ਜਲੰਧਰ (ਖੁਰਾਣਾ)–ਸਪੋਰਟਸ ਸਿਟੀ ਦੇ ਰੂਪ ਵਿਚ ਵਿਸ਼ਵ ਪ੍ਰਸਿੱਧ ਜਲੰਧਰ ਸ਼ਹਿਰ ਲਈ ਇਕ ਵੱਡੀ ਖ਼ੁਸ਼ਖਬਰੀ ਹੈ। ਲੰਮੇ ਸਮੇਂ ਤੋਂ ਲਟਕਿਆ ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ਹੁਣ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਨਗਰ ਨਿਗਮ ਦੇ ਮੇਅਰ ਵਨੀਤ ਧੀਰ, ਕਮਿਸ਼ਨਰ ਗੌਤਮ ਜੈਨ ਅਤੇ ਰਾਜ ਸਭਾ ਸੰਸਦ ਮੈਂਬਰ ਅਤੇ ਐੱਲ. ਪੀ. ਯੂ. ਦੇ ਚਾਂਸਲਰ ਡਾ. ਅਸ਼ੋਕ ਮਿੱਤਲ ਦੇ ਅਣਥੱਕ ਯਤਨਾਂ ਨਾਲ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਸਰਕਾਰ ਤੋਂ ਹਰੀ ਝੰਡੀ ਮਿਲ ਗਈ ਹੈ। ਜੇਕਰ ਸਭ ਕੁਝ ਠੀਕ-ਠਾਕ ਰਿਹਾ ਤਾਂ 25 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਦਾ ਉਦਘਾਟਨ ਕਰ ਸਕਦੇ ਹਨ। ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ 2008 ਵਿਚ 500 ਕਰੋੜ ਰੁਪਏ ਦੇ ਵਿਸ਼ਾਲ ਬਜਟ ਨਾਲ ਹੋਈ ਸੀ। ਇਹ ਪ੍ਰਾਜੈਕਟ ਕਈ ਸਾਲਾਂ ਤਕ ਸਿਆਸੀ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਦਾ ਸ਼ਿਕਾਰ ਹੋਇਆ। ਅਕਾਲੀ-ਭਾਜਪਾ ਸਰਕਾਰ ਵਿਚ ਮੇਅਰ ਰਾਕੇਸ਼ ਰਾਠੌਰ ਨੇ ਇਸ ਨੂੰ ਸ਼ੁਰੂ ਕੀਤਾ ਪਰ ਉਨ੍ਹਾਂ ਦੀ ਹੀ ਪਾਰਟੀ ਦੇ ਕੁਝ ਆਗੂਆਂ ਨੇ ਵਿਰੋਧ ਕਰ ਦਿੱਤਾ। ਰਾਕੇਸ਼ ਰਾਠੌਰ ਤਾਂ ਇਸ ਪ੍ਰਾਜੈਕਟ ਨੂੰ ਲੈ ਕੇ ਇੰਨੇ ਆਸਵੰਦ ਸਨ ਕਿ ਉਨ੍ਹਾਂ ਨੇ ਜਲਦਬਾਜ਼ੀ ਵਿਚ ਪੁਰਾਣੇ ਸਟੇਡੀਅਮ ਨੂੰ ਹੀ ਤੁੜਵਾ ਦਿੱਤਾ, ਜੋਕਿ ਅੱਜ ਤਕ ਉਨ੍ਹਾਂ ਦੀ ਭੁੱਲ ਮੰਨੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਤੂਫ਼ਾਨ ਨੇ ਘੇਰਿਆ ਚੰਡੀਗੜ੍ਹ ਤੇ ਮੋਹਾਲੀ, ਦਿਨ ਵੇਲੇ ਛਾਇਆ ਹਨ੍ਹੇਰਾ (ਵੀਡੀਓ)
ਰਾਠੌਰ ਦੇ ਬਾਅਦ ਮੇਅਰ ਬਣੇ ਸੁਨੀਲ ਜੋਤੀ ਵੀ ਇਸ ਨੂੰ ਰਫਤਾਰ ਨਹੀਂ ਦੇ ਸਕੇ। ਕਾਂਗਰਸ ਦੀ 5 ਸਾਲ ਦੀ ਸਰਕਾਰ ਨੇ ਵੀ ਸਿਰਫ਼ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਪਰ ਕੋਈ ਠੋਸ ਕਦਮ ਨਹੀਂ ਚੁੱਕਿਆ। ਨਤੀਜੇ ਵਜੋਂ 500 ਕਰੋੜ ਰੁਪਏ ਦਾ ਪ੍ਰਾਜੈਕਟ 77 ਕਰੋੜ ਤਕ ਸਿਮਟ ਗਿਆ। ਸਰਕਾਰੀ ਅਧਿਕਾਰੀਆਂ ਦੀ ਉਦਾਸੀਨਤਾ ਕਾਰਨ ਇਹ ਪ੍ਰਾਜੈਕਟ ਲੰਮੇ ਸਮੇਂ ਤਕ ਫਾਈਲਾਂ ਵਿਚ ਹੀ ਰੁਕਿਆ ਰਿਹਾ। 2022 ਵਿਚ ਜਲੰਧਰ ਸਮਾਰਟ ਸਿਟੀ ਕੰਪਨੀ ਨੇ ਇਸ ਪ੍ਰਾਜੈਕਟ ਲਈ 77 ਕਰੋੜ ਰੁਪਏ ਦਾ ਟੈਂਡਰ ਚੰਡੀਗੜ੍ਹ ਦੀ ਕੰਪਨੀ ਏ. ਐੱਸ. ਐਂਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮਟਿਡ ਨੂੰ ਦਿੱਤਾ ਸੀ, ਜਿਸ ਨੇ 12 ਮਹੀਨਿਆਂ ਵਿਚ ਕੰਮ ਪੂਰਾ ਕਰਨਾ ਸੀ ਪਰ ਕੰਪਨੀ ਸਿਰਫ਼ ਚਾਰਦੀਵਾਰੀ ਬਣਾਉਣ ਤਕ ਸੀਮਤ ਰਹਿ ਗਈ ਅਤੇ ਤਰੱਕੀ ਠੱਪ ਹੋ ਗਈ। ਇਸ ਕਾਰਨ ਨਗਰ ਨਿਗਮ ਨੇ 2023 ਵਿਚ ਕੰਪਨੀ ਦਾ ਟੈਂਡਰ ਰੱਦ ਕਰ ਦਿੱਤਾ ਅਤੇ ਉਸ ਦੀ 4 ਕਰੋੜ ਰੁਪਏ ਦੀ ਬੈਂਕ ਗਾਰੰਟੀ ਜ਼ਬਤ ਕਰ ਲਈ।

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਵੱਡੀ ਖ਼ਬਰ, ਪ੍ਰਾਪਰਟੀ ਖ਼ਰੀਦਣੀ ਹੋਈ ਮਹਿੰਗੀ, ਨਵੇਂ ਰੇਟ ਹੋ ਗਏ ਜਾਰੀ
