ਨਵਾਂਸ਼ਹਿਰ /ਕਾਠਗੜ੍ਹ (ਰਾਜੇਸ਼ ਸ਼ਰਮਾ, ਬ੍ਰਹਮਪੁਰੀ) - ਬਲਾਕ ਬਲਾਚੌਰ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੇਡੀਆਂ (ਮੰਡ) ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਉਕਤ ਸਕੂਲ ਵਿਚ ਪੜ੍ਹਦੇ ਤਕਰੀਬਨ 10 ਸਾਲ ਦੇ ਇਕ ਬੱਚੇ ਨੇ ਮੋਬਾਈਲ ’ਤੇ ਅਗਵਾ ਦੀਆਂ ਝੂਠੀਆਂ ਕਹਾਣੀਆਂ ਦੇਖ ਕੇ ਆਪਣੇ ਅਗਵਾ ਹੋਣ ਦੀ ਸਾਜ਼ਿਸ਼ ਰਚ ਕੇ ਸਕੂਲ ਦੇ ਅਧਿਆਪਕਾਂ ਅਤੇ ਪ੍ਰਸ਼ਾਸਨ ਨੂੰ ਭਾਜੜਾਂ ਪਾ ਦਿੱਤੀਆਂ।
ਇਸ ਸਬੰਧੀ ਸਕੂਲ ਦੇ ਅਧਿਆਪਕ ਸੋਹਨ ਲਾਲ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਦੱਸਿਆ ਕਿ ਉਕਤ ਬੱਚੇ ਨੇ ਖੁਦ ਦੇ ਅਗਵਾ ਹੋਣ ਦਾ ਸਨਸਨੀਖੇਜ਼ ਮਾਮਲਾ ਅਧਿਆਪਕਾਂ ਦੇ ਧਿਆਨ ਵਿਚ ਲਿਆਂਦਾ। ਬੱਚੇ ਦੀ ਗੱਲ ਸੁਣ ਕੇ ਘਬਰਾਏ ਅਧਿਆਪਕਾਂ ਨੇ ਮਾਮਲਾ ਆਪਣੇ ਵਿਭਾਗ ਦੇ ਅਧਿਕਾਰੀਆਂ ਅਤੇ ਪਿੰਡ ਦੀ ਪੰਚਾਇਤ ਦੇ ਧਿਆਨ ਵਿਚ ਲਿਆਂਦਾ, ਜਿਸ ਤੋਂ ਬਾਅਦ ਇਸ ਘਟਨਾ ਦੀ ਸੂਚਨਾ ਤੁਰੰਤ ਥਾਣਾ ਕਾਠਗੜ੍ਹ ਪੁਲਸ ਨੂੰ ਦਿੱਤੀ ਗਈ।
ਜਾਣਕਾਰੀ ਮਿਲਣ ’ਤੇ ਡੀ. ਐੱਸ. ਪੀ. ਬਲਾਚੌਰ ਸ਼ਾਮ ਸੁੰਦਰ ਸ਼ਰਮਾ ਤੇ ਇੰਸਪੈਕਟਰ ਪੂਰਨ ਸਿੰਘ ਮੌਕੇ ’ਤੇ ਪਹੁੰਚ ਗਏ। ਡੀ. ਐੱਸ. ਪੀ. ਸ਼ਾਮ ਸੁੰਦਰ ਸ਼ਰਮਾ ਨੇ ਬੱਚੇ ਨੂੰ ਘਟਨਾ ਬਾਰੇ ਪਿਆਰ ਨਾਲ ਪੁੱਛਿਆ ਤਾਂ ਉਸ ਨੇ ਸਭ ਕੁਝ ਸੱਚ ਦੱਸ ਦਿੱਤਾ। ਜਾਣਕਾਰੀ ਅਨੁਸਾਰ ਬੱਚੇ ਦੀ ਮਾਂ ਦੂਸਰਾ ਵਿਆਹ ਕਰਵਾ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਚਲੀ ਗਈ ਸੀ। ਬੱਚੇ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੀ ਮਾਂ ਕੋਲ ਰਹਿਣਾ ਚਾਹੁੰਦਾ ਹੈ, ਇਸ ਲਈ ਉਸ ਨੇ ਇਹ ਅਗਵਾ ਹੋਣ ਦਾ ਡਰਾਮਾ ਰਚਿਆ।
ਫਿਲਮੀ ਸੀਨ ਵਾਂਗ ਉਸ ਨੇ ਦੱਸਿਆ ਕਿ ਸਕੂਲ ਦੇ ਬਾਹਰ ਇਕ ਮੋਟਰਸਾਈਕਲ ਸਵਾਰ ਆਇਆ ਅਤੇ ਉਸ ਨੇ ਆਪਣੀ ਜੇਬ ਵਿਚੋਂ ਰੁਮਾਲ ਕੱਢ ਕੇ ਉਸ ’ਤੇ ਕੋਈ ਸਪਰੇਅ ਪਾਈ ਤੇ ਉਸ ਨੂੰ ਸੁੰਘਾ ਦਿੱਤੀ, ਜਿਸ ਕਾਰਨ ਉਹ ਬੋਹੋਸ਼ ਹੋ ਗਿਆ। ਇਸ ਦੌਰਾਨ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਡੀ. ਐੱਸ. ਪੀ. ਸ਼ਾਮ ਸੁੰਦਰ ਸ਼ਰਮਾ ਨੇ ਬੱਚੇ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਸਾਫ ਹੋ ਗਿਆ ਕਿ ਬੱਚਾ ਅਤੇ ਉਸ ਦੀ ਭੈਣ ਆਪਣੇ ਪਿਤਾ ਕੋਲ ਰਹਿੰਦੇ ਹਨ।
ਡੀ. ਐੱਸ. ਪੀ. ਬਲਾਚੌਰ ਸ਼ਾਮ ਸੁੰਦਰ ਸ਼ਰਮਾ ਨੇ ਬੱਚੇ ਦੇ ਪਰਿਵਾਰਕ ਮੈਂਬਰਾਂ ਅਤੇ ਪੰਚਾਇਤ ਨੂੰ ਸਖਤ ਤਾੜਨਾ ਕਰਦੇ ਹੋਏ ਕਿਹਾ ਕਿ ਦੋਵਾਂ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਕੋਲ ਭੇਜਿਆ ਜਾਵੇ ਤਾਂ ਕਿ ਉਹ ਭਵਿੱਖ ਵਿਚ ਅਜਿਹੀ ਕੋਈ ਹੋਰ ਹਰਕਤ ਨਾ ਹੋ ਸਕੇ।
ਗੋਲ਼ੀਆਂ ਦੀ ਆਵਾਜ਼ ਨਾਲ ਦਹਿਲ ਗਿਆ ਪੰਜਾਬ ਦਾ ਇਹ ਇਲਾਕਾ, ਬਣਿਆ ਦਹਿਸ਼ਤ ਦਾ ਮਾਹੌਲ
NEXT STORY