ਸ੍ਰੀ ਕੀਰਤਪੁਰ ਸਾਹਿਬ/ਘਨੌਲੀ (ਬਾਲੀ/ਸ਼ਰਮਾ)— ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਅਧੀਨ ਪੈਂਦੇ ਪਿੰਡ ਆਲੋਵਾਲ ਨਜ਼ਦੀਕ ਬੀਤੀ ਰਾਤ ਭਾਖੜਾ ਨਹਿਰ 'ਚ ਇਕ 10 ਟਾਇਰੀ ਟਰੱਕ ਡਰਾਈਵਰ ਸਮੇਤ ਡਿੱਗ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਆਲੋਵਾਲ ਨਿਵਾਸੀ ਸ਼ਾਮ ਲਾਲ (25) ਪੁੱਤਰ ਸੁਰਜੀਤ ਸਿੰਘ ਹਿਮਾਚਲ ਪ੍ਰਦੇਸ਼ ਦਾ ਇਕ ਟਰੱਕ ਨੰਬਰ ਐੱਚ. ਪੀ. 11 ਸੀ 0541 ਚਲਾਉਂਦਾ ਸੀ ਜੋ ਬੀਤੀ ਦੇਰ ਸ਼ਾਮ ਡਾਲਡਾ ਘਾਟ ਹਿਮਾਚਲ ਪ੍ਰਦੇਸ਼ ਤੋਂ ਟਰੱਕ 'ਚ ਕਲਿੰਕਰ ਲੋਡ ਕਰਕੇ ਘਨੌਲੀ ਅੰਬੂਜਾ ਸੀਮੈਂਟ ਫੈਕਟਰੀ ਨੂੰ ਲੈ ਕੇ ਆ ਰਿਹਾ ਸੀ। ਜਦੋਂ ਉਹ ਆਪਣੇ ਪਿੰਡ ਦੇ ਕੋਲੋਂ ਲੰਘਦੀ ਭਾਖੜਾ ਨਹਿਰ ਦਾ ਪੁਲ ਪਾਰ ਕਰਨ ਲਈ ਟਰੱਕ ਪੁਲ ਵੱਲ ਨੂੰ ਮੋੜਨ ਲੱਗਾ ਤਾਂ ਇਸੇ ਦੌਰਾਨ ਉਹ ਟਰੱਕ ਸਮੇਤ ਨਹਿਰ 'ਚ ਜਾ ਡਿੱਗਾ। ਪਾਣੀ ਦੇ ਤੇਜ਼ ਵਹਾਅ ਕਾਰਨ ਡਰਾਈਵਰ ਪਾਣੀ 'ਚ ਰੁੜ੍ਹ ਗਿਆ।
ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਰਾਤੀ ਕਰੀਬ 10:30 ਵਜੇ ਉਨ੍ਹਾਂ ਨੂੰ ਸ਼ਾਮ ਲਾਲ ਨੇ ਫੋਨ ਕੀਤਾ ਕਿ ਉਹ ਕੁਝ ਦੇਰ 'ਚ ਘਰ ਨੂੰ ਆ ਰਿਹਾ ਹੈ ਪਰ ਜਦੋਂ ਉਹ ਘਰ ਨਾ ਪਹੁੰਚਿਆ ਅਤੇ ਉਸ ਦਾ ਫੋਨ ਬੰਦ ਆਉਣ ਲੱਗ ਪਿਆ ਤਾਂ ਉਨ੍ਹਾਂ ਨੇ ਸ਼ਾਮ ਲਾਲ ਦੀ ਭਾਲ ਸ਼ੁਰੂ ਕੀਤੀ ਜਦੋਂ ਉਹ ਭਾਖੜਾ ਨਹਿਰ ਦੇ ਪੁਲ 'ਤੇ ਪੁੱਜੇ ਤਾਂ ਪੁਲ ਦੀ ਰੇਲਿੰਗ ਟੁੱਟੀ ਦੇਖੀ, ਜਿਸ 'ਤੇ ਉਨ੍ਹਾਂ ਨੂੰ ਸ਼ੱਕ ਪੈ ਗਿਆ ਕਿ ਸ਼ਾਮ ਲਾਲ ਸਮੇਤ ਟਰੱਕ ਨਹਿਰ 'ਚ ਡਿੱਗ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਚੌਕੀ ਭਰਤਗੜ੍ਹ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਭਾਰਤ ਭੂਸ਼ਣ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਏ ਪਰ ਹਨੇਰਾ ਹੋਣ ਕਰਕੇ ਕੁਝ ਸਹੀ ਪਤਾ ਨਾ ਲੱਗਾ।
ਅੱਜ ਸਵੇਰੇ ਗੋਤਾਖੋਰਾਂ ਦੀ ਮਦਦ ਨਾਲ ਪੁਲਸ ਨੇ ਟਰੱਕ ਨੂੰ ਭਾਖੜਾ ਨਹਿਰ 'ਤੇ ਬਣੇ ਪੁਲ ਦੇ ਨਜ਼ਦੀਕ ਹੋਣ ਦਾ ਪਤਾ ਲੱਗਾ, ਜਿਸ ਤੋਂ ਬਾਅਦ ਹਾਇਡਰਾ ਮਸ਼ੀਨਾਂ ਦੀ ਮਦਦ ਨਾਲ ਟਰੱਕ ਨੂੰ ਨਹਿਰ 'ਚੋਂ ਬਾਹਰ ਕੱਢਿਆ ਗਿਆ। ਲਾਪਤਾ ਹੋਏ ਡਰਾਈਵਰ ਦੀ ਪੁਲਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਭਾਖੜਾ ਨਹਿਰ 'ਚ ਭਾਲ ਕੀਤੀ ਜਾ ਰਹੀ ਹੈ। ਲਾਪਤਾ ਸ਼ਾਮ ਲਾਲ ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।
ਹਰਸਿਮਰਤ ਬਾਦਲ ਨੇ ਏਮਜ਼ ਨੂੰ ਲੈ ਕੇ ਕਾਂਗਰਸ ਨੂੰ ਲਿਆ ਨਿਸ਼ਾਨੇ 'ਤੇ (ਵੀਡੀਓ)
NEXT STORY