ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ) - ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਗੁਰਵਿੰਦਰ ਸਿੰਘ ਮੰਮਣਕੇ ਬੀਤੇ ਸਾਢੇ ਤਿੰਨ ਦਹਾਕਿਆਂ ਤੋਂ ਸੂਬੇ ਦੀ ਸਿਆਸਤ ’ਚ ਅਹਿਮ ਅਤੇ ਸਰਗਰਮ ਭੂਮਿਕਾ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਵਲੋਂ ਆਪਣੇ ਸਿਆਸੀ ਜੀਵਨ ਦੌਰਾਨ ਕਈ ਅਹਿਮ ਮਸਲੇ ਹੱਲ ਕਰਵਾਏ ਹਨ ਅਤੇ ਰਾਜਨੀਤੀ ’ਚ ਧਾਂਕ ਸਥਾਪਿਤ ਕੀਤੀ ਹੈ। ‘ਜਗ ਬਾਣੀ’ ਦੇ ਪਾਠਕਾਂ ਲਈ ਉਨ੍ਹਾਂ ਨਾਲ ਕੀਤੀ ਇਕ ਅਹਿਮ ਮੁਲਾਕਾਤ ਦੇ ਅੰਸ਼ ਪੇਸ਼ ਕੀਤੇ ਗਏ ਹਨ ਜਿਨ੍ਹਾਂ ’ਚ ਉਨ੍ਹਾਂ ਕਈ ਕਰੰਟ ਮੁੱਦਿਆਂ ’ਤੇ ਗੰਭੀਰਤਾ ਨਾਲ ਵਿਚਾਰ ਪੇਸ਼ ਕੀਤੇ ਹਨ।
ਇਹ ਵੀ ਪੜ੍ਹੋ : ਪੰਜਾਬ ’ਚ 6733 ਮੌਤਾਂ ’ਤੇ ਸਰਕਾਰ ਤੋਂ HC ਨੇ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ
ਸਵਾਲ - ਪ੍ਰੋ. ਸਾਹਿਬ ਤੁਸੀਂ ਲੰਬੇ ਅਰਸੇ ਤੋਂ ਅਟਾਰੀ ਕੌਮਾਂਤਰੀ ਸਰਹੱਦ ਰਾਹੀਂ ਮੁਡ਼ ਵਪਾਰ ਸ਼ੁਰੂ ਕਰਵਾਉਣ ਲਈ ਯਤਨਸ਼ੀਲ ਹੋ। ਕੀ ਤੁਹਾਡੀਆਂ ਕੋਸ਼ਿਸ਼ਾਂ ਨੂੰ ਬੂਰ ਪਵੇਗਾ?
ਜਵਾਬ - ਮੈਂ ਲੰਬੇ ਅਰਸੇ ਤੋਂ ਜ਼ਮੀਨੀ ਪੱਧਰ ’ਤੇ ਇਸ ਮਸਲੇ ਦੇ ਹੱਲ ਲਈ ਯਤਨਸ਼ੀਲ ਰਿਹਾ ਹਾਂ ਅਤੇ ਕਈ ਮੁਲਾਕਾਤਾਂ ਵੱਖ-ਵੱਖ ਕੇਂਦਰੀ ਨੇਤਾਵਾਂ ਨਾਲ ਇਸ ਵਿਸ਼ੇਸ਼ ਅਧਾਰਿਤ ਕਰ ਚੁੱਕਾ ਹਾਂ। ਮੇਰੀਆਂ ਕੋਸ਼ਿਸ਼ਾਂ ਨੂੰ ਸਫਲਤਾ ਮਿਲਣ ’ਚ ਇੰਤਜ਼ਾਰ ਦੀਆਂ ਘਡ਼ੀਆਂ ਖਤਮ ਹੋ ਰਹੀਆਂ ਹਨ ਅਤੇ ਕੇਂਦਰ ਸਰਕਾਰ ਪਾਕਿਸਤਾਨ ਨਾਲ ਮੁਡ਼ ਵਪਾਰ ਸ਼ੁਰੂ ਕਰਨ ਦੀ ਤਜਵੀਜ਼ ਨੂੰ ਅਮਲ ’ਚ ਲਿਆ ਰਹੀ ਹੈ।
ਸਵਾਲ - ਪੰਜਾਬ ਅੰਦਰ ਅਕਾਲੀ ਦਲ ਨਾਲ ਮੁਡ਼ ਗਠਜੋਡ਼ ਦੇ ਚਰਚੇ ਛਿਡ਼ ਰਹੇ ਹਨ ਕੀ ਅਗਾਮੀ ਚੋਣਾਂ ’ਚ ਅਕਾਲੀ ਦਲ ਮੁਡ਼ ਐੱਨ. ਡੀ. ਏ. ਦਾ ਹਿੱਸਾ ਬਣ ਸਕਦਾ ਹੈ?