ਕੰਪਨੀ ਨੇ ਸਮਾਰਟ ਸਿਟੀ ਅਤੇ ਜਲੰਧਰ ਨਿਗਮ ਦੇ ਅਧਿਕਾਰੀਆਂ ’ਤੇ ਸਹਿਯੋਗ ਨਾ ਕਰਨ ਅਤੇ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦੀ ਵਿਜੀਲੈਂਸ ਜਾਂਚ ਵਰਗੇ ਮਾਮਲੇ ਉਠਾਏ ਅਤੇ ਮਾਮਲਾ ਕੋਰਟ ਤਕ ਚਲਾ ਗਿਆ। ਕੁਝ ਮਹੀਨੇ ਪਹਿਲਾਂ ਮੇਅਰ ਬਣੇ ਵਨੀਤ ਧੀਰ ਨੇ ਇਸ ਪ੍ਰਾਜੈਕਟ ਨੂੰ ਦੋਬਾਰਾ ਸ਼ੁਰੂ ਕਰਨ ਦਾ ਮਿਸ਼ਨ ਆਪਣੇ ਹੱਥ ਵਿਚ ਲਿਆ, ਜਿਸ ਕਾਰਨ ਉਨ੍ਹਾਂ ਨਿਗਮ ਕਮਿਸ਼ਨਰ ਗੌਤਮ ਜੈਨ ਨੂੰ ਨਾਲ ਲੈ ਕੇ ਪੁਰਾਣੇ ਠੇਕੇਦਾਰ ਨਾਲ ਗੱਲਬਾਤ ਚਲਾਈ। ਇਸ ਕੰਮ ਵਿਚ ਮੇਅਰ ਨੇ ਰਾਜ ਸਭਾ ਮੈਂਬਰ ਡਾ. ਅਸ਼ੋਕ ਮਿੱਤਲ ਦੇ ਪ੍ਰਭਾਵ ਦੀ ਵਰਤੋਂ ਕੀਤੀ। ਉਨ੍ਹਾਂ ਦਾ ਅਤੇ ‘ਆਪ’ ਵਿਚ ਪਾਵਰਫੁੱਲ ਅਮਿਤ ਬਜਾਜ ਵਰਗਿਆਂ ਦਾ ਸਹਿਯੋਗ ਲਿਆ, ਜਿਸ ਤੋਂ ਬਾਅਦ ਪੁਰਾਣੇ ਠੇਕੇਦਾਰ ਨੂੰ ਫਿਰ ਤੋਂ ਪ੍ਰਾਜੈਕਟ ’ਤੇ ਕੰਮ ਸ਼ੁਰੂ ਕਰਨ ਲਈ ਰਾਜ਼ੀ ਕਰ ਲਿਆ ਗਿਆ। ਠੇਕੇਦਾਰ ਇਸ ਗਾਰੰਟੀ ’ਤੇ ਰਾਜ਼ੀ ਹੋਇਆ ਕਿ ਸਰਕਾਰੀ ਅਫ਼ਸਰ ਹੁਣ ਪੂਰਾ ਸਹਿਯੋਗ ਕਰਨਗੇ ਅਤੇ ਅੜਿੱਕਾ ਨਹੀਂ ਬਣਨਗੇ। ਪੁਰਾਣੇ ਠੇਕੇਦਾਰ ਤੋਂ ਹੀ ਕੰਮ ਕਰਵਾਉਣ ਦਾ ਫਾਇਦਾ ਇਹ ਹੋਵੇਗਾ ਕਿ ਇਸ ਨਾਲ ਦੁਬਾਰਾ ਟੈਂਡਰ ਪ੍ਰਕਿਰਿਆ ਦੀ ਲੋੜ ਨਹੀਂ ਪਵੇਗੀ ਅਤੇ ਸਮੇਂ ਦੀ ਬੱਚਤ ਹੋਵੇਗੀ। ਮੇਅਰ ਨੇ ਦੱਸਿਆ ਕਿ ਪੀ. ਐੱਮ. ਆਈ. ਡੀ. ਸੀ. ਨੇ ਸਿਧਾਂਤਕ ਰੂਪ ਨਾਲ ਪ੍ਰਾਜੈਕਟ ਦੁਬਾਰਾ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਅਤੇ 29 ਮਈ ਤਕ ਐਕਸ਼ਨ ਟੇਕਨ ਰਿਪੋਰਟ ਮੰਗੀ ਹੈ।
