ਮੋਗਾ (ਗੋਪੀ ਰਾਊਕੇ) : ਪੰਜਾਬ 'ਚ ਸੱਤਾਧਾਰੀ ਧਿਰ ਕਾਂਗਰਸ ਨੇ ਆਪਣੇ ਸਾਢੇ ਤਿੰਨ ਵਰ੍ਹਿਆਂ ਦੇ ਕਾਰਜਕਾਲ ਦੌਰਾਨ ਖ਼ੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕੋਈ ਠੋਸ ਰਣਨੀਤੀ ਨਹੀਂ ਬਣਾਈ, ਜਿਸ ਕਰਕੇ ਖਿਡਾਰੀ ਤੇ ਖ਼ੇਡ ਪ੍ਰੇਮੀ ਨਿਰਾਸ਼ ਹਨ ਪਰ 2022 'ਚ ਜਦੋਂ ਮੁੜ ਅਕਾਲੀ ਦਲ ਦੀ ਸਰਕਾਰ ਬਣੇਗੀ ਤਾਂ ਪਹਿਲਾਂ ਦੀ ਤਰ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਕਬੱਡੀ ਦਾ ਵਰਲਡ ਕੱਪ ਮੁੜ ਸ਼ੁਰੂ ਹੋਵੇਗਾ।
ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਨੌਜਵਾਨ ਵਰਗ ਦੀ ਤਰੱਕੀ ਲਈ ਪੜ੍ਹਾਈ ਦੇ ਨਾਲ-ਨਾਲ ਖ਼ੇਡਾਂ ਦਾ ਵੀ ਅਹਿਮ ਯੋਗਦਾਨ ਹੁੰਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸੂਬੇ ਦਾ ਖ਼ੇਡ ਮਹਿਕਮਾ ਇਸ ਮਾਮਲੇ 'ਤੇ ਰੱਤੀ ਭਰ ਵੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਜਦੋਂ ਅਕਾਲੀ ਸਰਕਾਰ ਵੇਲੇ ਵਰਲਡ ਕਬੱਡੀ ਕੱਪ ਹੋਏ ਸਨ ਤਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਖੇਡਾਂ ਵੱਲ ਉਤਸ਼ਾਹ ਵਧਿਆ ਸੀ ਪਰ ਹੁਣ ਫਿਰ ਨੌਜਵਾਨ ਖ਼ੇਡਾਂ ਤੋਂ ਪਾਸੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਵਰਲਡ ਕਬੱਡੀ ਕੱਪ ਤਹਿਤ ਮੋਗਾ ਜ਼ਿਲ੍ਹੇ 'ਚ ਵੀ ਵੱਡਾ ਮੈਚ ਹੋਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇਸ ਸਬੰਧੀ ਪਹਿਲਾ ਹੀ ਐਲਾਨ ਕਰ ਚੁੱਕੇ ਹਨ। ਉਨ੍ਹਾਂ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਬੇਰੁੱਖੀ ਕਰਕੇ ਖ਼ੇਡਾਂ ਤੋਂ ਦੂਰ ਨਾ ਜਾਣ ਸਗੋਂ ਖ਼ੇਡਾਂ ਦੇ ਖ਼ੇਤਰ 'ਚ ਅੱਗੇ ਵੱਧਣ ਲਈ ਆਪਣੇ ਉਪਰਾਲੇ ਜਾਰੀ ਰੱਖਣ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
ਪੰਜਾਬ ਦੇ ਲੱਖਾਂ ਕਿਸਾਨ ਪਰਿਵਾਰਾਂ ਲਈ ਖ਼ੁਸ਼ਖ਼ਬਰੀ, ਕੈਪਟਨ ਵੱਲੋਂ ਮਿਲੀ ਪ੍ਰਵਾਨਗੀ
NEXT STORY