ਦੀਨਾਨਗਰ (ਬਿਊਰੋ) - ਕੈਪਟਨ ਅਮਰਿੰਦਰ ਸਿੰਘ ਦੀ ਆਲੋਚਨਾ ਕਰਨ 'ਤੇ ਅਕਾਲੀਆਂ 'ਤੇ ਤਿੱਖਾ ਹਮਲਾ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਆਖਿਆ ਕਿ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਪਾਸੋਂ ਵਿੱਤੀ ਸਹਾਇਤਾ ਦੀ ਮੰਗ ਕਰਨਾ ਖ਼ੈਰਾਤ ਨਹੀਂ ਸਗੋਂ ਪੰਜਾਬ ਲਈ ਆਪਣਾ ਬਣਦਾ ਹੱਕ ਲੈਣਾ ਹੈ।
ਬੁੱਧਵਾਰ ਵਰਕਰਾਂ ਨਾਲ ਲੜੀਵਾਰ ਮੀਟਿੰਗਾਂ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਬਾਦਲਾਂ ਦੀਆਂ ਮਾਰੂ ਨੀਤੀਆਂ ਅਤੇ ਮੁੱਖ ਮੰਤਰੀ ਦੀ ਬੇਲੋੜੀ ਆਲੋਚਨਾ ਕਰਨ ਲਈ ਬਾਦਲਾਂ ਨੂੰ ਨਿਸ਼ਾਨਾ ਬਣਾਉਂਦਿਆਂ ਆਖਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸਰਕਾਰੀ ਖਜ਼ਾਨੇ ਪੂਰੀ ਤਰ੍ਹਾਂ ਚੱਟ ਲਏ ਜਾਣ ਦੇ
ਬਾਵਜੂਦ ਕੈਪਟਨ ਸਰਕਾਰ ਨੇ ਸਿਰਫ ਛੇ ਮਹੀਨਿਆਂ 'ਚ ਹੀ ਸੂਬੇ ਦੇ ਲੋਕਾਂ ਲਈ ਭਲਾਈ ਪ੍ਰੋਗਰਾਮ ਆਰੰਭੇ ਹਨ।
ਕਾਂਗਰਸੀ ਉਮੀਦਵਾਰ ਨੂੰ ਹਲਕੇ ਦੀਆਂ ਔਰਤਾਂ ਸਮੇਤ ਲੋਕਾਂ ਪਾਸੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਜਾਖੜ ਨੇ ਸਵਰਨ ਸਲਾਰੀਆ ਤੇ ਉਸਦੀ ਪਾਰਟੀ ਵੱਲੋਂ ਉਨ੍ਹਾਂ ਉੱਪਰ ਕੀਤੇ ਨਿੱਜੀ ਹਮਲਿਆਂ ਦੀ ਵੀ ਸਖ਼ਤ ਆਲੋਚਨਾ ਕੀਤੀ। ਜਾਖੜ ਨੇ ਉਨ੍ਹਾਂ ਨੂੰ ਬਾਹਰੀ ਦੱਸਣ ਵਾਲੇ ਵਿਰੋਧੀਆਂ 'ਤੇ ਚੁਟਕੀ ਲੈਂਦਿਆਂ ਆਖਿਆ ਕਿ ਹਲਕੇ ਦੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਲੋਕ ਸਭਾ 'ਚ ਸਾਡੀ ਆਵਾਜ਼ ਬੁਲੰਦ ਕਰਨਗੇ ਅਤੇ ਲੋਕ ਉਨ੍ਹਾਂ ਨੂੰ 'ਸਾਡਾ ਜਾਖੜ' ਕਹਿਣ ਲੱਗ ਪਏ ਹਨ ਅਤੇ ਉਨ੍ਹਾਂ ਨੇ ਲੋਕਾਂ ਦੇ ਦਿਲਾਂ 'ਚ ਥਾਂ ਬਣਾ ਲਈ ਹੈ।