ਸਪੋਰਟਸ ਹੱਬ ’ਚ ਇਹ ਸਹੂਲਤਾਂ ਵਿਕਸਿਤ ਕੀਤੀਆਂ ਜਾਣਗੀਆਂ
-ਕ੍ਰਿਕਟ ਸਟੇਡੀਅਮ : ਆਧੁਨਿਕ ਸਹੂਲਤਾਂ ਨਾਲ ਲੈਸ, ਜੋ ਸੂਬਾ ਪੱਧਰ ਦੇ ਮੈਚਾਂ ਦੀ ਮੇਜ਼ਬਾਨੀ ਕਰ ਸਕੇ।
-ਐਸਟ੍ਰੋਟਰਫ ਹਾਕੀ ਗਰਾਊਂਡ : ਹਾਕੀ ਵਰਗੀ ਰਵਾਇਤੀ ਖੇਡ ਨੂੰ ਹੁਲਾਰਾ ਦੇਣ ਲਈ।
-7 ਸਾਈਡ ਫੁੱਟਬਾਲ ਗਰਾਊਂਡ : ਕੁਦਰਤੀ ਘਾਹ ਵਾਲਾ ਮੈਦਾਨ।
-ਵਾਲੀਬਾਲ, ਬਾਸਕਟਬਾਲ, ਜੂਡੋ ਅਤੇ ਯੋਗਾ ਹਾਲ : ਵੱਖ-ਵੱਖ ਖੇਡਾਂ ਨੂੰ ਹੁਲਾਰਾ।
-ਮਲਟੀਪਰਪਜ਼ ਇਨਡੋਰ ਸਪੋਰਟਸ ਹਾਲ : ਸਾਰੇ ਮੌਸਮਾਂ ਵਿਚ ਖੇਡ ਸਰਗਰਮੀਆਂ ਲਈ।
-ਹੋਰ ਸਹੂਲਤਾਂ : ਸਕੇਟਿੰਗ ਰਿਕ, ਸਾਈਕਲ ਟ੍ਰੈਕ, ਜਾਗਿੰਗ ਟ੍ਰੈਕ, ਜਿਮਨਾਸਟਿਕ ਸਹੂਲਤਾਂ ਅਤੇ ਪਾਰਕਿੰਗ ਇਲਾਕਾ।
-ਪਾਰਕਾਂ ਦਾ ਸੁੰਦਰੀਕਰਨ : ਆਲੇ-ਦੁਆਲੇ ਦੇ ਇਲਾਕਿਆਂ ਨੂੰ ਹਰਿਆ-ਭਰਿਆ ਅਤੇ ਆਕਰਸ਼ਕ ਬਣਾਉਣ ਦੀ ਯੋਜਨਾ।
ਇਹ ਵੀ ਪੜ੍ਹੋ: ਪੰਜਾਬ 'ਚ 23 ਤਾਰੀਖ਼ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
ਬਰਲਟਨ ਪਾਰਕ ਦਾ ਰਿਹੈ ਮਾਣਮੱਤਾ ਇਤਿਹਾਸ
ਬਰਲਟਨ ਪਾਰਕ ਵਿਚ ਕ੍ਰਿਕਟ ਸਟੇਡੀਅਮ ਦਾ ਨਿਰਮਾਣ 1955 ਵਿਚ ਹੋਇਆ ਸੀ। ਇਹ ਪੰਜਾਬ ਅਤੇ ਨਾਰਥ ਜ਼ੋਨ ਦੀਆਂ ਘਰੇਲੂ ਕ੍ਰਿਕਟ ਟੀਮਾਂ ਦੀ ਹੋਮ ਗਰਾਊਂਡ ਰਿਹਾ ਹੈ। ਇਸ ਸਟੇਡੀਅਮ ਵਿਚ ਇਕ ਟੈਸਟ ਮੈਚ (1983, ਭਾਰਤ-ਪਾਕਿਸਤਾਨ) ਅਤੇ 2 ਵਨਡੇ ਮੈਚ (1981, ਭਾਰਤ ਇੰਗਲੈਂਡ ਅਤੇ 1994 ਭਾਰਤ-ਸ਼੍ਰੀਲੰਕਾ) ਖੇਡੇ ਗਏ ਹਨ।
