ਜਲੰਧਰ/ਸ਼ਾਹਕੋਟ (ਵੈੱਬ ਡੈਸਕ, ਅਰਸ਼ਦੀਪ)- ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਸ਼ਾਹਕੋਟ ਵਿਖੇ ਦਿਹਾਤੀ ਪੁਲਸ ਵੱਲੋਂ ਵੱਡਾ ਐਨਕਾਊਂਟਰ ਕਰ ਦਿੱਤਾ ਗਿਆ। ਪੁਲਸ ਅਤੇ ਨਸ਼ਾ ਤਸਕਰਾਂ ਵਿਚਾਲੇ ਤਾਬੜਤੋੜ ਫਾਇਰਿੰਗ ਕੀਤੀ ਗਈ ਹੈ। ਦਰਅਸਲ ਪੁਲਸ ਨਸ਼ਾ ਤਸਕਰਾਂ ਦੀ ਰੇਡ ਕਰਨ ਲਈ ਪਹੁੰਚੀ ਸੀ ਅਤੇ ਨਸ਼ਾ ਤਸਕਰਾਂ ਨੇ ਪੁਲਸ ਪਾਰਟੀ 'ਤੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ ਅਤੇ ਉਥੋਂ ਫਰਾਰ ਹੋ ਗਏ।
4 ਨਸ਼ਾ ਤਸਕਰ ਸਵਿੱਫਟ ਕਾਰ ਵਿਚ ਸਵਾਰ ਸਨ, ਜਿਨ੍ਹਾਂ ਵਿਚੋਂ ਦੋ ਮੌਕੇ 'ਤੇ ਫਰਾਰ ਹੋ ਗਏ ਦੱਸੇ ਜਾ ਰਹੇ ਹਨ ਅਤੇ ਇਕ ਨੂੰ ਗੋਲ਼ੀ ਲੱਗੀ ਹੈ। ਜ਼ਖ਼ਮੀ ਹਾਲਤ ਵਿਚ ਤਸਕਰ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ 'ਤੇ ਦਿਹਾਤੀ ਪੁਲਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ। ਮਾਡਲ ਥਾਣਾ ਸ਼ਾਹਕੋਟ ਦੀ ਪੁਲਸ ਅਤੇ 2 ਨਸ਼ਾ ਸਮੱਗਲਰਾਂ ਵਿਚਾਲੇ ਹੋਏ ਮੁਕਾਬਲੇ ’ਚ ਇਕ ਨਸ਼ਾ ਸਮੱਗਲਰ ਜ਼ਖ਼ਮੀ ਹੋ ਗਿਆ ਹੈ ਜਦਕਿ ਦੂਜੇ ਨੂੰ ਵੀ ਪੁਲਸ ਨੇ ਫੜਨ ’ਚ ਸਫ਼ਲਤਾ ਹਾਸਲ ਕੀਤੀ। ਇਸ ਸਬੰਧੀ ਐੱਸ. ਐੱਚ. ਓ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ ਪੁਲਸ ਨੂੰ ਕਿਸੇ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਇਥੇ ਇਕ ਗੈਂਗ ਸਰਗਰਮ ਹੈ, ਜੋ ਸ਼ਾਹਕੋਟ ਇਲਾਕੇ ’ਚ ਹੈਰੋਇਨ ਅਤੇ ਅਸਲੇ ਦੀ ਸਮੱਗਲਿੰਗ ਕਰਦਾ ਹੈ।
ਇਹ ਵੀ ਪੜ੍ਹੋ: ਅਕਾਲੀ ਦਲ ਨਾਲ ਸਮਝੌਤੇ ਲਈ ਬੀਬੀ ਜਗੀਰ ਕੌਰ ਨੇ ਰੱਖੀਆਂ ਇਹ ਸ਼ਰਤਾਂ
ਸੂਚਨਾ ਮਿਲਣ ’ਤੇ ਏ. ਐੱਸ. ਆਈ. ਪਰਵਿੰਦਰ ਸਿੰਘ ਨੇ ਸ਼ਾਹਕੋਟ ਥਾਣੇ ’ਚ ਮੁਕਦੱਮਾ ਦਰਜ ਕਰਕੇ ਮੁਲਜ਼ਮਾਂ ਨੂੰ ਫੜਨ ਲਈ ਸ਼ਾਹਕੋਟ ਦੇ ਮੋਗਾ ਰੋਡ ’ਤੇ ਸਡਾਨਾ ਹਸਪਤਾਲ ਸ਼ਾਹਕੋਟ ਨਜ਼ਦੀਕ ਪਹੁੰਚੇ। ਬਾਅਦ ’ਚ ਉਹ ਵੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਆ ਗਏ। ਉਨ੍ਹਾਂ ਦੱਸਿਆ ਕਿ ਉਹ ਸਿਵਲ ਡਰੈੱਸ ’ਚ ਹੋਣ ਕਾਰਨ ਮੁਲਜ਼ਮ ਉਨ੍ਹਾਂ ਨੂੰ ਪਛਾਣ ਨਹੀਂ ਸਕੇ ਪਰ ਉਨ੍ਹਾਂ ਨਾਲ ਸਾਥੀ ਵਰਦੀ ’ਚ ਹੋਣ ਕਾਰਨ ਮੁਲਜ਼ਮ ਉਨ੍ਹਾਂ ਨੂੰ ਵੇਖ ਕੇ ਉਥੋਂ ਭੱਜ ਗਏ। ਅਸੀਂ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਥੋੜਾ ਅੱਗੇ ਜਾ ਕੇ ਇਕ ਮੁਲਜ਼ਮ ਸੱਜੇ ਪਾਸੇ ਤੇ ਦੂਸਰਾ ਖ਼ੱਬੇ ਪਾਸੇ ਚਲਿਆ ਗਿਆ। ਉਨ੍ਹਾਂ ਦੱਸਿਆ ਕਿ ਉਹ ਵਿਕਾਸ ਉਰਫ਼ ਵਿੱਕੀ ਭਲਵਾਨ ਪੁੱਤਰ ਸੁਖਦੇਵ ਵਾਸੀ ਪੱਤੀ ਮਲਸੀਆਂ ਦਾ ਪਿੱਛਾ ਕਰਨ ਲੱਗ ਪਏ ਤੇ ਬਾਕੀ ਪੁਲਸ ਪਾਰਟੀ ਅਰਸ਼ਦੀਪ ਸਿੰਘ ਉਰਫ਼ ਅਰਸ਼ ਵਾਸੀ ਪਿੰਡ ਫ਼ਖਰੂਵਾਲ (ਥਾਣਾ ਸ਼ਾਹਕੋਟ) ਦੇ ਪਿੱਛੇ ਚਲੀ ਗਈ। ਥੋੜੀ ਦੂਰ ਜਾ ਕੇ ਵਿੱਕੀ ਭਲਵਾਨ ਨੇ ਉਨ੍ਹਾਂ ’ਤੇ ਫਾਇਰ ਕੀਤਾ ਅਤੇ ਜਵਾਬ ’ਚ ਉਨ੍ਹਾਂ ਨੇ ਵੀ ਮੁਲਜ਼ਮ ’ਤੇ ਗੋਲੀ ਚਲਾਈ, ਜੋ ਉਸ ਦੇ ਸੱਜੇ ਪੱਟ ਨੂੰ ਛੂਹ ਕੇ ਨਿਕਲ ਗਈ ਅਤੇ ਉਹ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਾਥੀਆਂ ਨੇ ਦੂਸਰੇ ਮੁਲਜ਼ਮ ਅਰਸ਼ਦੀਪ ਸਿੰਘ ਉਰਫ਼ ਅਰਸ਼ ਨੂੰ ਵੀ ਕਾਬੂ ਕਰ ਲਿਆ।
ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋਏ ਮੁਲਜ਼ਮ ਵਿੱਕੀ ਭਲਵਾਨ ਨੂੰ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਲਿਆਂਦਾ ਗਿਆ, ਜਿੱਥੇ ਐਮਰਜੈਂਸੀ ਡਿਊਟੀ ’ਤੇ ਮੌਜੂਦ ਡਾਕਟਰ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਜਲੰਧਰ ਰੈਫ਼ਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿੱਕੀ ਭਲਵਾਨ ਕੋਲੋਂ ਇਕ ਪਿਸਤੌਲ ਤੇ ਦੋਸ਼ੀ ਅਰਸ਼ਦੀਪ ਸਿੰਘ ਕੋਲੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਸ ਤੋਂ ਇਲਾਵਾ 4 ਜ਼ਿੰਦਾ ਰੌਂਦ, 21 ਹਜ਼ਾਰ ਦੀ ਡਰੱਗ ਮਨੀ ਅਤੇ ਇਕ ਖੋਲ੍ਹ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਗੈਂਗ ਦੇ 6 ਮੈਂਬਰ ਹਨ ਅਤੇ ਬਾਕੀਆਂ ਦੀ ਭਾਲ ’ਚ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਖੜਾ ਨਹਿਰ ’ਚ ਰੁੜੇ 16 ਸਾਲਾ ਲੜਕੇ ਦੀ ਲਾਸ਼ ਹੋਈ ਬਰਾਮਦ
NEXT STORY