ਚੰਡੀਗੜ੍ਹ (ਅਰਚਨਾ) - ਚੰਡੀਗੜ੍ਹ, ਪੰਚਕੂਲਾ ਤੇ ਮੋਹਾਲੀ 'ਚ ਡੇਂਗੂ ਮਰੀਜ਼ਾਂ ਨੂੰ ਬਲੈਕ 'ਚ ਬਲੱਡ ਮਿਲ ਰਿਹਾ ਹੈ। ਨੈਸ਼ਨਲ ਬਲੱਡ ਟ੍ਰਾਂਸਫਿਊਜਨ ਕੌਂਸਲ ਦੀਆਂ ਗਾਈਡ ਲਾਈਨਜ਼ ਦੀਆਂ ਧੱਜੀਆਂ ਉਡਾਉਂਦੇ ਹੋਏ ਹਸਪਤਾਲ ਡੇਂਗੂ ਮਰੀਜ਼ਾਂ ਤੋਂ ਪਲੇਟਲੈੱਟ ਐਫ੍ਰੇਸਿਸ ਪ੍ਰਕਿਰਿਆ ਦੇ ਨਾਂ 'ਤੇ ਮੋਟੀ ਕਮਾਈ ਕਰ ਰਹੇ ਹਨ। ਪ੍ਰਾਈਵੇਟ ਹਸਪਤਾਲ ਜਿਥੇ ਡੇਂਗੂ ਮਰੀਜ਼ਾਂ ਤੋਂ ਐਫ੍ਰੇਸਿਸ ਦੇ ਦੁੱਗਣੇ ਤੋਂ ਜ਼ਿਆਦਾ ਮੁੱਲ ਵਸੂਲ ਰਹੇ ਹਨ, ਉਥੇ ਹੀ ਸਰਕਾਰੀ ਹਸਪਤਾਲਾਂ 'ਚ ਮਹਿੰਗੀਆਂ ਐਫ੍ਰੇਸਿਸ ਕਿੱਟਾਂ ਮਰੀਜ਼ਾਂ ਦੀ ਕਮਰ ਤੋੜ ਰਹੀਆਂ ਹਨ। ਇਕ ਕਿੱਟ 8500 ਰੁਪਏ ਤੋਂ ਲੈ ਕੇ 12000 ਰੁਪਏ ਦੇ ਮੁੱਲ 'ਚ ਹੈ।
ਕਿਸੇ ਮਰੀਜ਼ ਨੂੰ ਜੇਕਰ ਪਲੇਟਲੈੱਟ ਇਕ ਯੂਨਿਟ ਚੜ੍ਹਿਆ ਹੈ ਤਾਂ ਕਿੱਟ ਦਾ ਮੁੱਲ ਮਰੀਜ਼ ਤੇ ਡੋਨਰ ਬਲੱਡ ਸਕ੍ਰੀਨਿੰਗ ਦਾ ਮੁੱਲ ਜੁੜ ਜਾਏਗਾ ਜੇਕਰ ਯੂਨਿਟ 2 ਤੋਂ 3 ਚੜ੍ਹਦੇ ਹਨ ਤਾਂ ਮਰੀਜ਼ ਨੂੰ 3-3 ਕਿੱਟਾਂ ਖਰੀਦਣੀਆਂ ਪੈ ਰਹੀਆਂ ਹਨ। ਕੌਂਸਲ ਦਾ ਨਿਯਮ ਕਹਿੰਦਾ ਹੈ ਕਿ ਐਫ੍ਰੇਸਿਸ ਦੀ ਫੀਸ 11000 ਰੁਪਏ ਤੋਂ ਜ਼ਿਆਦਾ ਨਹੀਂ ਵਸੂਲੀ ਜਾ ਸਕਦੀ ਤੇ ਇਸ ਫੀਸ 'ਚ ਡੋਨਰ ਬਲੱਡ ਸਕ੍ਰੀਨਿੰਗ ਵੀ ਸ਼ਾਮਲ ਹੈ, ਜਦੋਂਕਿ ਪ੍ਰਾਈਵੇਟ ਹਸਪਤਾਲ ਐਫ੍ਰੇਸਿਸ ਲਈ 15000 ਰੁਪਏ ਤੋਂ ਲੈ ਕੇ 20,000 ਰੁਪਏ ਵਸੂਲ ਰਹੇ ਹਨ। ਡੋਨਰ ਬਲੱਡ ਸਕ੍ਰੀਨਿੰਗ ਲਈ ਵਾਧੂ 2000 ਰੁਪਏ ਤੋਂ ਲੈ ਕੇ 6300 ਰੁਪਏ ਤਕ ਲਏ ਜਾ ਰਹੇ ਹਨ।
