ਲੁਧਿਆਣਾ (ਰਾਜ): ਮਹਾਨਗਰ ਦੇ ਡੇਹਲੋਂ ਇਲਾਕੇ ਵਿਚੋਂ ਇਕ 27 ਸਾਲਾ ਨੌਜਵਾਨ ਸ਼ੱਕੀ ਹਾਲਾਤ ਵਿਚ ਸੂਏ (ਨਹਿਰ) ਵਿਚ ਡੁੱਬ ਗਿਆ। ਬੁੱਧਵਾਰ ਦੁਪਹਿਰ ਨੂੰ ਜੋ ਨੌਜਵਾਨ ਆਪਣੀ ਮਾਂ ਨਾਲ ਮਹਿਜ਼ ਇਕ ਘੰਟੇ ਵਿਚ ਵਾਪਸ ਆਉਣ ਦਾ ਵਾਅਦਾ ਕਰਕੇ ਨਿਕਲਿਆ ਸੀ, ਅੱਜ ਦੋ ਦਿਨ ਬੀਤ ਜਾਣ ਤੋਂ ਬਾਅਦ ਵੀ ਉਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਵਿਚ ਕੋਹਰਾਮ ਮਚਿਆ ਹੋਇਆ ਹੈ, ਉੱਥੇ ਹੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਲਾਪਤਾ ਨੌਜਵਾਨ ਦੀ ਪਛਾਣ ਵਿੱਕੀ ਕੁਮਾਰ (27) ਵਜੋਂ ਹੋਈ ਹੈ। ਵਿੱਕੀ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ ਅਤੇ ਮਿਹਨਤ-ਮਜ਼ਦੂਰੀ ਕਰਕੇ ਘਰ ਦਾ ਖਰਚ ਚਲਾਉਂਦਾ ਸੀ। ਬੁੱਧਵਾਰ ਦੁਪਹਿਰ ਕਰੀਬ 2 ਵਜੇ ਉਹ ਆਪਣੀ ਡਿਊਟੀ ਤੋਂ ਛੁੱਟੀ ਲੈ ਕੇ ਘਰ ਆਇਆ ਸੀ। ਉਸ ਨੇ ਆਪਣੀ ਮਾਂ ਪੂਨਮ ਦੇਵੀ ਤੋਂ 100 ਰੁਪਏ ਮੰਗੇ, ਪਰ ਮਾਂ ਦੇ ਮਨ੍ਹਾ ਕਰਨ 'ਤੇ ਉਸ ਨੇ ਆਪਣੇ ਪਿਤਾ ਤੋਂ ਪੈਸੇ ਲੈ ਲਏ। ਜਾਂਦੇ-ਜਾਂਦੇ ਉਸ ਨੇ ਮਾਂ ਨੂੰ ਕਿਹਾ ਸੀ ਕਿ ਉਹ ਦੋਸਤਾਂ ਨਾਲ ਸਵਿਮਿੰਗ ਪੂਲ ਵਿਚ ਨਹਾਉਣ ਜਾ ਰਿਹਾ ਹੈ ਅਤੇ ਜਲਦੀ ਹੀ ਪਰਤ ਆਵੇਗਾ ਅਤੇ ਹੁਣ ਤੱਕ ਘਰ ਨਹੀਂ ਪਰਤਿਆ ਹੈ।
ਉੱਥੇ ਹੀ, ਵਿੱਕੀ ਦੀ ਮਾਂ ਪੂਨਮ ਦੇਵੀ ਨੇ ਇਕ ਦੋਸਤ 'ਤੇ ਆਪਣੇ ਬੇਟੇ ਨੂੰ ਯੋਜਨਾਬੱਧ ਤਰੀਕੇ ਨਾਲ ਨਹਿਰ ਵਿਚ ਡੁਬਾਉਣ ਦਾ ਗੰਭੀਰ ਦੋਸ਼ ਲਗਾਇਆ ਹੈ। ਇਸ ਤੋਂ ਇਲਾਵਾ ਘਟਨਾ ਤੋਂ ਠੀਕ ਪਹਿਲਾਂ ਵਿੱਕੀ ਦੇ ਨਾਲ ਮੌਜੂਦ ਇਕ ਹੋਰ ਦੋਸਤ ਨੇ ਕੈਮਰੇ ਦੇ ਸਾਹਮਣੇ ਆ ਕੇ ਕਈ ਵੱਡੇ ਅਤੇ ਅਹਿਮ ਖੁਲਾਸੇ ਕੀਤੇ ਹਨ। ਉਸ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਕਰੀਬ 12 ਤੋਂ 1 ਵਜੇ ਦੇ ਵਿਚਕਾਰ ਸਾਰੇ ਦੋਸਤ ਇਕੱਠੇ ਹੋਏ ਸਨ। ਸ਼ੁਰੂ ਵਿਚ ਸਾਰਿਆਂ ਨੇ ਸਵਿਮਿੰਗ ਪੂਲ ਜਾਣ ਦਾ ਪਲਾਨ ਬਣਾਇਆ ਸੀ, ਪਰ ਰਸਤੇ ਵਿਚ ਲੱਕੀ ਅਤੇ ਉਸ ਦੇ ਛੇ ਹੋਰ ਸਾਥੀਆਂ ਨੇ ਅਚਾਨਕ ਆਪਣੀ ਯੋਜਨਾ ਬਦਲ ਦਿੱਤੀ। ਉਨ੍ਹਾਂ ਨੇ ਵਿੱਕੀ ਨੂੰ 12 ਕਿਲੋਮੀਟਰ ਦੂਰ ਡੇਹਲੋਂ ਵਾਲੇ ਸੂਏ (ਨਹਿਰ) 'ਤੇ ਚੱਲਣ ਲਈ ਕਿਹਾ। ਖੁਲਾਸਾ ਕਰਨ ਵਾਲੇ ਦੋਸਤ ਨੇ ਦੱਸਿਆ ਕਿ ਉਸ ਨੂੰ ਤੈਰਨਾ ਨਹੀਂ ਆਉਂਦਾ ਸੀ, ਇਸ ਲਈ ਉਹ ਉਨ੍ਹਾਂ ਦੇ ਨਾਲ ਨਹੀਂ ਗਿਆ ਅਤੇ ਵਾਪਸ ਘਰ ਪਰਤ ਆਇਆ।
