂਬੇ ਨੂੰ ਵੱਡੇ ਉਦਯੋਗਿਕ ਤੇ ਬਰਾਮਦ ਹੱਬ ਵਿਚ ਤਬਦੀਲ ਕਰਨ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨਿਵੇਸ਼ਕਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਸਿਸਟਮ ਨੂੰ ਹੋਰ ਮਜ਼ਬੂਤ ਕਰ ਰਹੀ ਹੈ। ਇੱਥੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਦੀ ਉੱਤਰੀ ਖੇਤਰ ਕੌਂਸਲ ਦੀ ਪੰਜਵੀਂ ਮੀਟਿੰਗ ਦੌਰਾਨ ਡੈਲੀਗੇਟਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਿੰਗਲ ਵਿੰਡੋ ਸੇਵਾ ਮਹਿਜ਼ ਇਕ ਦਿਖਾਵਾ ਸੀ, ਜੋ ਕਿਸੇ ਸਾਰਥਕ ਮੁਹੱਤਵ ਤੋਂ ਸੱਖਣੀ ਸੀ, ਜਿਸ ਨੇ ਨਾ ਸਿਰਫ਼ ਸੰਭਾਵੀ ਨਿਵੇਸ਼ਕਾਂ ਨੂੰ ਨਿਰਾਸ਼ ਕੀਤਾ, ਸਗੋਂ ਸੂਬੇ ਦੇ ਉਦਯੋਗਿਕ ਵਿਕਾਸ ਵਿਚ ਵੀ ਰੁਕਾਵਟ ਖੜ੍ਹੀ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਇਹ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਨਿਵੇਸ਼ਕਾਂ ਨੂੰ ਇਸ ਵਿੰਡੋ ’ਤੇ ਸਾਰੀਆਂ ਸਹੂਲਤਾਂ ਸੁਚਾਰੂ ਢੰਗ ਨਾਲ ਅਤੇ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਤੋਂ ਬਿਨਾਂ ਮਿਲ ਸਕਣ। ਭਗਵੰਤ ਮਾਨ ਨੇ ਉਦਯੋਗਪਤੀਆਂ ਨੂੰ ਸੂਬੇ ਵਿਚ ਨਿਵੇਸ਼ ਕਰਨ ਅਤੇ ਉਦਯੋਗਿਕ ਵਿਕਾਸ ਤੇ ਖ਼ੁਸ਼ਹਾਲੀ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਸੀ.ਆਈ.ਆਈ. ਵੱਲੋਂ ਉਦਯੋਗਾਂ ਦੀ ਮਦਦ ਕਰਨ ਅਤੇ ਵਪਾਰ ਲਈ ਅਨੁਕੂਲ ਮਾਹੌਲ ਸਿਰਜਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਨਿਵੇਸ਼ ਦੇ ਵਾਤਾਵਰਨ ਨੂੰ ਉਤਸ਼ਾਹਿਤ ਕਰਨ, ਸਾਰਿਆਂ ਲਈ ਰੋਜ਼ਗਾਰ ਦੇ ਢੁਕਵੇਂ ਮੌਕੇ ਪੈਦਾ ਕਰਨ, ਮਿਆਰੀ ਬੁਨਿਆਦੀ ਢਾਂਚੇ ਤੱਕ ਪਹੁੰਚ ਪ੍ਰਦਾਨ ਕਰਨ, ਪ੍ਰਸ਼ਾਸਨ ਵਿਚ ਵਧੇਰੇ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਅਣਗਿਣਤ ਉਪਰਾਲੇ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਾਮਾਨ ਦੀ ਢੋਆ-ਢੁਆਈ ਵਿਚ ਸੌਖ ਪੱਖੋਂ ਦੇਸ਼ ਭਰ ਵਿਚ ਤੀਜੇ ਸਥਾਨ ’ਤੇ ਹੈ ਕਿਉਂਕਿ ਸੂਬੇ ਕੋਲ ਪੰਜ ਇਨਲੈਂਡ ਕੰਟੇਨਰ ਡਿੱਪੂਆਂ (ਆਈ. ਸੀ. ਡੀ.) ਦੇ ਨਾਲ ਢੋਆ-ਢੁਆਈ ਦਾ ਮਜ਼ਬੂਤ ਆਧਾਰ ਹੈ।
ਇਹ ਵੀ ਪੜ੍ਹੋ : ਗਰੀਬਾਂ ਨੂੰ ਦਿੱਤੇ ਜਾਣ ਵਾਲੇ 5-5 ਮਰਲੇ ਦੇ ਪਲਾਟਾਂ ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਸਨਅਤਕਾਰਾਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਾਰੇ ਉਦਯੋਗਾਂ ਲਈ ਬਿਜਲੀ ਦੀਆਂ ਸਭ ਤੋਂ ਘੱਟ ਦਰਾਂ ਦੀ ਪੇਸ਼ਕਸ਼ ਕਰਦਾ ਹੈ ਅਤੇ ਭਾਰਤ ਸਰਕਾਰ ਦੀ ਬਿਜ਼ਨਸ ਰਿਫੌਰਮਜ਼ ਐਕਸ਼ਨ ਪਲਾਨ (ਬੀ.ਆਰ.ਏ.ਪੀ.) ਦੀ ਰਿਪੋਰਟ ਵਿਚ ਕਾਰੋਬਾਰ ਕਰਨ ਦੀ ਸੌਖ ਪੱਖੋਂ ਤੇਜ਼ੀ ਨਾਲ ਸੁਧਾਰ ਕਰਨ ਵਾਲੇ ਸੂਬੇ ਵਜੋਂ ਪੰਜਾਬ ਦਾ ਨਾਂ ਆਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨੇ ਪ੍ਰਕਿਰਿਆਵਾਂ ਦੇ ਸਰਲੀਕਰਨ ਅਤੇ ਡਿਜੀਟਾਈਜੇਸ਼ਨ, ਛੋਟੇ ਅਪਰਾਧਾਂ ਨੂੰ ਅਪਰਾਧ ਮੁਕਤ ਕਰਨ ਅਤੇ ਬੇਲੋੜੇ ਕਾਨੂੰਨਾਂ ਨੂੰ ਖ਼ਤਮ ਕਰਨ ਦਾ ਕੰਮ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਰਾਜ ਵਿਚ ਇਸ ਸਮੇਂ 1,000 ਤੋਂ ਵੱਧ ਹੁਨਰ ਵਿਕਾਸ ਕੇਂਦਰ ਹਨ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ (ਪੀ. ਐੱਸ. ਡੀ. ਐੱਮ) ਕੋਲ 250 ਤੋਂ ਵੱਧ ਸੂਚੀਬੱਧ ਸਿਖਲਾਈ ਭਾਈਵਾਲ ਹਨ, ਜਿਸ ਨਾਲ ਸਿੱਖਿਅਤ ਮਨੁੱਖੀ ਸ਼ਕਤੀ ਦਾ ਇਕ ਵੱਡਾ ਪੂਲ ਬਣਾਉਣ ਲਈ ਸਿਖਲਾਈ ਸਹੂਲਤਾਂ ਦਾ ਸਭ ਦੀ ਪਹੁੰਚ ਵਾਲਾ ਨੈੱਟਵਰਕ ਕਾਇਮ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪ੍ਰੋਗਰਾਮ ਰੱਦ ਹੋਇਆ ਤਾਂ ਆਰਕੈਸਟਰਾ ਵਾਲੀ ਕੁੜੀ ਨੇ ਅੱਧੀ ਰਾਤ ਨੂੰ ਬੁੱਕ ਕੀਤੀ ਟੈਕਸੀ, ਫਿਰ ਜੋ ਹੋਇਆ ਸੁਣ ਉੱਡਣਗੇ ਹੋਸ਼