ਜਵਾਬ-ਪੰਜਾਬ ਦੀ ਖੇਤਰੀ ਪਾਰਟੀ ਹੋਣ ਦੇ ਬਾਵਜੂਦ ਅਕਾਲੀ ਦਲ ਭਾਜਪਾ ਨਾਲ ਗਠਜੋੜ ਟੁੱਟਣ ਤੋਂ ਬਾਅਦ ਕਮਜ਼ੋਰ ਹੋ ਕੇ ਰਹਿ ਗਿਆ ਹੈ। ਇਸ ’ਤੇ ਇਕ ਪਰਿਵਾਰਕ ਪਾਰਟੀ ਹੋਣ ਅਤੇ ਬੀਤੇ ਅਰਸੇ ’ਚ ਸਿੱਖ ਸਿਧਾਂਤਾਂ ਨਾਲ ਕੀਤਾ ਖਿਲਵਾਡ਼ ਅਤੇ ਲੋਕ ਵਿਰੋਧੀ ਨੀਤੀਆਂ ’ਚ ਨਿਭਾਈ ਭੂਮਿਕਾ ਦੇ ਦੋਸ਼ ਇਸ ਧਿਰ ਨੂੰ ਅਜੇ ਤੱਕ ਸਟੈਂਡ ਨਹੀਂ ਹੋਣ ਦੇ ਰਹੇ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ ਅਦੰਸ਼ੀ ਸੋਚ ਹੈ ਅਤੇ ਉਹ ਸੂਬੇ ਨਾਲ ਦਿਲੋ ਪਿਆਰ ਰੱਖਦੇ ਹਨ। ਇਸ ਲਈ ਉਹ ਇਸ ਪੱਖ ਨੂੰ ਜ਼ਰੂਰ ਵਿਚਾਰ ਸਕਦੇ ਹਨ ਪਰ ਇਸ ਦਾ ਅਧਿਕਾਰ ਮਹਿਜ ਹਾਈਕਮਾਂਡ ਦੇ ਹੱਥ ਹੈ।
ਸਵਾਲ - ਐੱਸ.ਵਾਈ.ਐੱਲ ਦੇ ਮੁੱਦੇ ਦੇ ਸਥਾਈ ਹੱਲ ਲਈ ਭਾਜਪਾ ਦੀ ਸੂਬਾ ਇਕਾਈ ਕੇਂਦਰ ਸਰਕਾਰ ਤੋਂ ਰਾਜ ਦੇ ਹਿਤਾਂ ਦੀ ਕਿਸ ਹੱਦ ਤੱਕ ਉਮੀਦ ਰੱਖਦੀ ਹੈ?
