ਫਗਵਾੜਾ (ਜਲੋਟਾ) : ਫਗਵਾੜਾ ਪੁੱਜੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਅੱਜ ਅਕਾਲੀ ਦਲ ਅਤੇ ਬਸਪਾ ਦੇ ਵਰਕਰਾਂ ਨਾਲ ਮਿਲੇ ਪਰ ਕੁਝ ਦੂਰੀ 'ਤੇ ਪੰਜਾਬ ਸਰਕਾਰ ਅਤੇ ਖੰਡ ਮਿੱਲ ਦੇ ਮਾਲਕਾਂ ਖ਼ਿਲਾਫ਼ ਰੋਸ ਧਰਨੇ 'ਤੇ ਪਿਛਲੇ ਕਈ ਦਿਨਾਂ ਤੋਂ ਬੈਠੇ ਹੋਏ ਕਿਸਾਨਾਂ ਨੂੰ ਨਹੀਂ ਮਿਲਣ ਗਏ। ਇਸ ਗੱਲ ਦੀ ਚਰਚਾ ਸਿਆਸੀ ਗਲਿਆਰਿਆਂ 'ਚ ਪੂਰੇ ਜ਼ੋਰ ਸ਼ੋਰ ਨਾਲ ਹੋ ਰਹੀ ਹੈ ।
ਉਧਰ ਫਗਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ 'ਤੇ ਨਸ਼ੇ ਆਦਿ ਨੂੰ ਲੈ ਕੇ ਝੂਠੇ ਪੁਲਸ ਕੇਸ ਦਰਜ ਕਰਵਾਉਣ ਵਾਲੀ ਕਾਂਗਰਸ ਸਰਕਾਰ ਹੁਣ ਇਤਿਹਾਸ ਦਾ ਹਿੱਸਾ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਜਦ ਸੂਬੇ ਦਾ ਮੁੱਖ ਮੰਤਰੀ ਦੋ-ਦੋ ਥਾਵਾਂ ਤੋਂ ਵਿਧਾਨ ਸਭਾ ਸੀਟਾਂ 'ਤੇ ਚੋਣਾਂ ਲੜਿਆ ਹੋਵੇ ਅਤੇ ਦੋਵਾਂ ਥਾਵਾਂ ਤੋਂ ਬੁਰੀ ਤਰ੍ਹਾਂ ਨਾਲ ਹਾਰ ਗਿਆ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਉਨ੍ਹਾਂ 'ਤੇ ਝੂਠੇ ਪੁਲਸ ਕੇਸ ਦਰਜ ਕਰਵਾਏ ਸਨ ਦੀ ਹਾਲਤ ਇਹ ਹੋ ਚੁੱਕੀ ਹੈ ਕਿ ਉਹ ਤਾਂ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਭੱਜ ਗਏ ਹਨ।
ਇਹ ਵੀ ਪੜ੍ਹੋ : ਏ.ਟੀ.ਐਮ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਪੁਲਸ ਨੇ 15 ਘੰਟਿਆਂ 'ਚ ਦਬੋਚੇ
ਉਨ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਤੰਜ ਕੱਸਦਿਆਂ ਕਿਹਾ ਕਿ ਮੈਂ ਉਸ ਦੀ ਗੱਲ ਕੀ ਕਰਾਂ ਉਸ ਲਈ ਤਾਂ ਹੁਣ ਮੈਂ ਵਾਹਿਗੁਰੂ ਅੱਗੇ ਅਰਦਾਸ ਹੀ ਕਰ ਸਕਦਾ ਹਾਂ। ਉਨ੍ਹਾਂ ਕਿਹਾ ਕਿ ਜੇਲ੍ਹ 'ਚ ਸਿੱਧੂ ਉਨ੍ਹਾਂ ਦੀ ਨਾਲ ਦੇ ਬੈਰਕ 'ਚ ਮੌਜੂਦ ਸੀ ਅਤੇ ਉਸਦੀ ਹਾਲਤ ਵੇਖ ਕੇ ਤਰਸ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਉਹ ਸਿੱਧੂ ਜੋ ਇਹ ਆਖਦਾ ਹੁੰਦਾ ਸੀ ਕਿ ਉਹ ਡੀਜੀਪੀ ਲਗਾ ਰਿਹਾ ਹੈ ਅਤੇ ਪੰਜਾਬ 'ਚ ਏਜੀ ਲਗਾਉਂਦਾ ਹੈ ਨੂੰ ਪ੍ਰਮਾਤਮਾ ਨੇ ਇਨਸਾਫ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵੀ ਜਦ ਉਨ੍ਹਾਂ ਨੂੰ ਝੂਠੇ ਪੁਲਸ ਕੇਸ 'ਚ ਫਸਾਇਆ ਗਿਆ ਸੀ ਪ੍ਰਮਾਤਮਾ ਅੱਗੇ ਸਿੱਧੂ ਨੂੰ ਲੈ ਕੇ ਅਰਦਾਸ ਕੀਤੀ ਗਈ ਸੀ ਜਿਸ ਦਾ ਇਨਸਾਫ਼ ਸਭ ਦੇ ਅੱਗੇ ਆਇਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਨੂੰ ਸੂਬੇ ਦੀ ਨਵੀਂ ਤਕਦੀਰ ਲਿਖਣ ਵਾਲਾ ਵਿਭਾਗ ਬਣਾਏਗੀ : ਬੈਂਸ
ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ ਅਤੇ ਜਿਸ ਤਰੀਕੇ ਨਾਲ ਜ਼ਿਮਨੀ ਚੋਣਾਂ 'ਚ ਭਗਵੰਤ ਮਾਨ ਸਰਕਾਰ ਦੀ ਕਰਾਰੀ ਹਾਰ ਹੋਈ ਹੈ ਉਸ ਨੇ ਸਾਬਤ ਕਰ ਦਿੱਤਾ ਹੈ ਪੰਜਾਬੀਆਂ ਦਾ ਮਨ ਇਸ ਸਰਕਾਰ ਤੋਂ ਕੁੱਝ ਮਹੀਨਿਆਂ 'ਚ ਹੀ ਭਰ ਚੁੱਕਿਆ ਹੈ। ਇਸ ਮੌਕੇ ਸੀਨੀਅਰ ਅਕਾਲੀ ਨੇਤਾ ਜਰਨੈਲ ਸਿੰਘ ਵਾਹਦ, ਸਰਵਣ ਸਿੰਘ ਕੁਲਾਰ,ਜਥੇਦਾਰ ਅਵਤਾਰ ਸਿੰਘ ਭੂੰਗਰਨੀ ਸਮੇਤ ਅਕਾਲੀ ਬਸਪਾ ਗੱਠਜੋੜ ਦੇ ਕਈ ਵੱਡੇ ਨੇਤਾ ਅਤੇ ਕਾਰਜਕਰਤਾ ਭਾਰੀ ਗਿਣਤੀ 'ਚ ਮੌਜੂਦ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੋਗਾ ਪੁਲਸ ਵੱਲੋਂ ਭਾਰੀ ਮਾਤਰਾ ’ਚ ਹੈਰੋਇਨ ਅਤੇ ਲਾਹਣ ਸਮੇਤ 3 ਕਾਬੂ
NEXT STORY