'ਜਗ ਬਾਣੀ' ਨੇ ਹਸਪਤਾਲ 'ਚ ਕੀਤੀ ਗਈ ਪੜਤਾਲ ਦੌਰਾਨ ਮਰੀਜ਼ਾਂ ਦੇ ਬਿੱਲ ਵੀ ਇਕੱਠੇ ਕੀਤੇ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਉਹ ਮਰੀਜ਼ ਜਿਨ੍ਹਾਂ ਨੂੰ ਡੋਨਰ ਦੀ ਮਦਦ ਦੇ ਬਿਨਾਂ ਪਲੇਟਲੈੱਟਸ ਚੜ੍ਹਾਏ ਜਾਂਦੇ ਹਨ, ਉਸਦਾ ਗੌਰਮਿੰਟ ਹਸਪਤਾਲ 'ਚ ਓਨਾ ਹੀ ਮੁੱਲ ਵਸੂਲਿਆ ਜਾ ਰਿਹਾ ਹੈ। 15000 ਤੋਂ ਜ਼ਿਆਦਾ ਪਲੇਟਲੈੱਟਸ ਵਾਲੇ ਗੌਰਮਿੰਟ ਹਸਪਤਾਲ ਦੇ ਮਰੀਜ਼ ਤੋਂ ਪ੍ਰਤੀ ਯੂਨਿਟ ਪਲੇਟਲੈੱਟਸ ਦੇ ਸਿਰਫ 300 ਰੁਪਏ ਹੀ ਵਸੂਲੇ ਜਾ ਰਹੇ ਹਨ। 15000 ਤੋਂ ਘੱਟ ਪਲੇਟਲੈੱਟਸ ਵਾਲੇ ਨੂੰ ਮਹਿੰਗੀ ਕਿੱਟ ਖਰੀਦ ਕੇ ਆਪਣਾ ਇਲਾਜ ਕਰਵਾਉਣਾ ਪੈ ਰਿਹਾ ਹੈ। ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟ੍ਰੋਲ ਵਿਭਾਗ ਮੁਤਾਬਿਕ ਚੰਡੀਗੜ੍ਹ 'ਚ ਇਸ ਸੀਜ਼ਨ 'ਚ ਡੇਂਗੂ ਦੇ 701 ਮਰੀਜ਼ ਸਾਹਮਣੇ ਆ ਚੁੱਕੇ ਹਨ।
ਇਹ ਹੈ ਪਲੇਟਲੈੱਟਸ ਐਫ੍ਰੇਸਿਸ
