ਜਲੰਧਰ (ਖੁਰਾਣਾ) : ਪੁੱਡਾ ਅਤੇ ਜਲੰਧਰ ਡਿਵੈੱਲਪਮੈਂਟ ਅਥਾਰਟੀ ਅਧੀਨ ਮਾਰਕ ਕੀਤੀਆਂ 99 ਗ਼ੈਰ-ਕਾਨੂੰਨੀ ਕਾਲੋਨੀਆਂ ਵਿਚ ਬਿਜਲੀ ਕੁਨੈਕਸ਼ਨਾਂ ਅਤੇ ਬਿਜਲੀ ਢਾਂਚੇ ਦੀ ਜਾਂਚ ਲਈ ਗਠਿਤ ਕੀਤੀ ਗਈ 3 ਮੈਂਬਰੀ ਕਮੇਟੀ ਦੀ ਕਾਰਜਪ੍ਰਣਾਲੀ ’ਤੇ ਹੁਣ ਸਵਾਲ ਉੱਠਣ ਲੱਗੇ ਹਨ। ਕਮੇਟੀ ਦੇ ਗਠਨ ਨੂੰ ਡੇਢ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਜਾਂਚ ਰਿਪੋਰਟ ਉੱਚ ਅਧਿਕਾਰੀਆਂ ਨੂੰ ਨਹੀਂ ਸੌਂਪੀ ਗਈ ਹੈ। ਜ਼ਿਕਰਯੋਗ ਹੈ ਕਿ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੇ ਆਰ. ਟੀ. ਆਈ. ਐਕਟੀਵਿਸਟ ਕਰਨਪ੍ਰੀਤ ਦੀ ਸ਼ਿਕਾਇਤ ਦੇ ਆਧਾਰ ’ਤੇ 99 ਗ਼ੈਰ-ਕਾਨੂੰਨੀ ਕਾਲੋਨੀਆਂ ਵਿਚ ਜਾਰੀ ਕੀਤੇ ਗਏ ਬਿਜਲੀ ਕੁਨੈਕਸ਼ਨਾਂ, ਬਿਜਲੀ ਨੈੱਟਵਰਕ ਅਤੇ ਨਿਯਮਾਂ ਦੀ ਪਾਲਣਾ ਦੀ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਵਿਚ ਕਪੂਰਥਲਾ ਦੇ ਇੰਜੀਨੀਅਰ ਰਾਜੇਸ਼ ਕੁਮਾਰ, ਜਲੰਧਰ ਦੇ ਇੰਜੀਨੀਅਰ ਪੁਸ਼ਪਿੰਦਰ ਸਿੰਘ ਅਤੇ ਫਗਵਾੜਾ ਦੇ ਇੰਜੀਨੀਅਰ ਗਗਨਦੀਪ ਸਿੰਘ ਨੂੰ ਸ਼ਾਮਲ ਕੀਤਾ ਗਿਆ ਸੀ। ਕਮੇਟੀ ਨੂੰ 15 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਇਹ ਵੀ ਪੜ੍ਹੋ : ਟ੍ਰੇਨਾਂ ਵਿਚ ਬਿਨਾਂ ਵਜ੍ਹਾ ਚੇਨ ਖਿੱਚਣ ਵਾਲਿਆਂ ਖ਼ਿਲਾਫ਼ ਸਖ਼ਤੀ: 630 ਕੇਸ ਦਰਜ, 84,300 ਰੁਪਏ ਜੁਰਮਾਨਾ
ਸੂਤਰਾਂ ਅਨੁਸਾਰ ਨਿਰਧਾਰਿਤ ਸਮਾਂ ਹੱਦ ਖ਼ਤਮ ਹੋਣ ਤੋਂ ਕਾਫੀ ਸਮੇਂ ਬਾਅਦ ਵੀ ਰਿਪੋਰਟ ਜਮ੍ਹਾ ਨਾ ਹੋਣ ’ਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੇ ਮਾਮਲੇ ਦਾ ਦੁਬਾਰਾ ਨੋਟਿਸ ਲਿਆ ਹੈ। ਅਧਿਕਾਰੀਆਂ ਵੱਲੋਂ ਜਾਂਚ ਕਮੇਟੀ ਨੂੰ ਰਿਪੋਰਟ ਜਲਦੀ ਪੇਸ਼ ਕਰਨ ਲਈ ਰਿਮਾਈਂਡਰ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਮੇਟੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਹਰੇਕ ਕਾਲੋਨੀ ਨਾਲ ਸਬੰਧਤ ਉਪਲਬਧ ਦਸਤਾਵੇਜ਼, ਬਿਜਲੀ ਕੁਨੈਕਸ਼ਨਾਂ ਦਾ ਵੇਰਵਾ ਅਤੇ ਉਥੇ ਵਿਕਸਿਤ ਕੀਤੇ ਗਏ ਬਿਜਲੀ ਨੈੱਟਵਰਕ ਦਾ ਪੂਰਾ ਸਕੈੱਚ ਵੀ ਰਿਪੋਰਟ ਦੇ ਨਾਲ ਨੱਥੀ ਕੀਤਾ ਜਾਵੇ। ਜਾਣਕਾਰੀ ਅਨੁਸਾਰ ਉੱਚ ਅਧਿਕਾਰੀ ਇਹ ਜਾਣਨਾ ਚਾਹੁੰਦੇ ਹਨ ਕਿ ਸਬੰਧਤ ਕਾਲੋਨੀਆਂ ਵਿਚ ਬਿਜਲੀ ਕੁਨੈਕਸ਼ਨ ਕਿਸ ਆਦੇਸ਼ ’ਤੇ ਜਾਰੀ ਕੀਤੇ ਗਏ, ਬਿਜਲੀ ਢਾਂਚੇ ਦੇ ਨਿਰਮਾਣ ਲਈ ਲੋੜੀਂਦੀਆਂ ਪ੍ਰਵਾਨਗੀਆਂ ਲਈਆਂ ਗਈਆਂ ਸਨ ਜਾਂ ਨਹੀਂ ਅਤੇ ਪਾਵਰਕਾਮ ਦੇ ਨਿਯਮਾਂ ਦੀ ਕਿਸ ਹੱਦ ਤੱਕ ਪਾਲਣਾ ਕੀਤੀ ਗਈ। ਇਸੇ ਕਾਰਨ ਹੁਣ ਜਾਂਚ ਰਿਪੋਰਟ ਨਾਲ ਤਕਨੀਕੀ ਅਤੇ ਪ੍ਰਸ਼ਾਸਨਿਕ ਰਿਕਾਰਡ ਵੀ ਮੰਗਿਆ ਗਿਆ ਹੈ।
ਇਹ ਵੀ ਪੜ੍ਹੋ : ਦਿੱਲੀ ਅੱਗ ਹਾਦਸਾ ਮਾਮਲੇ 'ਚ ਹੋਟਲ ਮਾਲਕ ਲਵਕੇਸ਼ ਬਜਾਜ ਗ੍ਰਿਫਤਾਰ
ਦੱਸਣਯੋਗ ਹੈ ਕਿ ਇਨ੍ਹਾਂ 99 ਕਾਲੋਨੀਆਂ ਨੂੰ ਲੈ ਕੇ ਪਹਿਲਾਂ ਹੀ ਕਈ ਸ਼ਿਕਾਇਤਾਂ ਵੱਖ-ਵੱਖ ਵਿਭਾਗਾਂ ਕੋਲ ਪਹੁੰਚ ਚੁੱਕੀਆਂ ਹਨ। ਸਾਲ 2022 ਵਿਚ ਤਤਕਾਲੀ ਡਿਪਟੀ ਕਮਿਸ਼ਨਰ ਅਤੇ ਪੁੱਡਾ ਦੇ ਚੀਫ਼ ਐਡਮਿਨਿਸਟ੍ਰੇਟਰ ਵੱਲੋਂ ਕਾਲੋਨਾਈਜ਼ਰਾਂ ਖਿਲਾਫ ਐੱਫ਼. ਆਈ. ਆਰ. ਦਰਜ ਕਰਨ ਦੀ ਸਿਫ਼ਾਰਸ਼ ਵੀ ਕੀਤੀ ਗਈ ਸੀ। ਇਸ ਤੋਂ ਬਾਅਦ ਬਿਜਲੀ ਕੁਨੈਕਸ਼ਨਾਂ ਨੂੰ ਲੈ ਕੇ ਉੱਠੇ ਸਵਾਲਾਂ ਕਾਰਨ ਪਾਵਰਕਾਮ ਨੇ ਵੱਖਰੇ ਤੌਰ ’ਤੇ ਜਾਂਚ ਸ਼ੁਰੂ ਕੀਤੀ ਸੀ। ਸੂਤਰਾਂ ਦਾ ਮੰਨਣਾ ਹੈ ਕਿ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਨਾ ਸਿਰਫ਼ ਕਾਲੋਨਾਈਜ਼ਰਾਂ, ਸਗੋਂ ਉਸ ਸਮੇਂ ਦੀਆਂ ਪ੍ਰਕਿਰਿਆਵਾਂ ਨਾਲ ਜੁੜੇ ਅਧਿਕਾਰੀਆਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿਚ ਆ ਸਕਦੀ ਹੈ। ਅਜਿਹੇ ਵਿਚ ਹੁਣ ਸਭ ਦੀਆਂ ਨਜ਼ਰਾਂ ਉਸ ਰਿਪੋਰਟ ’ਤੇ ਟਿਕੀਆਂ ਹੋਈਆਂ ਹਨ, ਜਿਸ ਦਾ ਇੰਤਜ਼ਾਰ ਪਾਵਰਕਾਮ ਮੁੱਖ ਦਫ਼ਤਰ ਵੀ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧੁਲੇਤਾ 'ਚ ਲੁਟੇਰਿਆਂ ਦਾ ਕਹਿਰ: ਕਾਮੇ ਨੂੰ ਪਿਸਤੌਲ ਦੀ ਨੋਕ 'ਤੇ ਬਣਾਇਆ ਬੰਦੀ, ਲੱਖਾਂ ਦੇ ਪਸ਼ੂ ਤੇ ਮਹਿੰਗੇ ਕਬੂਤਰ ਲੁੱਟੇ
NEXT STORY