ਇਸ ਤੋਂ ਬਾਅਦ ਬਾਕੀ ਲੜਕੇ ਵਿੱਕੀ ਨੂੰ ਲੈ ਕੇ ਨਹਿਰ 'ਤੇ ਚਲੇ ਗਏ, ਜਿੱਥੇ ਉਨ੍ਹਾਂ ਨੇ ਪਹਿਲਾਂ ਸ਼ਰਾਬ ਪੀਤੀ ਅਤੇ ਫਿਰ ਨਹਾਉਣ ਲਈ ਪਾਣੀ ਵਿਚ ਉਤਰ ਗਏ। ਇਸ ਦੌਰਾਨ ਵਿੱਕੀ ਡੂੰਘੇ ਪਾਣੀ ਵਿਚ ਡੁੱਬ ਗਿਆ ਅਤੇ ਲਾਪਤਾ ਹੋ ਗਿਆ। ਚਸ਼ਮਦੀਦ ਦੋਸਤ ਨੇ ਦੱਸਿਆ ਕਿ ਉਸੇ ਰਾਤ ਕਰੀਬ 10 ਵਜੇ ਜਦੋਂ ਉਸ ਨੇ ਲੱਕੀ ਨੂੰ ਫੋਨ ਕੀਤਾ, ਤਾਂ ਲੱਕੀ ਬਹੁਤ ਘਬਰਾਇਆ ਹੋਇਆ ਸੀ। ਉਸ ਨੇ ਫੋਨ 'ਤੇ ਕਿਹਾ ਕਿ "ਤੂੰ ਕਿਤੇ ਨਾ ਜਾਈਂ, ਮੈਂ ਤੈਨੂੰ ਬਾਅਦ ਵਿਚ ਸਭ ਦੱਸਦਾ ਹਾਂ"। ਇਸ ਗੱਲਬਾਤ ਤੋਂ ਬਾਅਦ ਯਾਨੀ ਅਗਲੀ ਸਵੇਰ ਤੋਂ ਹੀ ਮੁਲਜ਼ਮ ਲੱਕੀ ਦਾ ਫੋਨ ਲਗਾਤਾਰ ਸਵਿੱਚ ਆਫ ਆ ਰਿਹਾ ਹੈ, ਜਿਸ ਨਾਲ ਸ਼ੱਕ ਦੀ ਸੂਈ ਪੂਰੀ ਤਰ੍ਹਾਂ ਉਸ ਵੱਲ ਘੁੰਮ ਗਈ ਹੈ।
ਇਸ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਮਾਮਲੇ ਨੂੰ ਲੈ ਕੇ ਪੀੜਤ ਪਰਿਵਾਰ ਨੇ ਡੇਹਲੋਂ ਥਾਣੇ ਵਿਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਐਕਸ਼ਨ ਮੋਡ ਵਿਚ ਆ ਗਿਆ ਹੈ। ਅਜੇ ਤੱਕ ਨੌਜਵਾਨ ਨਹੀਂ ਲੱਭਿਆ, ਜਿਸ ਕਾਰਨ ਪੁਲਿਸ ਨੇ ਸੂਏ ਵਿਚ ਗੋਤਾਖੋਰਾਂ ਨੂੰ ਉਤਾਰਿਆ ਹੈ। ਗੋਤਾਖੋਰ ਲਗਾਤਾਰ ਨਹਿਰ ਵਿਚ ਉਸ ਦੀ ਭਾਲ ਕਰਨ ਵਿਚ ਜੁਟੇ ਹੋਏ ਹਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਦੋਸਤਾਂ 'ਤੇ ਪਰਿਵਾਰ ਨੇ ਸਾਜ਼ਿਸ਼ ਰਚਣ ਦਾ ਸੰਗੀਨ ਦੋਸ਼ ਲਗਾਇਆ ਹੈ, ਉਨ੍ਹਾਂ ਨੂੰ ਪੁੱਛਗਿੱਛ ਲਈ ਰਾਊਂਡਅਪ ਕੀਤਾ ਜਾ ਰਿਹਾ ਹੈ। ਪਰਿਵਾਰ ਦੇ ਬਿਆਨਾਂ ਅਤੇ ਤਫਤੀਸ਼ ਵਿਚ ਸਾਹਮਣੇ ਆਉਣ ਵਾਲੇ ਸੱਚ ਦੇ ਆਧਾਰ 'ਤੇ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪੰਜਾਬ ਦਾ ਇਹ ਸ਼ਹਿਰ ਰਿਹਾ ਮੁਕੰਮਲ ਬੰਦ, ਸੜਕਾਂ 'ਤੇ ਪਸਰੀ ਸੁੰਨ
NEXT STORY