ਇਹ ਇਕ ਪ੍ਰੀਕਿਰਿਆ ਹੈ, ਜਿਸ ਵਿਚ ਬਲੱਡ ਡੋਨਰ ਦੇ ਸਰੀਰ 'ਚੋਂ ਖੂਨ ਕੱਢਿਆ ਜਾਂਦਾ ਹੈ ਤੇ ਐਫ੍ਰੇਸਿਸ ਕਿੱਟ ਖੂਨ ਵਿਚੋਂ ਪਲੇਟਲੈੱਟਸ ਕੱਢ ਲੈਂਦੀ ਹੈ ਤੇ ਬਚਿਆ ਹੋਇਆ ਖੂਨ ਵਾਪਿਸ ਡੋਨਰ ਦੇ ਸਰੀਰ ਵਿਚ ਚਲਿਆ ਜਾਂਦਾ ਹੈ, ਜਦੋਂਕਿ ਵੱਖਰੇ ਹੋਏ ਪਲੇਟਲੈੱਟਸ ਮਰੀਜ਼ ਦੇ ਖੂਨ 'ਚ ਚੜ੍ਹਾ ਦਿੱਤੇ ਜਾਂਦੇ ਹਨ। ਪਲੇਟਲੈੱਟਸ ਛੋਟੇ-ਛੋਟੇ ਸੈੱਲ ਫਰੈਗਮੈਂਟਸ ਹੁੰਦੇ ਹਨ, ਜੋ ਖੂਨ ਵਿਚ ਘੁੰਮਦੇ ਰਹਿੰਦੇ ਹਨ ਤੇ ਇਨ੍ਹਾਂ ਦਾ ਕੰਮ ਬਲੀਡਿੰਗ ਰੋਕਣਾ ਹੁੰਦਾ ਹੈ।
ਨਹੀਂ ਲੈ ਸਕਦੇ ਖੂਨ ਦੀ ਜ਼ਿਆਦਾ ਕੀਮਤ
ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਅਫਸਰ ਡਾ. ਗੌਰਵ ਦਾ ਕਹਿਣਾ ਹੈ ਕਿ ਨਿਯਮ ਤਾਂ ਇਹੀ ਕਹਿੰਦੇ ਹਨ ਕਿ ਬਲੱਡ ਬੈਂਕ ਵਲੋਂ ਪਲੇਟਲੈੱਟ ਐਫ੍ਰੇਸਿਸ ਲਈ 11000 ਰੁਪਏ ਤੋਂ ਵੱਧ ਨਹੀਂ ਵਸੂਲੇ ਜਾ ਸਕਦੇ। ਅਜਿਹੇ ਪ੍ਰਾਈਵੇਟ ਹਸਪਤਾਲ, ਜੋ ਖੁਦ ਬਲੱਡ ਬੈਂਕ ਵੀ ਚਲਾ ਰਹੇ ਹਨ,'ਤੇ ਵੀ ਇਹੋ ਨਿਯਮ ਲਾਗੂ ਹੁੰਦਾ ਹੈ ਕਿ ਪਲੇਟਲੈੱਟਸ ਐਫ੍ਰੇਸਿਸ ਲਈ 11000 ਰੁਪਏ ਤੋਂ ਵੱਧ ਨਹੀਂ ਵਸੂਲੇ ਜਾ ਸਕਦੇ। ਅਜਿਹਾ ਹਸਪਤਾਲ ਜਿਸ ਵਿਚ ਬਲੱਡ ਬੈਂਕ ਨਹੀਂ ਹੈ, ਉਹ ਕਿੱਟਾਂ ਦੇ ਦਮ 'ਤੇ ਜੇਕਰ ਮਰੀਜ਼ ਨੂੰ ਪਲੇਟਲੈੱਟਸ ਦੇ ਰਿਹਾ ਹੈ ਤਾਂ ਵੀ ਉਸ ਦੀ ਕੀਮਤ 11000 ਤੋਂ ਵੱਧ ਨਹੀਂ ਹੋਣੀ ਚਾਹੀਦੀ ਕਿਉਂਕਿ ਕਿੱਟਾਂ ਦੀ ਕੀਮਤ 7500 ਰੁਪਏ ਤੋਂ ਲੈ ਕੇ 8500 ਰੁਪਏ ਹੈ। ਕਿੱਟਾਂ ਦੀ ਕੀਮਤ ਤੋਂ ਇਲਾਵਾ ਜੇਕਰ ਡੇਂਗੂ ਸਕ੍ਰੀਨਿੰਗ ਜਾਂ ਪਲੇਟਲੈੱਟਸ ਕਾਊਂਟ ਆਦਿ ਦੇਖਣਾ ਹੈ ਤਾਂ ਵੀ ਪਲੇਟਲੈੱਟਸ ਐਫ੍ਰੇਸਿਸ ਦੀ ਕੀਮਤ 11000 ਰੁਪਏ ਤੋਂ ਵੱਧ ਨਹੀਂ ਲਈ ਜਾ ਸਕਦੀ। ਚੰਡੀਗੜ੍ਹ ਦੇ ਹਸਪਤਾਲ ਵਿਚ ਇਸ ਸਬੰਧੀ ਚੰਡੀਗੜ੍ਹ, ਜਦਕਿ ਮੋਹਾਲੀ ਦੇ ਹਸਪਤਾਲ 'ਚ ਡਰੱਗ ਕੰਟ੍ਰੋਲਰ ਪੰਜਾਬ ਨੂੰ ਚੈੱਕ ਕਰਨਾ ਚਾਹੀਦਾ ਹੈ, ਤਾਂ ਕਿ ਮਰੀਜ਼ਾਂ ਤੋਂ ਵੱਧ ਕੀਮਤ ਨਾ ਲਈ ਜਾਵੇ।
ਕੇਸ-1 : ਯਮੁਨਾਨਗਰ ਤੋਂ ਆਏ 31 ਸਾਲਾ ਮਰੀਜ਼ ਨੇ ਮੋਹਾਲੀ 'ਚ ਸੈਕਟਰ-62 ਦੇ ਪ੍ਰਾਈਵੇਟ ਹਸਪਤਾਲ 'ਚ ਡੇਂਗੂ ਦਾ ਇਲਾਜ ਕਰਵਾਇਆ। ਨਵੇਂਦੂ ਸੈਣੀ ਨਾਮਕ ਮਰੀਜ਼ ਨੂੰ ਕਈ ਦਿਨਾਂ ਤੋਂ ਤੇਜ਼ ਬੁਖਾਰ ਸੀ ਤੇ ਪਲੇਟਲੈੱਟ ਚੈੱਕ ਕੀਤੇ ਜਾਣ 'ਤੇ ਪਲੇਟਲੈੱਟਸ ਕਾਊਂਟ ਜਦੋਂ 28000 ਮਿਲਿਆ ਤਾਂ ਮਰੀਜ਼ ਨੂੰ ਮੋਹਾਲੀ ਦੇ ਹਸਪਤਾਲ 'ਚ ਇਲਾਜ ਲਈ ਲੈ ਗਏ, ਮਰੀਜ਼ ਦੇ ਭਰਾ ਸੁਸ਼ਾਂਤ ਨੇ ਦੱਸਿਆ ਕਿ ਹਸਪਤਾਲ ਨੇ ਉਨ੍ਹਾਂ ਦੇ ਭਰਾ ਦੇ ਪਲੇਟਲੈੱਟਸ ਐਫ੍ਰੇਸਿਸ ਲਈ 17,550 ਰੁਪਏ ਲਏ, ਜਦੋਂਕਿ ਹਸਪਤਾਲ 'ਚ ਡੇਂਗੂ ਟ੍ਰੀਟਮੈਂਟ ਦਾ ਖਰਚਾ 1 ਲੱਖ 17 ਹਜ਼ਾਰ 747 ਰੁਪਏ ਆਇਆ।
ਕੇਸ-2 : ਬਲੌਂਗੀ ਦੀ ਇਕ ਮਰੀਜ਼ ਨੇ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਡੇਂਗੂ ਦਾ ਟ੍ਰੀਟਮੈਂਟ ਲਿਆ। ਮਰੀਜ਼ ਦੀ ਮੌਤ ਦੇ ਬਾਅਦ ਪਰਿਵਾਰ ਤੋਂ ਮਰੀਜ਼ ਨੂੰ ਚੜ੍ਹਾਏ ਗਏ ਪਲੇਟਲੈੱਟਸ ਐਫ੍ਰੇਸਿਸ ਦੇ 16000 ਰੁਪਏ ਲਏ ਗਏ। ਹਸਪਤਾਲ ਕੋਲ ਖੁਦ ਦਾ ਬਲੱਡ ਬੈਂਕ ਨਹੀਂ ਹੈ। ਇਹ ਮਰੀਜ਼ ਦੇ ਡੋਨਰ ਨੂੰ ਸੋਹਾਣਾ ਹਸਪਤਾਲ ਲੈ ਜਾਂਦੇ ਹਨ, ਉਥੇ ਡੋਨਰ ਦੇ ਬਲੱਡ ਤੋਂ ਪਲੇਟਲੈੱਟਸ ਕੱਢੇ ਜਾਂਦੇ ਹਨ ਤੇ ਪਲੇਟਲੈੱਟਸ ਨੂੰ ਲਿਆ ਕੇ ਮਰੀਜ਼ ਦੇ ਖੂਨ 'ਚ ਚੜ੍ਹਾ ਦਿੱਤਾ ਜਾਂਦਾ ਹੈ।
ਕੇਸ-3 : ਪੀ. ਜੀ. ਆਈ. 'ਚ ਡੇਂਗੂ ਦਾ ਇਲਾਜ ਕਰਵਾਉਣ ਲਈ ਆਏ ਮਰੀਜ਼ਾਂ ਨੂੰ ਪਲੇਟਲੈੱਟਸ ਐਫ੍ਰੇਸਿਸ ਲਈ ਕਿੱਟ ਖਰੀਦਣੀ ਪੈਂਦੀ ਹੈ। ਇਥੇ ਕਿੱਟਾਂ ਦੋ ਤਰ੍ਹਾਂ ਦੀਆਂ ਹਨ। ਪਹਿਲੀ ਕਿੱਟ ਦਾ ਮੁੱਲ 12000 ਰੁਪਏ ਹੈ, ਜੋ ਮਰੀਜ਼ਾਂ ਨੂੰ ਛੋਟ ਦੇ ਬਾਅਦ 8500 ਰੁਪਏ 'ਚ ਲਾਈ ਜਾਣੀ ਚਾਹੀਦੀ ਤੇ ਦੂਜੀ ਕਿੱਟ ਦਾ ਮੁੱਲ 8500 ਰੁਪਏ ਹੈ ਤੇ ਉਹ 7468 ਰੁਪਏ 'ਚ ਮਰੀਜ਼ਾਂ ਨੂੰ ਮਿਲਣੀ ਚਾਹੀਦੀ ਹੈ। ਪੀ. ਜੀ. ਆਈ. 'ਚ ਇਹ ਕਿੱਟਾਂ ਮਨਮਾਨੇ ਮੁੱਲ 'ਤੇ ਵੇਚੀਆਂ ਜਾ ਰਹੀਆਂ ਹਨ, ਜਿਸ ਕਾਰਨ ਪਲੇਟਲੈੱਟਸ ਐਫ੍ਰੇਸਿਸ ਦੇ ਮੁੱਲ ਵੀ ਨਿਯਮਾਂ ਨੂੰ ਪਾਰ ਕਰ ਰਹੇ ਹਨ। ਪੀ. ਜੀ. ਆਈ. ਦੇ ਬਲੱਡ ਟ੍ਰਾਂਸਫਿਊਜਨ ਐਕਸਪਰਟ ਡਾ. ਸੁਚੇਤ ਸਚਦੇਵਾ ਦਾ ਕਹਿਣਾ ਹੈ ਕਿ ਡੇਂਗੂ ਮਰੀਜ਼ਾਂ ਨੂੰ ਪਲੇਟਲੈੱਟਸ ਕੰਸਟੈਂਟ ਚੜ੍ਹਨਾ ਹੈ ਜਾਂ ਕਿੱਟ ਦੇ ਮੁੱਲ 'ਤੇ ਡੋਨਰ ਦੀ ਪਲੇਟਲੈੱਟਸ ਦੇਣੀ ਹੈ, ਇਹ ਫੈਸਲਾ ਕਲੀਨਿਸ਼ੀਅਨ ਮਰੀਜ਼ ਦੀ ਹਾਲਤ ਵੇਖ ਕੇ ਤੈਅ ਕਰਦਾ ਹੈ।
