ਬਠਿੰਡਾ (ਮਨਜੀਤ)-ਪਿੰਡ ਝੁੰਬਾ ਵਿਖੇ ਬਾਜਕ ਵਾਲੇ ਪਾਸੇ ਵਿਹਡ਼ੇ ’ਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਚੁੱਕਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ’ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਣਮਿੱਥੇ ਸਮੇਂ ਲਈ ਲਾਇਆ ਧਰਨਾ ਤੀਸਰੇ ਦਿਨ ’ਚ ਦਾਖਲ ਹੋ ਗਿਆ ਪਰ ਹਾਲੇ ਤੱਕ ਧਰਨਾਕਾਰੀਆਂ ਦੀ ਗੱਲ ਸੁਣਨ ਲਈ ਸਬੰਧਤ ਵਿਭਾਗ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ। ਧਰਨਾਕਾਰੀਆਂ ਵੱਲੋਂ ਅੱਜ ਪਿੰਡ ’ਚ ਇਕ ਮਾਰਚ ਕੱਢ ਕੇ ਪ੍ਰਸ਼ਾਸਨ ਨੂੰ ਇਹ ਚਿਤਾਵਨੀ ਵੀ ਦਿੱਤੀ ਗਈ ਕਿ ਉਹ ਪਿੰਡ ’ਚੋਂ ਸ਼ਰਾਬ ਦੇ ਠੇਕੇ ਨੂੰ ਚੁਕਵਾਏ ਬਗੈਰ ਧਰਨੇ ਨੂੰ ਕਿਸੇ ਵੀ ਕੀਮਤ ’ਤੇ ਨਹੀਂ ਚੁੱਕਣਗੇ। ਧਰਨਾਕਾਰੀਆਂ ਵਲੋਂ ਸੂਬਾ ਸਰਕਾਰ ’ਤੇ ਸ਼ਰਾਬ ਠੇਕੇਦਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ ਨੇ ਕਿਹਾ ਕਿ ਪਿੰਡ ਦੀ ਆਬਾਦੀ ’ਚ ਖੁੱਲ੍ਹੇ ਸ਼ਰਾਬ ਦੇ ਠੇਕੇ ਕਾਰਨ ਸ਼ਾਮ ਸਮੇਂ ਸ਼ਰਾਬ ਪੀ ਕੇ ਵਿਅਕਤੀ ਅਕਸਰ ਹੀ ਗਾਲੀ-ਗਲੋਚ ਕਰਨ ਦੇ ਨਾਲ-ਨਾਲ ਔਰਤਾਂ ਨੂੰ ਗਲਤ ਸ਼ਬਦਾਵਲੀ ਬੋਲਦੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਕੈਪਟਨ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਕਰਨ ਦੀਆਂ ਗੱਲਾਂ ਕਰ ਰਹੀ ਹੈ, ਦੂਸਰੇ ਪਾਸੇ ਪਿੰਡਾਂ ਦੀਆਂ ਆਬਾਦੀਆਂ ’ਚ ਸ਼ਰਾਬ ਦੇ ਠੇਕੇ ਖੁੱਲ੍ਹਵਾਏ ਜਾ ਰਹੇ ਹਨ। ਧਰਨਾਕਾਰੀਆਂ ਵਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਠੇਕੇ ਨੂੰ ਚੁੱਕ ਕੇ ਪਿੰਡ ਦੀ ਆਬਾਦੀ ਤੋਂ ਦੋ ਕਿਲੋਮੀਟਰ ਬਾਹਰ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ’ਚ ਕਿਹਾ ਕਿ ਜੇਕਰ ਵਿਭਾਗ ਵੱਲੋਂ ਜਲਦੀ ਠੇਕਾ ਚੁੱਕਵਾ ਕੇ ਪਿੰਡ ਦੀ ਆਬਾਦੀ ਤੋਂ ਬਾਹਰ ਨਾ ਕੀਤਾ ਗਿਆ ਤਾਂ ਯੂਨੀਅਨਾਂ ਵਲੋਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਧਰਨਾਕਾਰੀਆਂ ਨੇ ਕਿਹਾ ਕਿ ਧਰਨੇ ਦੌਰਾਨ ਜੇਕਰ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਧਰਨਾਕਾਰੀਆਂ ’ਚ ਇਸ ਗੱਲ ਪ੍ਰਤੀ ਭਾਰੀ ਰੋਸ ਸੀ ਕਿ ਧਰਨੇ ਨੂੰ ਲੱਗੇ ਅੱਜ ਤਿੰਨ ਦਿਨ ਬੀਤ ਚੁੱਕੇ ਹਨ ਪਰ ਹਾਲੇ ਤੱਕ ਸਬੰਧਤ ਵਿਭਾਗ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਨਾਲ ਗੱਲ ਕਰਨ ਲਈ ਨਹੀਂ ਆਇਆ। ਇਸ ਮੌਕੇ ਜ਼ਿਲਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ, ਇਕਬਾਲ ਸਿੰਘ ਮਾਨ, ਬਿੱਕਰ ਸਿੰਘ, ਟੇਕ ਸਿੰਘ, ਨੰਬਰਦਾਰ ਬਲਦੇਵ ਸਿੰਘ, ਅਜੈਬ ਸਿੰਘ, ਬੀ. ਕੇ. ਯੂ. ਇਕਾਈ ਪ੍ਰਧਾਨ ਸੁਖਮੰਦਰ ਸਿੰਘ, ਗੁਰਮੀਤ ਸਿੰਘ ਮੀਤ ਪ੍ਰਧਾਨ, ਸੇਵਕ ਸਿੰਘ ਖਜ਼ਾਨਚੀ, ਪੰਜਾਬ ਖ਼ੇਤ ਮਜ਼ਦੂਰ ਯੂਨੀਅਨ ਬਲਾਕ ਸੰਗਤ ਦੇ ਪ੍ਰਧਾਨ ਮਹਿੰਗਾ ਸਿੰਘ ਬਾਂਡੀ, ਪਿੰਡ ਇਕਾਈ ਪ੍ਰਧਾਨ ਪਰਮਜੀਤ ਕੌਰ ਪੰਪੀ ਝੁੰਬਾ, ਸ਼ੀਲੋ ਕੌਰ, ਮੂਰਤੀ ਕੌਰ ਅਤੇ ਰਾਣੀ ਕੌਰ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਜੂਦ ਸਨ।
ਟੁੱਟੀਆਂ ਸਡ਼ਕਾਂ ਤੇ ਸੀਵਰੇਜ ਦੀ ਸਮੱਸਿਆ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ
NEXT STORY