ਮਾਨਸਾ, (ਮਿੱਤਲ)- ਦੇਸ਼ ਦੀ ਅਜ਼ਾਦੀ ਦਾ 79ਵਾਂ ਦਿਹਾੜਾ ਅੱਜ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਰਾਸ਼ਟਰੀ ਭਾਵਨਾ ਅਤੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ, ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਅਦਾ ਕੀਤੀ। ਰਾਸ਼ਟਰੀ ਗਾਣ ਦੀ ਧੁੰਨ ਦੇ ਚਲਦਿਆਂ ਪੰਜਾਬ ਪੁਲਿਸ ਦੇ ਜਵਾਨਾਂ ਨੇ ਸਤਿਕਾਰ ਵਜੋਂ ਸਲਾਮੀ ਭੇਂਟ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ ਅਤੇ ਪਰੇਡ ਤੋਂ ਸਲਾਮੀ ਲਈ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਅੱਜ ਅਸੀਂ 79ਵਾਂ ਆਜ਼ਾਦੀ ਦਿਵਸ ਮਨਾ ਰਹੇ ਹਾਂ ਅਤੇ ਇਸ ਮੌਕੇ ਮੈਂ ਆਪ ਸਭ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਜ਼ਾਦੀ ਘੁਲਾਟੀਆਂ ਅਤੇ ਸੈਨਿਕਾਂ ਦੇ ਪਰਿਵਾਰਾਂ ਲਈ ਬੜੇ ਅਹਿਮ ਕਦਮ ਚੁੱਕੇ ਨੇ। ਪੰਜਾਬ ਸਰਕਾਰ ਨੇ ਆਜ਼ਾਦੀ ਸੰਗਰਾਮੀਆਂ ਜਾਂ ਉਨ੍ਹਾਂ ਦੇ ਵਾਰਸਾਂ ਦੀ ਮਹੀਨਾਵਾਰ ਪੈਨਸ਼ਨ ਨੂੰ 9400 ਤੋਂ ਵਧਾ ਕੇ 11000 ਕੀਤਾ। ਸ਼ਹੀਦ ਜਵਾਨਾਂ ਦੇ ਵਾਰਸਾਂ ਲਈ ਐਕਸ ਗਰੇਸ਼ੀਆ ਰਾਸ਼ੀ 50 ਲੱਖ ਤੋਂ ਵਧਾ ਕੇ 01 ਕਰੋੜ ਕੀਤੀ। ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ 01 ਕਰੋੜ ਰੁਪਏ ਐਕਸਗ੍ਰੇਸ਼ੀਆ ਰਾਸ਼ੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸੜ੍ਹਕ ਸੁਰੱਖਿਆ ਫੋਰਸ ਨੇ 10 ਮਿੰਟ ਤੋਂ ਘੱਟ ਦੇ ਔਸਤਨ ਰਿਸਪਾਂਸ ਟਾਇਮ ਨਾਲ ਕਰੀਬ 35 ਹਜ਼ਾਰ ਸੜ੍ਹਕੀ ਹਾਦਸਿਆਂ ਵਿਚ ਸਹਾਇਤਾ ਪ੍ਰਦਾਨ ਕੀਤੀ ਹੈ, ਇਸ ਦੇ ਨਾਲ ਹੀ 15406 ਵਿਅਕਤੀਆਂ ਨੂੰ ਮੌਕੇ 'ਤੇ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ 19162 ਜ਼ਖਮੀ ਵਿਅਕਤੀਆਂ ਨੂੰ ਡਾਕਟਰੀ ਦੇਖਭਾਲ ਲਈ ਹਸਪਤਾਲਾਂ ਤੱਕ ਪਹੁੰਚਾਇਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ 118 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ 'ਸਕੂਲ ਆਫ ਐਮੀਨੈਂਸ' ਵਿਚ ਤਬਦੀਲ ਕੀਤਾ ਜਾ ਰਿਹਾ ਹੈ ਅਤੇ 115 ਸਰਕਾਰੀ ਸਕੂਲਾਂ ਦਾ ਨਾਮ ਆਜ਼ਾਦੀ ਘੁਲਾਟੀਆਂ, ਸ਼ਹੀਦਾਂ ਅਤੇ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਦੇ ਨਾਮ 'ਤੇ ਰੱਖਿਆ ਹੈ। ਸੂਬੇ ਦੇ 12 ਹਜ਼ਾਰ ਸਰਕਾਰੀ ਸਕੂਲਾਂ ਵਿਚ 02 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ।
ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਅੱਵਲ ਦਰਜੇ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸੂਬੇ ਵਿਚ 881 ਆਮ ਆਦਮੀ ਕਲੀਨਿਕ ਚਲਾਏ ਜਾ ਰਹੇ ਹਨ, ਜਿੰਨ੍ਹਾਂ ਵਿਚ 107 ਕਿਸਮ ਦੀਆਂ ਦਵਾਈਆਂ ਅਤੇ 47 ਕਿਸਮ ਦੇ ਲੈਬ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ। ਭਵਿੱਖ ਵਿਚ ਸਰਕਾਰ ਵੱਲੋਂ 200 ਹੋਰ ਆਮ ਆਦਮੀ ਕਲੀਨਿਕ ਖੋਲ੍ਹਣ ਦੀ ਯੋਜਨਾ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਪੰਜਾਬ ਸਰਕਾਰ ਵੱਲੋਂ ਚਲਾਏ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਜਿੱਥੇ ਨਸ਼ਾ ਤਸਕਰਾਂ ਨੂੰ ਸੂਬੇ ਵਿਚੋਂ ਖਦੇੜਿਆ ਹੈ ਉੱਥੇ ਹੀ ਉੱਥੇ ਹੀ 25 ਹਜ਼ਾਰ ਤੋਂ ਵੱਧ ਗ੍ਰਿਫ਼ਤਾਰੀਆਂ ਕਰਕੇ ਅਤੇ ਨਸ਼ਾ ਸਮਗਲਰਾਂ ਦੇ ਘਰ ਢਾਹ ਕੇ ਸਿੱਧ ਕੀਤਾ ਹੈ ਕਿ ਪੰਜਾਬ ਵਿਚ ਨਸ਼ਾ ਫੈਲਾਉਣ ਵਾਲਿਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਅਤਿ ਆਧੁਨਿਕ ਪ੍ਰਣਾਲੀ ਤਹਿਤ ਨਵੇਂ ਐਕਸ ਰੇਅ ਬੈਗੇਜ਼ ਸਕੈਨਰ, ਸੀ.ਸੀ.ਟੀ.ਵੀ. ਕੈਮਰੇ ਐ ਜੈਮਿੰਗ ਸਿਸਟਮ ਸਮੇਤ ਅਤਿ ਆਧੁਨਿਕ ਸੁਰੱਖਿਆ ਉਪਕਰਣ ਲਗਾਏ ਗਏ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਈਜ਼ੀ ਜਮ੍ਹਾਂਬੰਦੀ ਲਈ ਪੋਰਟਲ ਬਣਾਇਆ ਗਿਆ ਹੈ ਜਿਸ ਰਾਹੀਂ ਨਾਗਰਿਕਾਂ ਨੂੰ ਵਿਰਾਸਤ, ਰਜਿਸਟਰਡ ਡੀਡ ਆਦਿ ਦੇ ਆਧਾਰ 'ਤੇ ਇੰਤਕਾਲਾਂ ਲਈ ਅਰਜ਼ੀ ਦੇਣ ਤੋਂ ਲੈ ਕੇ ਇੰਤਕਾਲ ਦੀ ਡਲਿਵਰੀ ਤੱਕ ਦੀ ਸਾਰੀ ਪ੍ਰਕਿਰਿਆ ਨੂੰ ਆਟੋਮੇਟਿਡ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਨਿਵੇਕਲੇ ਉਦਮਾਂ ਸਦਕਾ ਨਹਿਰੀ ਪਾਣੀ ਪਹਿਲੀ ਵਾਰ ਲਗਭਗ 1365 ਥਾਵਾਂ 'ਤੇ ਪਹੁੰਚਿਆ। ਪਿੰਡ ਵਾਸੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਪੰਜਾਬ ਭਰ ਦੇ ਪਿੰਡਾਂ ਵਿਚ 196 ਲਾਇਬ੍ਰੇਰੀਆਂ ਚਲ ਰਹੀਆਂ ਹਨਅਤੇ 135 ਪ੍ਰਗਤੀ ਅਧੀਨ ਹਨ।