ਇਥੇ ਭਾਰਤੀ ਬੱਲੇਬਾਜ਼ ਅੰਸ਼ੁਮਨ ਗਾਇਕਵਾੜ ਨੇ 201 ਦੌੜਾਂ ਅਤੇ ਪਾਕਿਸਤਾਨ ਦੇ ਵਸੀਮ ਰਾਜਾ ਨੇ 125 ਦੌੜਾਂ ਬਣਾਈਆਂ ਸਨ। ਇਸ ਸਟੇਡੀਅਮ ਨੇ ਗਾਵਸਕਰ, ਕਪਿਲ ਦੇਵ, ਜਾਵੇਦ ਮਿਆਂਦਾਦ, ਰਵੀ ਸ਼ਾਸਤਰੀ ਅਤੇ ਰਿਚੀ ਰਿਚਡਰਸਨ ਵਰਗੇ ਕੱਦਾਵਰ ਖਿਡਾਰੀਆਂ ਦੀ ਮੇਜ਼ਬਾਨੀ ਕੀਤੀ ਹੈ।
ਪ੍ਰਾਜੈਕਟ ਦੀ ਟਾਈਮਲਾਈਨ : ਇਕ ਲੰਮਾ ਸਫ਼ਰ
-26 ਸਤੰਬਰ 2008 : ਜਲੰਧਰ ਨਗਰ ਨਿਗਮ ਨੇ ਅੰਤਰਰਾਸ਼ਟਰੀ ਪੱਧਰ ਦਾ ਸਪੋਰਟਸ ਹੱਬ ਬਣਾਉਣ ਦਾ ਪ੍ਰਸਤਾਵ ਪਾਸ ਕੀਤਾ। ਤਤਕਾਲੀ ਮੰਤਰੀ ਮਨੋਰੰਜਨ ਕਾਲੀਆ ਅਤੇ ਮੇਅਰ ਰਾਕੇਸ਼ ਰਾਠੌਰ ਨੇ ਐਲਾਨ ਕੀਤਾ।
-ਦਸੰਬਰ 2008 : ਬੀ. ਸੀ. ਸੀ. ਆਈ. ਨੇ ਬ੍ਰਿਟਿਸ਼ ਆਰਕੀਟੈਕਟ ਤੋਂ ਸੁਝਾਅ ਲੈਣ ਦੀ ਸਲਾਹ ਦਿੱਤੀ।
-2009 : ਗ੍ਰੀਨਰੀ ਬਚਾਉਣ ਲਈ ਇਕ ਵੈੱਲਫੇਅਰ ਸੋਸਾਇਟੀ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਪੀ. ਆਈ. ਐੱਲ. ਦਾਖਲ ਕੀਤੀ, ਜਿਸ ਕਾਰਨ ਪ੍ਰਾਜੈਕਟ ਕੁਝ ਸਮੇਂ ਲਈ ਰੁਕਿਆ।
-ਮਈ 2010 : ਚੇਨਈ ਦੇ ਆਰਕੀਟੈਕਟ ਸੀ. ਆਰ. ਨਾਰਾਇਣ ਰਾਵ ਨੂੰ ਡੀ. ਪੀ. ਆਰ. ਬਣਾਉਣ ਲਈ ਨਿਯੁਕਤ ਕੀਤਾ ਗਿਆ।
-ਜੂਨ 2012 : ਹੁਡਕੋ ਨੇ 130 ਕਰੋੜ ਰੁਪਏ ਦਾ ਲੋਨ ਦੇਣ ਦਾ ਐਲਾਨ ਕੀਤਾ।
-ਅਪ੍ਰੈਲ 2013 : ਹੈਦਰਾਬਾਦ ਦੀ ਨਾਗਾਰਜੁਨ ਕੰਸਟਰੱਕਸ਼ਨ ਕੰਪਨੀ ਨੂੰ 135 ਕਰੋੜ ਰੁਪਏ ਵਿਚ ਪ੍ਰਾਜੈਕਟ ਅਲਾਟ ਕੀਤਾ ਗਿਆ ਪਰ ਹੁਡਕੋ ਨੇ ਐਨ ਮੌਕੇ ’ਤੇ ਲੋਨ ਦੇਣ ਤੋਂ ਇਨਕਾਰ ਕਰ ਦਿੱਤਾ।