ਜਵਾਬ-ਐੱਸ.ਵਾਈ.ਐੱਲ. ਨੂੰ ਨਿੱਜੀ ਮੁਫਾਦਾਂ ਲਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਿਆਸੀ ਪੈਂਤਡ਼ੇ ਵਜੋਂ ਵਰਤਿਆ ਸੀ ਜੋ ਪੰਜਾਬ ਦਾ ਦੁਖਾਂਤ ਹੋ ਨਿਬਡ਼ਿਆ। ਅੱਜ ਪਾਣੀ ਦੀ ਸਮੱਸਿਆ ਪੰਜਾਬ ਲਈ ਵੱਡੀ ਤ੍ਰਾਸਦੀ ਬਣ ਗਈ ਹੈ। ਭਾਜਪਾ ਦੀ ਸੂਬਾ ਇਕਾਈ ਹਾਈਕਮਾਂਡ ਨੂੰ ਇਸ ਹਕੀਕਤ ਪ੍ਰਤੀ ਜਾਣੂ ਕਰਵਾ ਚੁੱਕੀ ਹੈ। ਕੇਂਦਰ ਸਰਕਾਰ ਕਦੇ ਵੀ ਪੰਜਾਬ ਦੇ ਹਿਤਾਂ ਨੂੰ ਅਨਿਆਂ ਦੀ ਤੱਕਡ਼ੀ ਨਹੀ ਤੋਲ ਸਕਦੀ ਅਤੇ ਸੂਬੇ ਦੀ ਇਕਾਈ ਨੂੰ ਕੇਂਦਰ ਦੀ ਲੀਡਰਸ਼ਿਪ ’ਤੇ ਇਸਦਾ ਪੂਰਾ ਭਰੋਸਾ ਹੈ ਅਤੇ ਆਸ ਹੈ ਕਿ ਜਲਦ ਹੀ ਇਸ ਮੁੱਦੇ ਦਾ ਸਥਾਈ ਹੱਲ ਮਿਲ ਜਾਵੇਗਾ।
ਸਵਾਲ - ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਨੂੰ ਭਾਜਪਾਈ ਸਰਕਾਰ ਵਲੋਂ ਸ਼ੁਰੂ ਕੀਤਾ 21 ਹਜ਼ਾਰ ਪ੍ਰਤੀ ਏਕਡ਼ ਮੁਆਵਜ਼ੀ ਬੀਤੇ ਕਰੀਬ ਦੋ ਵਰ੍ਹਿਆਂ ਤੋਂ ਬੰਦ ਹੋ ਗਿਆ ਹੈ ਕੀ ਕਰੋਗੇ?
ਜਵਾਬ-ਇਹ ਮਸਲਾ ਤੁਰੰਤ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰਾਲੇ ਦੇ ਧਿਆਨ ’ਚ ਲਿਆਂਦਾ ਜਾਵੇਗਾ। ਸੂਬੇ ਦੀ ਸਰਹੱਦੀ ਪੱਟੀ ਦੇ ਕਿਸਾਨਾਂ ਦੀਆਂ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਅਤੇ ਪਾਕਿਸਤਾਨ ਵੱਲੋਂ ਡਰੋਨਾਂ ਰਾਹੀਂ ਕੀਤੀ ਜਾ ਰਹੀ ਨਸ਼ਾ ਸਮਗਲਿੰਗ ਮੁਕੰਮਲ ਰੂਪ ’ਚ ਬੰਦ ਕਰਵਾਉਣ ਹਿਤ ਕੇਂਦਰ ਨੂੰ ਪਹਿਲ ਦੇ ਅਾਧਾਰਿਤ ਦਖਲ ਦੇਣ ਦੀ ਅਪੀਲ ਕਰਾਂਗੇ।
ਸਵਾਲ - ਬਜਟ ਸੈਸ਼ਨ ਦੌਰਾਨ ਕਾਂਗਰਸ ਦੇ ਸਾਸ਼ਨ ਕਾਲ ਦੌਰਾਨ 2014 ਤੋਂ ਪਹਿਲਾਂ ਹੋਈਆਂ ਵਿੱਤੀ ਧਾਂਦਲੀਆਂ ਅਤੇ ਅਰਥਚਾਰੇ ਬਾਰੇ ਲੋਕ ਸਭਾ ’ਚ ਵ੍ਹਾਈਟ ਪੇਪਰ ਜਾਰੀ ਕੀਤਾ ਗਿਆ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਸਦਾ ਸੇਕ ਕਾਂਗਰਸ ਦੀ ਸੂਬਾ ਇਕਾਈ ਨੂੰ ਵੀ ਲੱਗ ਸਕਦਾ?
