ਜਲੰਧਰ (ਬੁਲੰਦ) : ਪੰਜਾਬ 'ਚ ਲਗਾਤਾਰ ਤੇਜ਼ ਹੋ ਰਹੀਆਂ ਭਾਜਪਾ ਦੀਆਂ ਸਰਗਰਮੀਆਂ ਕਾਰਨ ਅਕਾਲੀ ਦਲ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਅਕਾਲੀ ਦਲ ਦੇ ਜ਼ਿਆਦਾਤਰ ਨੇਤਾ ਇਸ ਗੱਲੋਂ ਨਾਰਾਜ਼ ਅਤੇ ਹੈਰਾਨ ਵਿਖਾਈ ਦੇ ਰਹੇ ਹਨ ਕਿ ਭਾਜਪਾ ਜਿਸ ਤਰ੍ਹਾਂ ਆਰ. ਐੱਸ. ਐੱਸ. ਦੇ ਮੋਢਿਆਂ 'ਤੇ ਸਵਾਰ ਹੋ ਕੇ ਪੰਜਾਬ 'ਚ ਆਪਣੇ ਦਾਇਰੇ ਨੂੰ ਫੈਲਾਉਂਦੀ ਜਾ ਰਹੀ ਹੈ, ਉਸ ਨਾਲ ਕਿਤੇ ਅਜਿਹਾ ਨਾ ਹੋਵੇ ਕਿ ਚੋਣਾਂ ਤੱਕ ਲੋਕ ਭਾਜਪਾ ਦੇ ਭਗਵੇ ਰੰਗ 'ਚ ਰੰਗੇ ਜਾਣ ਅਤੇ ਅਕਾਲੀ ਦਲ ਦੇ ਨੀਲੇ ਰੰਗ ਨੂੰ ਭੁੱਲ ਜਾਣ। ਇਸ ਬਾਰੇ ਇਕ ਸੀਨੀਅਰ ਅਕਾਲੀ ਨੇਤਾ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਪੰਜਾਬ 'ਚ ਇਸ ਗਠਜੋੜ ਦਾ ਭਵਿੱਖ ਜ਼ਿਆਦਾ ਉਜਵਲ ਨਹੀਂ ਹੈ। ਉਕਤ ਅਕਾਲੀ ਨੇਤਾ ਨੇ ਕਿਹਾ ਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਹਰਿਆਣਾ 'ਚ ਭਾਜਪਾ ਨਾਲ ਇਕੱਠਿਆਂ ਚੋਣਾਂ ਲੜਦੇ ਪਰ ਭਾਜਪਾ ਨੇ ਸਾਨੂੰ ਕੋਈ ਮੌਕਾ ਨਹੀਂ ਦਿੱਤਾ। ਭਾਜਪਾ ਨੇ ਬਿਨਾਂ ਅਕਾਲੀ ਦਲ ਨਾਲ ਕੋਈ ਬੈਠਕ ਕੀਤੇ ਖੁਦ ਹੀ ਸਾਰੀਆਂ 90 ਸੀਟਾਂ 'ਤੇ ਚੋਣ ਲੜਨ ਦਾ ਫੈਸਲਾ ਲੈ ਲਿਆ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ 2014 'ਚ ਵੀ ਅਕਾਲੀ ਦਲ ਚਾਹੁੰਦਾ ਸੀ ਕਿ ਹਰਿਆਣਾ 'ਚ ਭਾਜਪਾ ਦੇ ਨਾਲ ਮਿਲ ਕੇ ਚੋਣਾਂ ਲੜੇ, ਉਦੋਂ ਵੀ ਭਾਜਪਾ ਨੇ ਅਕਾਲੀ ਦਲ ਨੂੰ ਅਣਦੇਖਿਆ ਕਰ ਦਿੱਤਾ ਸੀ। ਇਸੇ ਤਰ੍ਹਾਂ ਪੰਜਾਬ 'ਚ ਹੋਣ ਵਾਲੀਆਂ 2022 'ਚ ਵਿਧਾਨ ਸਭਾ ਚੋਣਾਂ 'ਚ ਵੀ ਭਾਜਪਾ ਦੇ ਤੇਵਰ ਲਗਾਤਾਰ ਬਦਲਦੇ ਦਿਖਾਈ ਦੇ ਰਹੇ ਹਨ। ਇਸ ਨਾਲ ਅਕਾਲੀ ਦਲ ਨੂੰ ਵੀ ਕਈ ਸਖ਼ਤ ਫੈਸਲੇ ਲੈਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਦੂਜੇ ਪਾਸੇ ਜਾਣਕਾਰ ਦੱਸਦੇ ਹਨ ਕਿ ਭਾਜਪਾ ਲਗਾਤਾਰ ਇਕ ਅਜਿਹੇ ਸਿੱਖ ਦੀ ਭਾਲ 'ਚ ਹੈ, ਜੋ ਕਿ ਬਾਦਲਾਂ ਅਤੇ ਕੈਪਟਨ ਸਣੇ ਹੋਰ ਛੋਟੇ-ਮੋਟੇ ਨੇਤਾਵਾਂ ਨੂੰ ਸਖ਼ਤ ਟੱਕਰ ਦੇ ਸਕੇ। ਇਸ ਦੇ ਲਈ ਭਾਜਪਾ ਕਈ ਵੱਡੇ ਨੇਤਾਵਾਂ ਤੱਕ ਅਪਰੋਚ ਕਰ ਚੁੱਕੀ ਹੈ। ਇਸ ਮਾਮਲੇ 'ਚ ਭਾਜਪਾ ਆਪਣਾ ਸਭ ਤੋਂ ਵੱਡਾ ਪੱਤਾ ਇਹ ਵੀ ਚੱਲ ਸਕਦੀ ਹੈ ਕਿ ਉਹ ਪੰਜਾਬ 'ਚ ਮੁੱਖ ਮੰਤਰੀ ਅਹੁਦੇ ਲਈ ਕਿਸੇ ਦਲਿਤ ਨੂੰ ਉਮੀਦਵਾਰ ਦੇ ਤੌਰ 'ਤੇ ਸਾਹਮਣੇ ਲਿਆ ਕੇ ਖੜ੍ਹਾ ਕਰ ਦੇਵੇ। ਉਥੇ ਹੀ ਪੰਜਾਬ 'ਚ ਭਾਜਪਾ 'ਚ ਕੁਝ ਮਹੀਨੇ ਪਹਿਲਾਂ ਸ਼ੁਰੂ ਹੋਈ ਮੈਂਬਰਸ਼ਿਪ ਮੁਹਿੰਮ ਨੂੰ ਜਿਸ ਤਰ੍ਹਾਂ ਭਾਰੀ ਸਫਲਤਾ ਮਿਲੀ ਹੈ, ਉਸ ਨਾਲ ਪੰਜਾਬ 'ਚ ਭਾਜਪਾ ਦੇ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ। ਭਾਜਪਾ ਦੇ ਇਕ ਵੱਡੇ ਨੇਤਾ ਦਾ ਕਹਿਣਾ ਹੈ ਕਿ ਪੰਜਾਬ 'ਚ ਅਸੀਂ 2 ਲੱਖ ਮੈਂਬਰ ਭਰਤੀ ਕਰਨ ਦੀ ਮੁਹਿੰਮ ਨੂੰ ਲੈ ਕੇ ਉਤਰੇ ਸੀ ਪਰ ਹੁਣ ਤੱਕ 5 ਲੱਖ ਮੈਂਬਰ ਭਾਜਪਾ ਨਾਲ ਜੁੜ ਚੁੱਕੇ ਹਨ। ਇਸ ਨਾਲ ਭਾਜਪਾ ਹਾਈ ਕਮਾਨ ਬੇਹੱਦ ਉਤਸ਼ਾਹਿਤ ਹੈ ਅਤੇ ਪੰਜਾਬ 'ਚ ਇਕੱਲੇ ਭਾਜਪਾ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ ਪਰ ਅਜੇ ਇਸ ਮਾਮਲੇ 'ਚ ਕੋਈ ਫੈਸਲਾ ਨਹੀਂ ਲਿਆ ਕਿਉਂਕਿ ਨਰਿੰਦਰ ਮੋਦੀ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦੇ ਰਿਸ਼ਤੇ ਚੰਗੇ ਹਨ ਪਰ ਉਥੇ ਹੀ ਅਮਿਤ ਸ਼ਾਹ ਪੰਜਾਬ ਲਈ ਵੱਖਰੀ ਸੋਚ ਰੱਖਦੇ ਹਨ ਅਤੇ ਪੰਜਾਬ 'ਚ ਕਮਲ ਨੂੰ ਖਿੜਦਾ ਵੇਖਣਾ ਚਾਹੁੰਦੇ ਹਨ।
ਜਾਣਕਾਰਾਂ ਅਨੁਸਾਰ ਸੁਖਬੀਰ ਬਾਦਲ ਭਾਜਪਾ ਦੇ ਕੌਮੀ ਪ੍ਰਧਾਨ ਨੱਢਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਸਕਦੇ ਹਨ, ਜਿਸ ਦੌਰਾਨ ਪੰਜਾਬ 'ਚ ਭਾਜਪਾ ਦੇ ਵਧਦੇ ਦਾਇਰੇ ਅਤੇ ਵੱਖਰੇ ਤੌਰ 'ਤੇ ਚੋਣਾਂ ਲੜਨ ਦੀਆਂ ਚੱਲ ਰਹੀਆਂ ਅਫਵਾਹਾਂ 'ਤੇ ਵੀ ਚਰਚਾ ਕੀਤੀ ਜਾ ਸਕਦੀ ਹੈ। ਇਸ ਦੌਰਾਨ ਸੁਖਬੀਰ ਰੈਸਕਿਊ ਕਰ ਕੇ ਪੰਜਾਬ 'ਚ ਅਕਾਲੀ ਦਲ ਅਤੇ ਭਾਜਪਾ ਦੇ ਰਿਸ਼ਤਿਆਂ 'ਚ ਆਈ ਖਟਾਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਮਾਮਲੇ ਬਾਰੇ ਇਕ ਵੱਡੇ ਆਰ. ਐੱਸ. ਐੱਸ. ਨੇਤਾ ਦਾ ਕਹਿਣਾ ਹੈ ਕਿ ਜੇਕਰ 2022 ਵਿਚ ਦੋਵੇਂ ਪਾਰਟੀਆਂ ਇਕੱਠਿਆਂ ਚੋਣ ਲੜਦੀਆਂ ਹਨ ਤਾਂ ਉਹ ਸਿਰਫ ਇਕ ਕਾਰਣ ਕਰ ਕੇ ਹੀ ਸੰਭਵ ਹੋ ਸਕੇਗਾ ਅਤੇ ਉਹ ਕਾਰਣ ਪ੍ਰਕਾਸ਼ ਸਿੰਘ ਬਾਦਲ ਹਨ ਪਰ ਜੇਕਰ ਵੱਡੇ ਬਾਦਲ ਉਦੋਂ ਤੱਕ ਸੱਤਾ ਵਿਚ ਸਰਗਰਮ ਨਾ ਰਹੇ ਤਾਂ ਅਜਿਹਾ ਹੋਣਾ ਘੱਟ ਹੀ ਸੰਭਵ ਹੈ।
ਮੋਗਾ : ਬੈਂਸ ਸਮਰਥਕਾਂ ਨੇ ਫੂਕਿਆ ਕੈਪਟਨ ਦਾ ਪੁਤਲਾ
NEXT STORY