ਕੇਸ-4 : ਜੀ. ਐੈੱਮ. ਸੀ. ਐੈੱਚ.-32 ਵਿਚ ਬਲੱਡ ਟ੍ਰਾਂਸਫਿਊੂਜਨ ਡਿਪਾਰਟਮੈਂਟ ਦੀ ਇੰਚਾਰਜ ਡਾ. ਰਵਨੀਤ ਕੌਰ ਨੇ ਦੱਸਿਆ ਕਿ ਡੇਂਗੂ ਦੇ ਮਰੀਜ਼ਾਂ ਦਾ ਇਲਾਜ ਦੋ ਕਿਸਮ ਨਾਲ ਕੀਤਾ ਜਾ ਰਿਹਾ ਹੈ। ਜਿਨ੍ਹਾਂ ਮਰੀਜ਼ਾਂ ਦੇ ਪਲੇਟਲੈੱਟਸ ਬਹੁਤ ਘੱਟ ਨਹੀਂ ਹਨ, ਉਨ੍ਹਾਂ ਨੂੰ 300 ਰੁਪਏ ਪ੍ਰਤੀ ਯੂਨਿਟ ਪਲੇਟਲੈੱਟਸ ਦਿੱਤੇ ਜਾ ਰਹੇ ਹਨ, ਜਦਕਿ ਉਸ ਮਰੀਜ਼, ਜਿਸ ਦੇ ਪਲੇਟਲੈੱਟਸ ਦੀ ਗਿਣਤੀ 28000 ਤੋਂ ਘੱਟ ਹੈ, ਉਨ੍ਹਾਂ ਨੂੰ ਕਿੱਟਾਂ ਦੀ ਮਦਦ ਨਾਲ ਪਲੇਟਲੈੱਟਸ ਦਿੱਤੇ ਜਾ ਰਹੇ ਹਨ। ਕਿੱਟਾਂ ਦੇ ਦਮ 'ਤੇ ਹੀ ਡੋਨਰ ਦੇ ਫ੍ਰੈੱਸ਼ ਬਲੱਡ ਤੋਂ ਪਲੇਟਲੈੱਟਸ ਨੂੰ ਵੱਖਰਾ ਕੀਤਾ ਜਾਂਦਾ ਤੇ ਖੂਨ ਵਾਪਸ ਡੋਨਰ ਨੂੰ ਚੜ੍ਹਾ ਦਿੱਤਾ ਜਾਂਦਾ ਹੈ, ਜਦਕਿ ਪਲੇਟਲੈੱਟਸ ਮਰੀਜ਼ ਨੂੰ ਦੇ ਦਿੱਤੇ ਜਾਂਦੇ ਹਨ। ਪਹਿਲਾਂ ਤੋਂ ਲਏ ਗਏ ਖੂਨ ਦੀ ਸੈਲਫ ਲਾਈਫ ਸਿਰਫ ਪੰਜ ਦਿਨ ਦੀ ਹੁੰਦੀ ਹੈ ਤੇ ਉਹ ਤੇਜ਼ੀ ਨਾਲ ਪਲੇਟਲੈੱਟਸ ਦੀ ਗਿਣਤੀ ਨਹੀਂ ਵਧਾ ਸਕਦੇ। ਹਸਪਤਾਲ ਵਿਚ ਮਰੀਜ਼ਾਂ ਨੂੰ 7500 ਰੁਪਏ ਤੋਂ ਲੈ ਕੇ 8500 ਰੁਪਏ ਦੀਆਂ ਕਿੱਟਾਂ ਵੇਚੀਆਂ ਜਾ ਰਹੀਆਂ ਹਨ।
ਕਾਰ 'ਚੋਂ 34 ਪੇਟੀਆਂ ਸ਼ਰਾਬ ਬਰਾਮਦ, ਸਮੱਗਲਰ ਫਰਾਰ
NEXT STORY