ਮੁੱਖ ਮੰਤਰੀ ਨੇ ਕਿਹਾ ਕਿ ਸਟਾਰਟ ਅੱਪ ਪੰਜਾਬ, ਸਟਾਰਟ-ਅੱਪਸ ਲਈ ਨਿਵੇਸ਼ਕ ਪੱਖੀ ਮਾਹੌਲ ਸਿਰਜ ਕੇ ਉੱਦਮਤਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਸੂਬੇ ਵਿਚ ਉੱਦਮਤਾ ਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਇਨੋਵੇਸ਼ਨ ਮਿਸ਼ਨ ਪੰਜਾਬ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਅਗਲੇ ਕੁਝ ਮਹੀਨਿਆਂ ਵਿਚ ਆਪਣੀ ਨਵੀਂ ਉਦਯੋਗਿਕ ਵਿਕਾਸ ਨੀਤੀ ਲਿਆਏਗੀ, ਜੋ ਅਗਲੇ ਪੰਜ ਸਾਲਾਂ ਲਈ ਪੰਜਾਬ ਦੀ ਉਦਯੋਗਿਕ ਨੀਤੀ ਦੀ ਰੂਪ-ਰੇਖਾ ਤਿਆਰ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਇਲੈਕਟ੍ਰਿਕ ਵਾਹਨਾਂ ਅਤੇ ਇਨ੍ਹਾਂ ਦੇ ਪੁਰਜ਼ਿਆਂ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਜਲਦ ਹੀ ਈਵੀ ਨੀਤੀ ਸ਼ੁਰੂ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਭਾਰਤ ਦੇ 10 ਕਪਾਹ ਉਤਪਾਦਕ ਰਾਜਾਂ ਵਿਚ ਸ਼ਾਮਲ ਹੈ, ਜੋ ਭਾਰਤ ਦੇ ਕੁੱਲ ਉਤਪਾਦਨ ਦਾ 3.68 ਫੀਸਦੀ ਬਣਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਬਲੈਂਡਿਡ ਯਾਰਨ ਦੇ ਉਤਪਾਦਨ ਵਿਚ ਪਹਿਲੇ ਨੰਬਰ `ਤੇ ਹੈ ਅਤੇ ਦੇਸ਼ ਵਿੱਚ ਚੌਥੇ ਨੰਬਰ `ਤੇ ਸਪਿਨਿੰਗ ਸਮਰੱਥਾ ਰੱਖਦਾ ਹੈ, ਉਨ੍ਹਾਂ ਕਿਹਾ ਕਿ ਪੰਜਾਬ ਹੌਜ਼ਰੀ ਦੇ ਉਤਪਾਦਨ ਵਿੱਚ ਵੀ ਪਹਿਲੇ ਅਤੇ ਖੇਡਾਂ ਦੇ ਸਾਮਾਨ ਦੇ ਉਤਪਾਦਨ ਵਿੱਚ ਦੂਜੇ ਸਥਾਨ `ਤੇ ਹੈ।
ਇਹ ਵੀ ਪੜ੍ਹੋ : ਜ਼ਮੀਨਾਂ ਦੀਆਂ ਰਜਿਸਟਰੀਆਂ ਨੇ ਭਰਿਆ ਪੰਜਾਬ ਸਰਕਾਰ ਦਾ ਖਜ਼ਾਨਾ, ਆਮਦਨ ’ਚ 21 ਫੀਸਦੀ ਦਾ ਵਾਧਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਅਕਾਲੀ ਦਲ 'ਚੋਂ ਫਾਰਗ ਕੀਤੇ ਗਏ ਬੀਬੀ ਜਗੀਰ ਕੌਰ ਨਾਲ ਖ਼ਾਸ ਗੱਲਬਾਤ, ਕਰ ਸਕਦੇ ਨੇ ਵੱਡਾ ਸਿਆਸੀ ਧਮਾਕਾ
NEXT STORY