ਜਵਾਬ - ਇਹ ਇਕ ਸ਼ਲਾਘਾਯੋਗ ਫੈਸਲਾ ਹੈ ਜੋ ਦੇਸ਼ ਨੂੰ ਸਿਆਸੀ ਭ੍ਰਿਸ਼ਟਾਚਾਰੀ ਤੋਂ ਮੁਕਤ ਕਰਵਾਉਣ ਦਾ ਅਹਿਮ ਜ਼ਰੀਆ ਬਣੇਗਾ। ਕਾਂਗਰਸ ਦੀ ਸੂਬਾਈ ਲੀਡਰਸ਼ਿਪ ਭ੍ਰਿਸ਼ਟਾਚਾਰ ’ਚ ਲਿਪਤ ਹੈ ਤੇ ਇਸਦੇ ਸਾਬਕਾ ਮੰਤਰੀਆਂ ਦੀਆਂ ਪਰਤਾਂ ਲਗਾਤਾਰ ਖੁੱਲ੍ਹ ਰਹੀਆਂ ਹਨ। ਨਿਰਸੰਦੇਹ ਇਸ ਕਾਰਵਾਈ ’ਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵੀ ਬੇਨਕਾਬ ਹੋਵੇਗੀ।
ਸਵਾਲ - ਪੰਜਾਬ ਯੂਨੀਵਰਸਿਟੀ ’ਚ ਹਰਿਆਣੇ ਵਲੋਂ ਮੰਗੀ ਜਾ ਰਹੀ ਹਿੱਸੇਦਾਰੀ ਨੂੰ ਲੈ ਕੇ ਸੂਬਾ ਭਾਜਪਾ ਦਾ ਕੀ ਸਟੈਂਡ ਹੋਵੇਗਾ?
ਜਵਾਬ - ਹਰਿਆਣੇ ਨੂੰ ਇਹ ਜਿੱਦ ਛੱਡ ਦੇਣੀ ਚਾਹੀਦੀ ਹੈ। ਦੇਸ਼ ਦੇ ਬਟਵਾਰੇ ਮੌਕੇ ਲਾਹੌਰ ਤੋਂ ਚੰਡੀਗਡ਼੍ਹ ਆਈ ਯੂਨੀਵਰਸਿਟੀ ’ਤੇ ਹੱਕ ਪੰਜਾਬ ਦਾ ਹੈ ਅਤੇ ਇਹ ਰਹੇਗੀ ਵੀ ਪੰਜਾਬ ਦੀ। ਹਰਿਆਣੇ ਕੋਲ ਕਈ ਵਸੀਲੇ ਪੰਜਾਬ ਤੋਂ ਜ਼ਿਆਦੇ ਹਨ, ਜਿਸਦੇ ਮੱਦੇਨਜ਼ਰ ਇਸ ਅਦਾਰੇ ’ਤੇ ਉਸਨੂੰ ਹੱਕ ਜਤਾਉਣ ਤੋਂ ਗੁਰੇਜ ਕਰਨਾ ਚਾਹੀਦਾ।
ਇਹ ਵੀ ਪੜ੍ਹੋ : ਟਿਸ਼ੂ ਪੇਪਰ 'ਤੇ ਲਿਖ ਕੇ ਰੇਲ ਮੰਤਰੀ ਨੂੰ ਦਿੱਤਾ ਬਿਜਨਸ ਆਈਡਿਆ, 6 ਮਿੰਟ 'ਚ ਆਈ ਕਾਲ ਤੇ ਮਿਲ ਗਿਆ ਆਫ਼ਰ
ਸਵਾਲ - ਨਵਜੋਤ ਸਿੰਘ ਸਿੱਧੂ ਦੀ ਭਾਜਪਾ ’ਚ ਸ਼ਮੂਲੀਅਤ ਨੂੰ ਲੈ ਕੇ ਛਿਡ਼ੇ ਚਰਚਿਆਂ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਹੋ?
