ਚੰਡੀਗੜ੍ਹ : ਸੂਬੇ ਦੇ ਵਿੱਤੀ ਪ੍ਰਬੰਧਨ ਦੇ ਮਜ਼ਬੂਤੀਕਰਨ ਲਈ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਵਿੱਤ ਵਿਭਾਗ ਵੱਲੋਂ ਨੈਸ਼ਨਲ ਇੰਨਫਰਮੇਟਿਵ ਸੈਂਟਰ (ਐਨ.ਆਈ.ਸੀ.) ਦੀ ਸਹਾਇਤਾ ਨਾਲ ਤਿਆਰ ਕੀਤੇ ਗਏ ਆਈ.ਟੀ. ਮੋਡੀਊਲ 'ਆਡਿਟ ਮੈਨੇਜਮੈਂਟ ਸਿਸਟਮ (ਏ.ਐਮ.ਐਸ.), ਪੈਨਸ਼ਨ ਮੈਨੇਜਮੈਂਟ ਮੋਡੀਊਲ ਅਤੇ ਈ-ਵਾਊਚਰ ਸਿਸਟਮ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਆਈ.ਟੀ. ਮੋਡਿਊਲ ਵਿੱਤੀ ਦੇਖਰੇਖ ਨੂੰ ਹੋਰ ਸੁਚਾਰੂ ਬਨਾਉਣਗੇ ਅਤੇ ਇੰਨ੍ਹਾਂ ਉਪਰਾਲਿਆਂ ਸਦਕਾ ਪੰਜਾਬ ਸਰਕਾਰ ਦੀ ਰਸੀਦ ਅਤੇ ਖਰਚੇ ਦੀ ਨਿਗਰਾਨੀ ਕਰਦੇ ਹੋਏ ਬੱਜਟ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਏ.ਐੱਮ.ਐੱਸ. ਰਾਹੀਂ ਆਡਿਟ ਦੇ ਕੰਮ ਵਿੱਚ ਜਿੱਥੇ ਪਾਰਦਰਸ਼ਤਾ ਅਤੇ ਤੇਜ਼ੀ ਆਵੇਗੀ ਉਥੇ ਹੀ ਆਡਿਟ ਦੀ ਨਿਰਵਿਘਨ ਨਿਗਰਾਨੀ ਹੋਣ ਨਾਲ ਵਿੱਤੀ ਮਾਮਲੇ ਨਿਯਮਾਂ ਅਨੁਸਾਰ ਨਿਪਟਾਉਣ ਸਬੰਧੀ ਜ਼ਿੰਮੇਵਾਰੀ ਤੇ ਜਵਾਬਦੇਹੀ ਵੀ ਨਿਰਧਾਰਤ ਕੀਤੀ ਜਾ ਸਕੇਗੀ।
ਪੈਨਸ਼ਨ ਮੈਨੇਜਮੈਂਟ ਮੋਡਿਊਲ ਬਾਰੇ ਜਾਣਕਾਰੀ ਦਿੰਦਿਆਂ, ਵਿੱਤ ਮੰਤਰੀ ਨੇ ਕਿਹਾ ਕਿ ਇਸ ਦੇ ਲਾਗੂ ਹੋਣ ਨਾਲ ਪੈਨਸ਼ਨ ਦੇ ਕੇਸਾਂ ਦੇ ਨਿਪਟਾਰੇ ਵਿੱਚ ਸਰਲਤਾ ਅਤੇ ਤੇਜੀ ਆਉਣ ਦੇ ਨਾਲ-ਨਾਲ ਇਹ ਮੋਡਿਊਲ ਪੈਨਸ਼ਨਰਾਂ ਲਈ ਹਿਤਕਾਰੀ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਮੋਡਿਊਲ ਸਮੁੱਚੇ ਰਾਜ ਵਿੱਚ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਜਾਵੇਗਾ।
ਚੀਮਾ ਨੇ ਅੱਗੇ ਕਿਹਾ ਕਿ ਈ-ਵਾਊਚਰ ਸਿਸਟਮ ਸਰਕਾਰੀ ਤੰਤਰ ਵਿੱਚ ਕਾਗਜ ਰਹਿਤ ਕੰਮਕਾਜ ਦੀ ਵਿਧੀ ਅਪਨਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਮੀਲ ਦਾ ਪੱਥਰ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਾਤਾਵਰਣ ਪੱਖੀ ਫੈਸਲੇ ਨਾਲ ਖਰਚ ਵਿੱਚ ਕਟੌਤੀ ਹੋਵੇਗੀ ਅਤੇ ਰਿਕਾਰਡ ਦੀ ਸਾਂਭ-ਸੰਭਾਲ ਵਿੱਚ ਆਸਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮੋਡਿਊਲ ਨੂੰ ਵੀ ਸਾਰੇ ਰਾਜ ਵਿੱਚ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਜਾਵੇਗਾ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੰਨ੍ਹਾ ਸਾਰੇ ਆਈ.ਟੀ ਮੋਡਿਊਲਾਂ ਨੂੰ ਪਰਖ ਤੋਂ ਬਾਅਦ ਹੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਇਸ ਕਾਰਜ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਵਿੱਤ ਵਿਭਾਗ ਅਤੇ ਐਨ.ਆਈ.ਸੀ. ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਇਸ ਦਿਸ਼ਾ ਵਿੱਚ ਹੋਰ ਸੁਧਾਰ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦੀ ਭਲਾਈ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਰਕਾਰੀ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਤੇਜੀ ਲਿਆਉਣ ਲਈ ਵਚਨਬੱਧ ਹੈ।
ਕੈਂਸਰ ਪੀੜਤ ਔਰਤ ਦੇ ਪਤੀ ਨੇ ਆਰਥਿਕ ਤੰਗੀ ਕਾਰਨ ਚੁੱਕਿਆ ਖ਼ੌਫ਼ਨਾਕ ਕਦਮ
NEXT STORY