ਸੁਜਾਨਪੁਰ (ਧਰਮਿੰਦਰ, ਜੋਤੀ, ਬਖਸ਼ੀ) - ਸੁਜਾਨਪੁਰ ’ਚ ਅੱਜ ਸਵੇਰੇ ਪਤਨੀ ਨੂੰ ਡਿਊਟੀ ’ਤੇ ਛੱਡਣ ਜਾਂਦੇ ਸਮੇਂ ਅਚਾਨਕ ਇਕ ਸਕੂਟਰੀ ਸਲਿੱਪ ਹੋਣ ਨਾਲ ਮਾਧੋਪੁਰ ਹੈਡ ਵਰਕਸ ਨੇੜੇ ਮੇਨ ਲਾਇਨ ਯੂ.ਬੀ.ਡੀ.ਸੀ ਨਹਿਰ ’ਚ ਡਿੱਗ ਗਈ। ਹਾਦਸੇ ’ਚ ਸਕੂਟਰੀ ਸਵਾਰ ਔਰਤ ਅਤੇ ਉਸ ਦੇ ਗਰਭ ’ਚ ਪਲ ਰਹੇ 8 ਮਹੀਨੇ ਦੇ ਬੱਚੇ ਦੀ ਨਹਿਰ ’ਚ ਡੁੱਬਣ ਨਾਲ ਮੌਤ ਹੋ ਗਈ, ਜਦਕਿ ਔਰਤ ਦਾ ਪਤੀ ਹਾਦਸੇ ’ਚ ਵਾਲ-ਵਾਲ ਬਚ ਗਿਆ। ਪਤੀ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਮੋਹਨ ਸਿੰਘ ਅਤੇ ਮ੍ਰਿਤਕ ਔਰਤ ਦੀ ਪਛਾਣ ਸੁਨੀਤਾ ਕੁਮਾਰੀ ਵਾਸੀ ਨਿਊ ਗੁਗਰਾਂ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਣ ’ਤੇ ਸੁਜਾਨਪੁਰ ਪੁਲਸ ਦੇ ਥਾਣਾ ਮੁਖੀ ਭਾਰਤ ਭੂਸ਼ਣ ਸੈਣੀ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਸਿੰਚਾਈ ਵਿਭਾਗ ਦੇ ਐੱਸ.ਡੀ.ਓ ਪ੍ਰਦੀਪ ਕੁਮਾਰ ਨੂੰ ਸੂਚਤ ਕਰ ਦਿੱਤਾ, ਜਿਨ੍ਹਾਂ ਨੇ ਤੁਰੰਤ ਕਰਮਚਾਰੀਆਂ ਨੂੰ ਨਹਿਰ ਦੇ ਪਾਣੀ ਨੂੰ ਬੰਦ ਕਰਵਾਉਣ ਦੇ ਨਿਰਦੇਸ਼ ਦਿੱਤੇ।
ਸੁਜਾਨਪੁਰ ਪੁਲਸ ਥਾਣਾ ਮੁਖੀ ਭਾਰਤ ਭੂਸ਼ਣ ਸੈਣੀ ਨੇ ਦੱਸਿਆ ਕਿ ਔਰਤ ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਭਨਵਾਲ ’ਚ ਏ.ਐੱਨ.ਐੱਮ ਦੇ ਅਹੁਦੇ ’ਤੇ ਤਾਇਨਾਤ ਹੈ, ਜਦਕਿ ਉਸ ਦਾ ਪਤੀ ਐਕਸਿਸ ਬੈਂਕ ’ਚ ਨੌਕਰੀ ਕਰਦਾ ਹੈ। ਉਕਤ ਪਤੀ ਆਪਣੀ ਪਤਨੀ ਨੂੰ ਡਿਊਟੀ ’ਤੇ ਛੱਡਣ ਲਈ ਜਾ ਰਿਹਾ ਸੀ ਕਿ ਅਚਾਨਕ ਸਕੂਟਰੀ ਦਾ ਸੰਤੁਲਣ ਵਿਗੜ ਗਿਆ, ਜਿਸ ਕਾਰਨ ਦੋਵੇਂ ਨਹਿਰ ’ਚ ਡਿੱਗ ਪਏ। ਨਹਿਰ ’ਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਔਰਤ ਤੇ ਉਸ ਦਾ ਪਤੀ ਪਾਣੀ ’ਚ ਰੂੜ੍ਹਣ ਲੱਗ ਪਏ, ਜਿਸ ਨੂੰ ਦੇਖ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਦਵਿੰਦਰ ਸਿੰਘ ਨੂੰ ਤੈਰਨਾ ਆਉਦਾ ਸੀ, ਜਿਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਔਰਤ ਪਾਣੀ ’ਚ ਰੂੜ੍ਹ ਗਈ। ਘਟਨਾ ਸਥਾਨ ਤੋਂ ਕਰੀਬ 3 ਕਿਲੋਮੀਟਰ ਦੂਰ ਔਰਤ ਨੂੰ ਪੁਲ ਨੰਬਰ-1 ਦੇ ਨੇੜੇ ਸਥਿਤ ਕੰਟਰੋਲ ਗੇਟ ਕੋਲੋ ਮਾਧੋਪੁਰ ਬਿਆਸ ਲਿੰਕ ਨਹਿਰ ਤੋਂ ਬਰਾਮਦ ਕਰ ਲਿਆ, ਜਿਸ ਨੂੰ ਐਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਪਠਾਨਕੋਟ ਲਿਆਂਦਾ ਗਿਆ। ਡਾਕਟਰਾਂ ਨੇ ਜਾਂਚ ਕਰਨ ਮਗਰੋਂ ਔਰਤ ਅਤੇ ਉਸ ਦੇ ਗਰਭ ’ਚ ਪਲ ਰਹੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੁਜਾਨਪੁਰ ਪੁਲਸ ਥਾਣਾ ਮੁਖੀ ਭਾਰਤ ਭੂਸ਼ਣ ਸੈਣੀ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸ੍ਰੀ ਹਰਿਮੰਦਰ ਸਾਹਿਬ 'ਚ ਬੈਨ ਹੋ ਸਕਦੈ ਮੋਬਾਇਲ
NEXT STORY