ਜਵਾਬ - ਨਿਰਸੰਦੇਹ ਨਵਜੋਤ ਸਿੱਧੂ ਇਮਾਨਦਾਰ ਲੀਡਰ ਹਨ ਅਤੇ ਉਨ੍ਹਾਂ ਨੇ ਵੱਖ-ਵੱਖ ਪਾਰਟੀਆਂ ਦੀਆਂ ਨੀਤੀਆਂ ਅਤੇ ਏਜੰਡਿਆਂ ਨੂੰ ਨੇਡ਼ਿਓਂ ਵੇਖ ਲਿਆ ਹੈ। ਉਹ ਪੰਜਾਬ ਭਾਜਪਾ ਦੀ ਟੀਮ ’ਚ ਆਉਂਦੇ ਹਨ ਤਾਂ ਨਿਸ਼ਚਿਤ ਹੀ ਸੂਬਾ ਬਾਡੀ ਮਜ਼ਬੂਤ ਹੋਵੇਗੀ ਪਰ ਇਸ ਬਾਰੇ ਅੰਤਿਮ ਨਿਰਣਾ ਪਾਰਟੀ ਦੀ ਕੌਮੀ ਹਾਈ ਕਮਾਂਡ ਨੇ ਹੀ ਲੈਣਾ ਹੈ।
ਸਵਾਲ - ਸੂਬੇ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵਲੋਂ ਦਿੱਤੇ ਅਸਤੀਫੇ ਨੂੰ ਵੱਖ-ਵੱਖ ਨਜ਼ਰੀਏ ਤੋਂ ਵੇਖਿਆ ਜਾ ਰਿਹਾ ਹੈ ਕੀ ਸੱਚਮੁਚ ਹੀ ਨਗਰ ਨਿਗਮ ਚੰਡੀਗਡ਼੍ਹ ਦੇ ਮੇਅਰ ਦੀ ਚੋਣ ਉਨ੍ਹਾਂ ਦੇ ਅਸਤੀਫੇ ਦਾ ਕਾਰਨ ਬਣੀ?
ਜਵਾਬ-ਗਵਰਨਰ ਬਨਵਾਰੀ ਲਾਲ ਪੁਰੋਹਿਤ ਸੂਝਵਾਨ ਅਤੇ ਦੂਰ ਅੰਦੇਸ਼ੀ ਵਿਅਕਤੀ ਹਨ। ਉਨ੍ਹਾਂ ਨੇ ਸਰਹੱਦੀ ਖੇਤਰ ’ਚ ਹੋ ਰਹੀ ਨਸ਼ਾ ਸਮਗਲਿੰਗ ਅਤੇ ਸੂਬੇ ਦੀਆਂ ਬੁਨਿਆਦੀ ਮੰਗਾਂ ਨੂੰ ਜਿੱਥੇ ਗੰਭੀਰਤਾ ਨਾਲ ਵੇਖਿਆ ਹੈ ਉਥੇ ਸੂਬਾ ਸਰਕਾਰ ਵਲੋਂ ਉਨ੍ਹਾਂ ਨੂੰ ਬਣਦਾ ਸਹਿਯੋਗ ਅਤੇ ਸਤਿਕਾਰ ਨਹੀਂ ਦਿੱਤਾ ਗਿਆ। ਮੇਅਰ ਦੀ ਚੋਣ ਨਾਲ ਉਨ੍ਹਾਂ ਦਾ ਸਬੰਧ ਇਨ੍ਹਾਂ ਜ਼ਿਆਦੇ ਨਹੀ ਸੀ ਪਰ ਇਸ ਮੁੱਦੇ ਦੌਰਾਨ ਦਿੱਤਾ ਗਿਆ ਅਸਤੀਫਾ ਵਿਰੋਧੀ ਧਿਰਾਂ ਨੂੰ ਬਿਆਨਬਾਜ਼ੀ ਕਰਨ ਦਾ ਇਕ ਬਹਾਨਾ ਮਿਲ ਗਿਆ ਜਦਕਿ ਉਨ੍ਹਾਂ ਇਹ ਅਸਤੀਫਾ ਨਿੱਜੀ ਕਾਰਨਾਂ ਕਰ ਕੇ ਦਿੱਤਾ ਹੈ।
