ਪਟਿਆਲਾ (ਰਾਜੇਸ਼ ਪੰਜੌਲਾ, ਮਨਦੀਪ ਜੋਸਨ, ਜ. ਬ.) : ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓ. ਪੀ. ਸੋਨੀ ਨੇ ਇੱਥੇ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਤੋਂ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਪੰਜਾਬ ’ਚ ਸਰਕਾਰੀ ਮੈਡੀਕਲ ਕਾਲਜਾਂ ਦੇ ਹਸਪਤਾਲਾਂ ’ਚ ਬੈੱਡ ਸਮਰੱਥਾ 25 ਫ਼ੀਸਦੀ ਤੱਕ ਵਧਾਈ ਜਾ ਰਹੀ ਹੈ। ਸੋਨੀ ਇੱਥੇ ਸਰਕਾਰੀ ਮੈਡੀਕਲ ਕਾਲਜ ਵਿਖੇ ਰਾਜਿੰਦਰਾ ਹਸਪਤਾਲ ’ਚ ਕੋਵਿਡ ਮਰੀਜ਼ਾਂ ਦੀ ਸਾਂਭ ਤੇ ਇਲਾਜ ਪ੍ਰਬੰਧਾਂ ਦਾ ਜਾਇਜ਼ਾ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨਾਲ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਪ੍ਰਮੁੱਖ ਸਕੱਤਰ ਡੀ. ਕੇ. ਤਿਵਾੜੀ ਵੀ ਮੌਜੂਦ ਸਨ। ਸੋਨੀ ਨੇ ਦੱਸਿਆ ਕਿ ਕੋਵਿਡ ਦੀ ਪੂਰੇ ਦੇਸ਼ ਭਰ ’ਚ ਪੈਦਾ ਹੋਈ ਗੰਭੀਰ ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ’ਚ ਕੋਵਿਡ ਇਲਾਜ ਲਈ ਸਰਕਾਰੀ ਮੈਡੀਕਲ ਕਾਲਜਾਂ ਦੇ ਹਸਪਤਾਲਾਂ, ਜ਼ਿਲ੍ਹਾ ਹਸਪਤਾਲਾਂ ਸਮੇਤ ਬਠਿੰਡਾ ਤੇ ਮੋਹਾਲੀ ਦੇ ਆਰਜ਼ੀ ਹਸਪਤਾਲਾਂ ’ਚ 2000 ਕੋਵਿਡ ਬੈੱਡ ਸਮਰੱਥਾ ਵਧਾਉਣ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ 'ਪੂਰਨ ਲਾਕਡਾਊਨ' ਨੂੰ ਲੈ ਕੇ ਕੈਪਟਨ ਦਾ ਵੱਡਾ ਫ਼ੈਸਲਾ, ਨਵੀਆਂ ਹਦਾਇਤਾਂ ਜਾਰੀ
ਉਨ੍ਹਾਂ ਕਿਹਾ ਕਿ ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਲੋਕਾਂ ਦੀ ਸਮੇਂ ਸਿਰ ਟੈਸਟਿੰਗ ਅਤੇ ਹਸਪਤਾਲ ਜਲਦੀ ਦਾਖ਼ਲ ਹੋਣਾ ਲਾਜ਼ਮੀ ਹੈ। ਲੋਕ ਦੇਰੀ ਕਰ ਕੇ ਉਸ ਸਮੇਂ ਹਸਪਤਾਲ ਆਉਂਦੇ ਹਨ, ਜਦੋਂ ਮਰੀਜ਼ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੋ ਜਾਂਦੀ ਹੈ, ਜਿਸ ਕਰ ਕੇ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਮਰੀਜ਼ਾਂ ਦੀ ਮੌਤ ਦਰ ਦਾ ਅੰਕੜਾ ਵੱਧ ਹੈ। ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਨੇ ਅੱਗੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ ਆਕਸੀਜਨ ਦੀ ਪਾਈਪ ਲੱਗੇ ਹੋਏ ਲੈਵਲ-2 ਦੇ 125 ਬੈੱਡ ਵਧਾਏ ਜਾ ਰਹੇ ਹਨ, ਜਦੋਂ ਕਿ 125 ਬੈੱਡ ਪੋਸਟ ਕੋਵਿਡ ਕੇਅਰ ਲਈ ਵਧਾਏ ਜਾਣਗੇ। ਇਸ ਤੋਂ ਇਲਾਵਾ ਆਕਸੀਜਨ ਦੀ ਨਿਰਵਿਘਨ ਸਪਲਾਈ ਲਈ 2 ਮੈਨੀਫੋਲਡ ਲਾਏ ਜਾਣਗੇ ਅਤੇ 20,000 ਲੀਟਰ ਸਮਰੱਥਾ ਵਾਲਾ ਆਕਸੀਜਨ ਟੈਂਕ ਵੀ ਲੱਗੇਗਾ। ਉਨ੍ਹਾਂ ਦੱਸਿਆ ਕਿ 30 ਆਕਸੀਜਨ ਜਨਰੇਟਰ ਪਹੁੰਚ ਗਏ ਹਨ ਅਤੇ ਹਸਪਤਾਲ ਦੀ ਮੰਗ ਮੁਤਾਬਕ 1000-1000 ਸਿਲੰਡਰ ਵੱਡੇ ਤੇ ਛੋਟੇ ਵੀ ਜਲਦੀ ਖਰੀਦੇ ਜਾ ਰਹੇ ਹਨ। ਇਸ ਦੇ ਨਾਲ ਹੀ 200 ਨਰਸਿੰਗ ਅਮਲੇ ਤੇ 200 ਦਰਜਾ ਚਾਰ ਅਮਲੇ ਦੀ ਭਰਤੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : CBSE ਸਕੂਲਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਅੱਗੇ ਖੂਹ, ਪਿੱਛੇ ਖਾਈ ਵਾਲੇ ਬਣੇ ਹਾਲਾਤ
ਸੇਵਾ-ਮੁਕਤ ਫੈਕਲਟੀ ਦੀਆਂ ਸੇਵਾਵਾਂ ਲੈਣ ਸਮੇਤ ਨਵੀਂ ਭਰਤੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਜਿੰਦਰਾ ਹਸਪਤਾਲ ਦੇ ਕੋਵਿਡ ਵਾਰਡ ’ਚ ਸੀ. ਸੀ. ਟੀ. ਵੀ. ਕੈਮਰੇ ਲਗਾ ਕੇ ਕੰਟਰੋਲ ਰੂਮ ’ਚ ਮਾਨੀਟਰ ਲਾਇਆ ਜਾ ਰਿਹਾ ਹੈ। ਉਨ੍ਹਾਂ ਹਸਪਤਾਲ ’ਚ ਖਾਣੇ ਬਾਰੇ ਦੱਸਿਆ ਕਿ ਮਰੀਜ਼ਾਂ ਨੂੰ ਲੋੜੀਂਦੀ ਖ਼ੁਰਾਕ ਦੇਣ ਸਮੇਤ ਆਂਡੇ ਤੇ ਦੁੱਧ ਵੀ ਮੁਹੱਈਆ ਕਰਵਾਇਆ ਜਾਵੇਗਾ। ਸੋਨੀ ਨੇ ਕਿਹਾ ਕਿ ਪੰਜਾਬ ਦੇ ਤਿੰਨੋਂ ਮੈਡੀਕਲ ਕਾਲਜ ਕੋਵਿਡ ਖ਼ਿਲਾਫ਼ ਜੰਗ ’ਚ ਅਹਿਮ ਯੋਗਦਾਨ ਪਾ ਰਹੇ ਹਨ। ਲੈਵਲ-2 ਅਤੇ ਲੈਵਲ-3 (ਗੰਭੀਰ ਅਤੇ ਹੋਰ ਬੀਮਾਰੀਆਂ ਨਾਲ ਗ੍ਰਸਤ) ਮਰੀਜ਼ਾਂ ਦਾ ਬੜੀ ਹੀ ਤਨਦੇਹੀ ਨਾਲ ਇਲਾਜ ਕਰ ਰਹੇ ਹਨ। ਹੁਣ ਤੱਕ 60 ਲੱਖ ਤੋਂ ਵਧੇਰੇ ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ। ਇਸ ਮੌਕੇ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਹਸਪਤਾਲ ’ਚ ਮਰੀਜ਼ਾਂ ਦੀ ਸੰਭਾਲ ਲਈ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਪੂਰੇ ਕਰਵਾਉਣ ਲਈ ਨਗਰ ਨਿਗਮ ਦੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਰਾਜਿੰਦਰਾ ਕੋਵਿਡ ਇੰਚਾਰਜ ਸੁਰਭੀ ਮਲਿਕ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਵਾਈਸ ਪ੍ਰਿੰਸੀਪਲ ਡਾ. ਆਰ. ਪੀ. ਐੱਸ. ਸਿਬੀਆ, ਮੈਡੀਕਲ ਸੁਪਰਡੈਂਟ ਡਾ. ਐੱਚ. ਐੱਸ. ਰੇਖੀ, ਓ. ਐੱਸ. ਡੀ. ਸੰਜੀਵ ਸ਼ਰਮਾ, ਡਾ. ਵਿਨੋਦ ਡੰਗਵਾਲ, ਡਾ. ਵਿਸ਼ਾਲ ਚੋਪੜਾ, ਡਾ. ਅਮਨਦੀਪ ਸਿੰਘ ਬਖ਼ਸ਼ੀ ਅਤੇ ਹੋਰ ਡਾਕਟਰ ਮੌਜੂਦ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ’ਚ ਮਈ ਦੇ ਤੀਜੇ ਹਫ਼ਤੇ ਹੋਰ ਭਿਆਨਕ ਹੋਵੇਗਾ 'ਕੋਰੋਨਾ',ਰੋਜ਼ਾਨਾ 10 ਹਜ਼ਾਰ ਨਵੇਂ ਮਾਮਲੇ ਆਉਣ ਦਾ ਖ਼ਦਸ਼ਾ
NEXT STORY