-2014-2022 : ਪ੍ਰਾਜੈਕਟ ਸਬੰਧੀ ਫਾਈਲਾਂ ਨੂੰ ਠੰਢੇ ਬਸਤੇ ਵਿਚ ਪਾਈ ਰੱਖਿਆ ਗਿਆ। ਕਾਂਗਰਸ ਸਰਕਾਰ ਨੇ ਇਸ ਨੂੰ ਕੱਟ ਕੇ ਛੋਟਾ ਕਰ ਦਿੱਤਾ ਅਤੇ ਆਪਣੇ ਕਾਰਜਕਾਲ ਦੇ ਅਖੀਰ ਵਿਚ ਚੋਣਾਵੀ ਫਾਇਦੇ ਲਈ ਪ੍ਰਾਜੈਕਟ ਦਾ ਉਦਘਾਟਨ ਵੀ ਕਰਵਾ ਲਿਆ। ‘ਆਪ’ ਸਰਕਾਰ ਆਉਣ ਤੋਂ ਬਾਅਦ ਵੀ ਸਮਾਰਟ ਸਿਟੀ ਅਤੇ ਨਿਗਮ ਅਧਿਕਾਰੀਆਂ ਨੇ ਸਹਿਯੋਗ ਨਾ ਕੀਤਾ, ਇਸ ਨਾਲ ਕੰਮ ਹੋਰ ਲਟਕ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਇਹ ਇਲਾਕਾ, ਸਹਿਮੇ ਲੋਕ
ਆਮ ਆਦਮੀ ਪਾਰਟੀ ਲਈ ਸੰਜੀਵਨੀ ਸਾਬਿਤ ਹੋਵੇਗਾ ਇਹ ਪ੍ਰਾਜੈਕਟ
ਸ਼ਹਿਰ ਵਾਸੀਆਂ ਵਿਚ ਚਰਚਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਇਸ ਪ੍ਰਾਜੈਕਟ ਨੂੰ ਸਮੇਂ ’ਤੇ ਪੂਰਾ ਕਰਵਾਉਂਦੀ ਹੈ ਤਾਂ ਇਹ ਨਾ ਸਿਰਫ਼ ਜਲੰਧਰ ਦੇ ਵਿਕਾਸ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗਾ, ਸਗੋਂ ਆਗਾਮੀ ਵਿਧਾਨ ਸਭਾ ਚੋਣਾਂ ਵਿਚ ‘ਆਪ’ ਨੂੰ ਸਿਆਸੀ ਲਾਭ ਵੀ ਦਿਵਾ ਸਕਦਾ ਹੈ, ਜਿਸ ਦਾ ਰੌਲਾ ਸਾਲ-ਡੇਢ ਸਾਲ ਬਾਅਦ ਹੀ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ 'ਚ Dubai ਤੋਂ ਵੀ ਵੱਧ ਗਰਮੀ! 42 ਡਿਗਰੀ ਪੁੱਜਾ ਤਾਪਮਾਨ, ਜਾਣੋ ਅਗਲੇ ਦਿਨਾਂ ਦਾ ਹਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇੰਟਰਨੈਸ਼ਨਲ ਗੈਂਗਸਟਰ ਅਰਸ਼ ਡੱਲਾ ਦੇ 2 ਸਾਥੀ ਨਾਜਾਇਜ਼ ਪਿਸਟਲਾਂ ਸਮੇਤ ਕਾਬੂ
NEXT STORY