ਸਵਾਲ - ਸੂਬੇ ਭਰ ’ਚ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਜ਼ੋਰਦਾਰ ਸੰਘਰਸ਼ ਹੋ ਰਿਹਾ ਹੈ ਅਤੇ ਕੇਂਦਰ ਸਰਕਾਰ ’ਤੇ ਉਨ੍ਹਾਂ ਦੀ ਰਿਹਾਈ ਲਈ ਦਬਾਅ ਬਣਾਇਆ ਜਾ ਰਿਹਾ ਹੈ। ਇਸ ਪ੍ਰਤੀ ਸੂਬਾ ਇਕਾਈ ਦਾ ਕੀ ਸਟੈਂਡ ਹੋਵੇਗਾ?
ਜਵਾਬ - ਭਾਰਤ ਸਰਕਾਰ ਨੇ ਕਾਲੀ ਸੂਚੀ ਖਤਮ ਕਰ ਕੇ ਪਹਿਲਾਂ ਹੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਹੰਭਲਾ ਮਾਰਿਆ ਹੈ। ਕਈ ਵਾਰ ਕਾਨੂੰਨੀ ਹਾਲਾਤ ਅਜਿਹੇ ਮਸਲਿਆਂ ’ਚ ਅਡ਼ਿੱਕਾ ਬਣ ਜਾਂਦੀਆਂ ਹਨ ਅਜਿਹੇ ਮੌਕੇ ਜਿੱਥੇ ਕੰਮ ਜ਼ੋਖਮ ਭਰਿਆ ਹੋਇਆ ਹੈ ਉਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਆਪਣੀ ਜਗ੍ਹਾ ਸੰਵਿਧਾਨਕ ਹੈ ਕਿਉਂਕਿ ਉਕਤ ਸਿੰਘ ਜਿੱਥੇ ਸਜ਼ਾਵਾਂ ਭੁਗਤ ਚੁੱਕੇ ਹਨ ਉਥੇ ਉਨ੍ਹਾਂ ਦੀ ਸਿਹਤ ਵੀ ਠੀਕ ਨਹੀ ਹੈ।
ਸਵਾਲ - ਦੋਸ਼ ਲੱਗ ਰਿਹਾ ਹੈ ਕਿ ਸੀ.ਬੀ.ਆਈ. ਅਤੇ ਈ. ਡੀ. ਜਿਹੀਆਂ ਕੇਂਦਰੀ ਜਾਂਚ ਏਜੰਸੀਆਂ ਨੂੰ ਕੇਂਦਰ ਸਰਕਾਰ ਸਿਆਸੀ ਬਦਲਾਖੋਰੀ ਹਿਤ ਵਰਤ ਰਹੀ ਹੈ ਜਦਕਿ ਭਾਜਪਾ ’ਚ ਮੌਜੂਦ ਭ੍ਰਿਸ਼ਟ ਆਗੂਆਂ ਜਾਂ ਹੋਰ ਪਾਰਟੀਆਂ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਦਾਗੀ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ।
