ਚੰਡੀਗੜ੍ਹ: ਪੰਜਾਬ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਹਾਈ ਲੈਵਲ ਮੀਟਿੰਗ ਸੱਦ ਲਈ ਹੈ। ਇਸ ਮੀਟਿੰਗ ਦੌਰਾਨ ਹਾਲ ਹੀ ਵਿਚ ਭਾਜਪਾ ਵੱਲੋਂ ਪੰਜਾਬ ਵਿਚ ਨਸ਼ਿਆਂ ਖ਼ਿਲਾਫ਼ ਕੱਢੀ ਗਈ ਯਾਤਰਾ ਨੂੰ ਮਿਲੇ ਹੁੰਗਾਰੇ ਦਾ ਮੰਥਨ ਕੀਤਾ ਜਾਵੇਗਾ, ਜਿਸ ਦੇ ਸਮਾਪਨ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ ਵਿਚ ਰੈਲੀ ਕੀਤੀ ਸੀ। ਅੱਜ ਤੋਂ ਇਸ ਮੁਹਿੰਮ ਦੌਰਾਨ ਲੋਕਾਂ ਵੱਲੋਂ ਮਿਲੇ ਹੁੰਗਾਰੇ ਤੇ ਫੀਡਬੈਕ ਬਾਰੇ ਮੰਥਨ ਸ਼ੁਰੂ ਹੋਣ ਜਾ ਰਿਹਾ ਹੈ। ਇਹ ਮੀਟਿੰਗਾਂ ਹਰਿਆਣਾ ਵਿਚ ਹੋ ਰਹੀਆਂ ਹਨ, ਜਿਸ ਦੀ ਅਗਵਾਈ ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐੱਲ. ਸੰਤੋਸ਼ ਕਰਨਗੇ। ਪਾਰਟੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਮੁਤਾਬਕ ਇਸ ਮੀਟਿੰਗ ਵਿਚ 'ਨਸ਼ਾ ਮੁਕਤ ਪੰਜਾਬ ਯਾਤਰਾ' ਨੂੰ ਹੁੰਗਾਰੇ ਦਾ ਮੰਥਨ ਕੀਤਾ ਜਾਵੇਗਾ ਅਤੇ ਨਾਲ ਹੀ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੀ ਰਣਨੀਤੀ ਬਾਰੇ ਵੀ ਚਰਚਾ ਕੀਤੀ ਜਾਵੇਗੀ।
ਜਾਣਕਾਰੀ ਮੁਤਾਬਕ, ਇਸ ਬੈਠਕ ਵਿਚ ਸਾਰੇ ਜ਼ਿਲ੍ਹਾ ਪ੍ਰਧਾਨਾਂ, ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਨੂੰ ਸੱਦਿਆ ਗਿਆ ਹੈ। ਬੈਠਕ ਦੌਰਾਨ ਜ਼ਮੀਨੀ ਪੱਧਰ ਦੇ ਮੁੱਦਿਆਂ, ਸੰਗਠਨਾਤਮਕ ਮਜ਼ਬੂਤੀ ਅਤੇ ਖ਼ਾਸ ਕਰਕੇ ਪੇਂਡੂ ਖੇਤਰਾਂ ਵਿਚ ਪਾਰਟੀ ਦੇ ਆਧਾਰ ਬਾਰੇ ਸਮੀਖਿਆ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਪਾਰਟੀ ਵੱਲੋਂ ਹਾਲ ਹੀ ਵਿਚ ਕੱਢੀ ਗਈ 'ਨਸ਼ਾ ਮੁਕਤ ਪੰਜਾਬ ਯਾਤਰਾ' ਨੂੰ ਮਿਲੇ ਹੁੰਗਾਰੇ ਅਤੇ ਇਸ ਦੀ ਸਫ਼ਲਤਾ ਦਾ ਜਾਇਜ਼ਾ ਵੀ ਲਿਆ ਜਾਵੇਗਾ। ਪਾਰਟੀ ਵੱਲੋਂ ਉਨ੍ਹਾਂ ਮਜ਼ਬੂਤ ਸੀਟਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਿੱਥੇ ਚੋਣ ਜਿੱਤਣ ਦੀ ਸੰਭਾਵਨਾ ਜ਼ਿਆਦਾ ਹੈ।
ਕੁਝ ਮੀਡੀਆ ਰਿਪੋਰਟਾਂ ਵਿਚ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਨ੍ਹਾਂ ਮੀਟਿੰਗਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀ ਸੰਭਾਵਨਾ ਉੱਤੇ ਵੀ ਚਰਚਾ ਹੋਣ ਦੀ ਉਮੀਦ ਹੈ। ਹਾਲਾਂਕਿ ਪਾਰਟੀ ਆਗੂਆਂ ਵੱਲੋਂ ਲਗਾਤਾਰ ਸੂਬੇ ਦੀਆਂ ਸਾਰੀਆਂ 117 ਸੀਟਾਂ 'ਤੇ ਚੋਣ ਲੜਣ ਦੀ ਗੱਲ ਆਖ਼ੀ ਜਾ ਰਹੀ ਹੈ, ਪਰ ਇਹ ਵੀ ਆਖਿਆ ਜਾ ਰਿਹਾ ਹੈ ਕਿ ਗੱਠਜੋੜ ਬਾਰੇ ਅੰਤਿਮ ਫ਼ੈਸਲਾ ਹਾਈਕਮਾਂਡ ਨੇ ਹੀ ਲੈਣਾ ਹੈ। ਫ਼ਿਲਹਾਲ ਦੋਹਾਂ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਇਕ ਦੂਜੇ ਦੇ ਖ਼ਿਲਾਫ਼ ਜ਼ਿਆਦਾ ਤਿੱਖੀ ਬਿਆਨਬਾਜ਼ੀ ਨਹੀਂ ਕੀਤੀ ਜਾ ਰਹੀ।
ਪ੍ਰੇਮਿਕਾ ਵੱਲੋਂ ਮਰਵਾਏ ਗਏ ਪ੍ਰੇਮੀ ਤਜਿੰਦਰ ਦਾ ਹੋਇਆ ਅੰਤਿਮ ਸੰਸਕਾਰ, ਹਰ ਅੱਖ ਹੋਈ ਨਮ
NEXT STORY