ਗਿੱਦੜਬਾਹਾ (ਕੁਲਭੂਸ਼ਨ) - ਪਿੰਡ ਭਲਾਈਆਣਾ ਵਿਖੇ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਦੀ ਗੁੰਡਾਗਰਦੀ ਵਿਰੁੱਧ ਅੱਜ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਬੱਸ ਸਟੈਂਡ ਦੇ ਨੇੜੇ ਧਰਨਾ ਦਿੱਤਾ ਅਤੇ ਠੇਕੇਦਾਰਾ ਖਿਲਾਫ਼ ਨਾਅਰੇਬਾਜ਼ੀ ਕੀਤੀ ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਗੁਰਜੰਟ ਸਿੰਘ, ਸਾਬਕਾ ਚੇਅਰਮੈਨ ਗੁਰਚਰਨ ਸਿੰਘ ਭਲਾਈਆਣਾ ਤੇ ਬੀ. ਕੇ. ਯੂ. ਉਗਰਾਹਾਂ ਦੇ ਆਗੂ ਸਰਦੂਲ ਸਿੰਘ ਨੇ ਦੱਸਿਆ ਕਿ ਸ਼ਰਾਬ ਠੇਕੇਦਾਰ ਦੇ ਕਰਿੰਦੇ ਪਿੰਡ ਵਿਚ ਹਥਿਆਰ ਅਤੇ ਗੱਡੀਆਂ ਲੈ ਕੇ ਦਹਿਸ਼ਤ ਪਾਉਣ ਦੇ ਮਕਸਦ ਨਾਲ ਅਕਸਰ ਹੀ ਘੁੰਮਦੇ ਰਹਿੰਦੇ ਹਨ ਅਤੇ ਬਿਨਾਂ ਕਿਸੇ ਪੁਲਸ ਮੁਲਾਜ਼ਮ ਤੇ ਪਿੰਡ ਦੇ ਕਿਸੇ ਜ਼ਿੰਮੇਵਾਰ ਵਿਅਕਤੀ ਦੇ ਘਰਾਂ ਵਿਚ ਦਾਖਲ ਹੋ ਕੇ ਤਲਾਸ਼ੀ ਕਰਦੇ ਹਨ ਅਤੇ ਧਮਕੀਆਂ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਕਰਿੰਦੇ ਆਪਣੀਆਂ ਗੱਡੀਆਂ ਵਿਚ ਹਰਿਆਣਾ ਰਾਜ ਦੀ ਸ਼ਰਾਬ ਦੀਆਂ ਪੇਟੀਆਂ ਰੱਖਦੇ ਹਨ ਤੇ ਇਨ੍ਹਾਂ ਦੀ ਗੁੰਡਾਗਰਦੀ ਦਾ ਵਿਰੋਧ ਕਰਨ ਵਾਲਿਆਂ ਨੂੰ ਝੂਠਾ ਕੇਸ ਪਾਉਣ ਦੀਆਂ ਧਮਕੀਆਂ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਵੀ ਉਕਤ ਕਰਿੰਦਿਆਂ ਨੇ ਗੁੰਡਾਗਰਦੀ ਕਰਦਿਆਂ ਹਰਜੀਤ ਸਿੰਘ ਜੀਤੂ ਪੁੱਤਰ ਦਰਸ਼ਨ ਸਿੰਘ ਭਲਾਈਆਣਾ ਨਾਲ ਕੁੱਟਮਾਰ ਕੀਤੀ, ਜੋ ਕਿ ਮੁੱਢਲਾ ਸਿਹਤ ਕੇਂਦਰ ਦੋਦਾ ਵਿਖੇ ਜ਼ੇਰੇ ਇਲਾਜ ਹੈ।
ਕੀ ਕਹਿੰਦੇ ਹਨ ਸ਼ਰਾਬ ਠੇਕੇਦਾਰ ਗੋਲਡੀ
ਇਸ ਸਬੰਧੀ ਠੇਕੇਦਾਰ ਗੋਲਡੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਹਰਜੀਤ ਸਿੰਘ ਨਾਜਾਇਜ਼ ਤੌਰ 'ਤੇ ਪਿੰਡ ਵਿਚ ਸ਼ਰਾਬ ਵੇਚਦਾ ਹੈ। ਅਸੀਂ ਉਸ ਨੂੰ ਸ਼ਰਾਬ ਵੇਚਣ ਤੋਂ ਰੋਕਿਆ ਸੀ, ਜਿਸ ਕਾਰਨ ਉਕਤ ਵਿਅਕਤੀ ਸਾਡੇ ਨਾਲ ਰੰਜਿਸ਼ ਰੱਖਦਾ ਸੀ।
ਕੀ ਕਹਿੰਦੇ ਹਨ ਐੱਸ. ਐੱਚ. ਓ.
ਉਨ੍ਹਾਂ ਕਿਹਾ ਕਿ ਹਰਜੀਤ ਸਿੰਘ ਜੀਤੂ ਨਾਜਾਇਜ਼ ਸ਼ਰਾਬ ਵੇਚਣ ਦਾ ਆਦੀ ਹੈ ਅਤੇ ਉਸ 'ਤੇ ਪਹਿਲਾਂ ਵੀ ਤਿੰਨ ਪੇਟੀਆਂ ਨਾਜਾਇਜ਼ ਸ਼ਰਾਬ ਦਾ ਕੇਸ ਚੱਲ ਰਿਹਾ ਹੈ।
ਬੀਮਾਰ ਘੋੜਾ ਵੇਚਣ 'ਤੇ ਮਾਰੀ ਲੱਖਾਂ ਦੀ ਠੱਗੀ , 2 ਨਾਮਜ਼ਦ ਤੇ 3 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ
NEXT STORY