ਇਸ ਤੋਂ ਪਹਿਲਾਂ ਸਮਾਗਮ ਮੌਕੇ ਪਰੇਡ ਕਮਾਂਡਰ ਡੀ.ਐਸ.ਪੀ. ਪੁਸ਼ਪਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਅਨੁਸ਼ਾਸਤ ਫੋਰਸ ਦੇ ਜਵਾਨਾਂ ਸਮੇਤ ਵੱਖ-ਵੱਖ ਟੁਕੜੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ ਅਤੇ ਕੌਮੀ ਝੰਡੇ ਤਿਰੰਗੇ ਨੂੰ ਸਲਾਮੀ ਦਿੱਤੀ ਗਈ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਅਤੇ ਜੰਗੀ ਵਿਧਵਾਵਾਂ ਦਾ ਸਨਮਾਨ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਟਰਾਈਸਾਇਕਲਾਂ ਅਤੇ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ। ਸਮਾਗਮ ਦੌਰਾਨ ਵੱਖ ਵੱਖ ਵਿਭਾਗਾਂ ਵੱਲੋਂ ਉਨ੍ਹਾਂ ਦੇ ਕੰਮਾਂ ਅਤੇ ਯੋਜਨਾਵਾਂ ਨੂੰ ਦਰਸਾਉਂਦੀਆਂ ਝਾਕੀਆਂ ਕੱਢੀਆਂ ਗਈਆਂ। ਵੱਖ ਵੱਖ ਸਕੂਲੀ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ ਅਤੇ ਮੁੱਖ ਮਹਿਮਾਨ ਵੱਲੋਂ ਪਹਿਲੇ ਤੇ ਦੂਜੇ ਦਰਜੇ 'ਤੇ ਆਉਣ ਵਾਲੀਆਂ ਪੇਸ਼ਕਾਰੀਆਂ, ਝਾਕੀਆਂ, ਪਰੇਡ ਕਮਾਂਡਰਾਂ ਅਤੇ ਵਿਲੱਖਣ ਪ੍ਰਾਪਤੀਆਂ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਮਨਜਿੰਦਰ ਸਿੰਘ, ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ, ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ, ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਆਈ.ਏ.ਐਸ., ਐਸ.ਐਸ.ਪੀ. ਡਾ. ਭਾਗੀਰਥ ਸਿੰਘ ਮੀਨਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਆਕਾਸ਼ ਬਾਂਸਲ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡਾ. ਗੁਰਲੀਨ ਕੌਰ, ਆਈ.ਏ.ਐਸ. ਚੇਅਰਮੈਨ ਮਾਰਕਿਟ ਕਮੇਟੀ ਭੀਖੀ ਵਰਿੰਦਰ ਸੋਨੀ, ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ ਸਤੀਸ਼ ਕੁਮਾਰ ਸਿੰਗਲਾ, ਮਾਲਵਾ ਬੈਲਟ ਕਿਸਾਨ ਵਿੰਗ ਦੇ ਜਰਨਲ ਸਕੱਤਰ ਚਰਨਜੀਤ ਸਿੰਘ ਅੱਕਾਂਵਾਲੀ, ਸਪੈਸ਼ਲ ਡੀ.ਜੀ.ਪੀ. ਜਤਿੰਦਰ ਜੈਨ ਵਿਜੀਲੈਂਸ ਅਤੇ ਸਕਿਊਰਟੀ (ਪੀ.ਐਸ.ਪੀ.ਸੀ.ਐਲ.) ਪਟਿਆਲਾ, ਜ਼ਿਲ੍ਹਾ ਕਮਾਂਡੈਂਟ ਹੋਮਗਾਰਡਜ਼ ਰਛਪਾਲ ਸਿੰਘ, ਪ੍ਰਧਾਨ ਨਗਰ ਕੌਂਸਲ ਮਾਨਸਾ ਸੁਨੀਲ ਕੁਮਾਰ ਨੀਨੂ ਤੋਂ ਇਲਾਵਾ ਹੋਰ ਸਿਵਲ ਅਤੇ ਪੁਲਿਸ ਦੇ ਅਧਿਕਾਰੀ ਹਾਜ਼ਰ ਸਨ।
ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ ਤੇ ਪੰਜਾਬ ਦੀ ਸਿਆਸਤ 'ਚ ਹਲਚਲ, ਪੜ੍ਹੋ TOP-10 ਖ਼ਬਰਾਂ
NEXT STORY