ਜਵਾਬ - ਕੇਂਦਰੀ ਜਾਂਚ ਏਜੰਸੀਆਂ ਗੈਰ ਭਾਜਪਾ ਸਰਕਾਰਾਂ ਵੇਲੇ ਵੀ ਭ੍ਰਿਸ਼ਟ ਲੋਕਾਂ ਨੂੰ ਫਡ਼ਦੀਆਂ ਰਹੀਆਂ ਹਨ ਅਤੇ ਹੁਣ ਵੀ ਆਪਣਾ ਕੰਮ ਨਿਰਪੱਖਤਾ ਨਾਲ ਕਰਦੀਆਂ ਆ ਰਹੀਆਂ ਹਨ। ਅਜਿਹੀ ਇਲਜਾਮਬਾਜ਼ੀ ਉਹ ਲੋਕ ਕਰ ਰਹੇ ਹਨ ਜੋ ਖੁਦ ਭ੍ਰਿਸ਼ਟ ਹਨ। ਬੀਤੇ ਅਰਸੇ ’ਚ ਸੂਬੇ ਅੰਦਰ ਭਾਜਪਾ ’ਚ ਸ਼ਾਮਲ ਹੋਣ ਵਾਲੇ ਭ੍ਰਿਸ਼ਟ ਆਗੂਆਂ ਖਿਲਾਫ ਵੀ ਕਾਰਵਾਈ ਹੋਈ ਹੈ ਤੇ ਕੇਂਦਰ ਸਰਕਾਰ ਵਲੋਂ ਇਸ ’ਚ ਕਿਸੇ ਕਿਸਮ ਦਾ ਦਖਲ ਨਹੀ ਦਿੱਤਾ ਗਿਆ ਜਿਸ ਤੋਂ ਨਿਰਾਸ਼ ਹੋਏ ਆਗੂ ਮੁਡ਼ ਭਾਜਪਾ ਛੱਡ ਕੇ ਆਪਣੀਆਂ ਪਾਰਟੀਆਂ ’ਚ ਵਾਪਸ ਚਲੇ ਗਏ।
ਸਵਾਲ - ਸੂਬੇ ਦੀਆਂ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ’ਤੇ ਵਾਅਦਾ ਖਿਲਾਫੀ ਦਾ ਦੋਸ਼ ਲਾ ਕੇ ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗ ਕਰਨ ਦੇ ਬਾਵਜੂਦ ਮੁਡ਼ ਦੇਸ਼ ਵਿਆਪੀ ਸੰਘਰਸ਼ ਵਿੱਢਣ ਦਾ ਪ੍ਰੋਗਰਾਮ ਉਲੀਕ ਰਹੀਆਂ ਹਨ ਕੀ ਕਹੋਗੇ?
ਜਵਾਬ - ਹਰ ਮਸਲੇ ਦਾ ਹੱਲ ਸੰਘਰਸ਼ ਨਹੀ ਬਲਕਿ ਗੱਲਬਾਤ ਹੁੰਦਾ ਹੈ। ਕੇਂਦਰ ਸਰਕਾਰ ਨੇ ਬੀਤੇ ਦੋ ਵਰ੍ਹਿਆਂ ’ਚ ਕਿਸਾਨਾਂ ਨੂੰ ਸਹੂਲਤਾਂ ਦਿੱਤੀਆਂ ਹਨ ਅਤੇ ਐੱਮ.ਐੱਸ.ਪੀ. ’ਚ ਵਾਧਾ ਕੀਤਾ ਹੈ। ਸਰਕਾਰ ਕਿਸਾਨਾਂ ਦੇ ਹਰ ਮਸਲੇ ਨੂੰ ਸੁਲਝਾਉਣ ਲਈ ਯਤਨਸ਼ੀਲ ਹੈ ਅਤੇ ਆਸ ਕੀਤੀ ਜਾ ਰਹੀ ਹੈ ਕਿ ਅਗਲੇ ਦਿਨਾਂ ’ਚ ਗੱਲਬਾਤ ਰਾਹੀਂ ਇਹ ਮਸਲਾ ਵੀ ਹੱਲ ਕਰ ਲਿਆ ਜਾਵੇਗਾ।
ਸਵਾਲ - ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਕਿੰਨੀ ਕੁ ਪ੍ਰਭਾਵਸ਼ਾਲੀ ਸਮਝਦੇ ਹੋ?
ਜਵਾਬ - ਹਰ ਪਾਰਟੀ ਨੂੰ ਆਪਣੇ ਤਰੀਕੇ ਨਾਲ ਪ੍ਰਚਾਰ ਕਰਨ ਦਾ ਬੁਨਿਆਦੀ ਹੱਕ ਹੈ।
ਸਵਾਲ - ਸੂਬਾ ਬਾਡੀ ਦੀ ਮਜ਼ਬੂਤੀ ਲਈ ਨਵੇਂ ਯਤਨ ਕੀ ਹੋਣਗੇ?
ਜਵਾਬ - ਪਾਰਟੀ ਸੂਬਾ ਪ੍ਰਧਾਨ ਸੁਨੀਲ ਜਾਖਡ਼ ਦੀ ਅਗਵਾਈ ਹੇਠ ਜ਼ਮੀਨੀ ਪੱਧਰ ’ਤੇ ਗਤੀਵਿਧੀਆਂ ਕਰ ਰਹੀ ਹੈ। ਜਾਖਡ਼ ਸੁਲਝੇ ਸਿਆਸਤਦਾਨ ਦੇ ਨਾਲ ਨਾਲ ਗੰਭੀਰ ਸੋਚ ਅਤੇ ਇਮਾਨਦਾਰ ਅਕਸ ਦੇ ਮਾਲਕ ਵੀ ਹਨ।
ਸਵਾਲ - ਲੋਕ ਸਭਾ ਚੋਣਾਂ ’ਚ ਪ੍ਰਦਰਸ਼ਨ ਕਿਹੋ ਜਿਹਾ ਰਹੇਗਾ?
ਜਵਾਬ-ਜਿੱਥੇ ਪ੍ਰਦਰਸ਼ਨ ਵਧੀਆ ਹੋਵੇਗਾ ਉਥੇ ਪਹਿਲਾਂ ਨਾਲੋਂ ਵੱਧ ਸੀਟਾਂ ਪੰਜਾਬ ਅੰਦਰ ਜਿੱਤਾਂਗੇ। ਕੁੱਲ ਇੰਡੀਆ ’ਚ ਸੀਟਾਂ ਦਾ ਅੰਕਡ਼ਾ ਇਸ ਵਾਰ 400 ਤੋਂ ਪਾਰ ਹੋਵੇਗਾ।
ਇਹ ਵੀ ਪੜ੍ਹੋ : 1.5 ਲੱਖ ਰੁਪਏ ਦੇ ਪੱਧਰ 'ਤੇ ਪਹੁੰਚਿਆ ਸ਼ੇਅਰ , ਇਹ ਰਿਕਾਰਡ ਬਣਾਉਣ ਵਾਲੀ MRF ਬਣੀ ਦੇਸ਼ ਦੀ ਪਹਿਲੀ ਕੰਪਨੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਕਾਲੀ-ਭਾਜਪਾ ਗੱਠਜੋੜ ’ਤੇ ਮੀਟਿੰਗਾਂ ਦਾ ਦੌਰ ਖ਼ਤਮ, ਬਸੰਤ ਪੰਚਮੀ ਨੇੜੇ ਵੱਡੀ ਰੈਲੀ ਕਰ ਕੇ ਕੀਤਾ ਜਾਵੇਗਾ ਐਲਾਨ
NEXT STORY