ਸੁਖਬੀਰ ਬਾਦਲ ਤੇ ਸਲਾਰੀਆਂ ਵੱਲੋਂ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਖਿਲਾਫ਼ ਦਰਜ ਬਲਾਤਕਾਰ ਦੇ ਕੇਸ 'ਤੇ ਅਜੇ ਤੱਕ ਚੁੱਪ ਨਾ ਤੋੜਣ ਸਬੰਧੀ ਸ੍ਰੀ ਜਾਖੜ ਨੇ ਦੋਵਾਂ ਆਗੂਆਂ ਨੂੰ ਕਿਸੇ ਵੀ ਮੁੱਦੇ 'ਤੇ ਉਨ੍ਹਾਂ ਨਾਲ ਬਹਿਸ ਕਰਨ ਦੀ ਚੁਣੌਤੀ ਦਿੱਤੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਦੀ ਆਲੋਚਨਾ ਕਰਦਿਆਂ ਆਖਿਆ ਕਿ ਇਸ ਦੇ ਨਾਲ ਹੀ ਨੋਟਬੰਦੀ ਤੇ ਜੀ. ਐੱਸ. ਟੀ. ਦੇ ਪ੍ਰਭਾਵ ਅਤੇ ਜ਼ਰੂਰੀ ਵਸਤਾਂ ਦੀਆਂ ਵਧੀਆਂ ਕੀਮਤਾਂ ਦਾ ਬੋਝ ਲੋਕਾਂ ਨੂੰ ਸਹਿਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ''ਮੋਦੀ ਦੇ ਵਾਅਦਿਆਂ ਵਾਲੇ 'ਅੱਛੇ ਦਿਨ' ਕਿੱਥੇ ਹਨ।'' ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਮਾਰੂ ਫੈਸਲਿਆਂ ਨਾਲ ਪੈਦਾ ਹੋਈਆਂ ਵਿੱਤੀ ਮੁਸ਼ਕਲਾਂ ਅਤੇ ਵਧੀਆਂ ਕੀਮਤਾਂ ਕਾਰਨ ਲੋਕ ਇਸ ਵਾਰ ਦੀਵਾਲੀ ਮਨਾਉਣ ਜੋਗੇ ਵੀ ਨਹੀਂ ਰਹੇ।
ਗੁੱਜਰ ਸਮਾਜ ਨਾਲ ਇਕ ਮੀਟਿੰਗ ਦੌਰਾਨ ਜਾਖੜ ਨੇ ਗਊ ਰੱਖਿਆ ਅਤੇ ਹੋਰ ਮਾਮਲਿਆਂ ਦੇ ਨਾਂ ਹੇਠ ਦੇਸ਼ 'ਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੇਂਦਰ ਦੀ ਐੱਨ. ਡੀ. ਏ. ਸਰਕਾਰ ਨੂੰ ਕਰੜੇ ਹੱਥੀਂ ਲਿਆ। ਇਲਾਕੇ 'ਚ ਸ਼ਮਸ਼ਾਨਘਾਟ ਲਈ ਲੋਕਾਂ ਦੀ ਮੰਗ ਬਾਰੇ ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਵੱਲੋਂ ਇਸ ਲਈ ਪਹਿਲਾਂ ਹੀ ਬਜਟ ਦਾ ਐਲਾਨ ਕੀਤਾ ਜਾ ਚੁੱਕਾ ਹੈ।ਇਸ ਮੌਕੇ ਜਾਖੜ ਨਾਲ ਸਿੱਖਿਆ ਮੰਤਰੀ ਅਰੁਣਾ ਚੌਧਰੀ, ਜ਼ਿਲਾ ਪ੍ਰਧਾਨ ਅਸ਼ੋਕ ਚੌਧਰੀ ਅਤੇ ਕਈ ਕਾਂਗਰਸੀ ਵਿਧਾਇਕ, ਲੀਡਰ, ਸਰਪੰਚ ਅਤੇ ਇਲਾਕੇ ਦੇ ਹੋਰ ਪਤਵੰਤੇ ਹਾਜ਼ਰ ਸਨ।
ਨਾਜਾਇਜ਼ ਸ਼ਰਾਬ ਸਮੇਤ ਵੱਖ-ਵੱਖ ਥਾਵਾਂ ਤੋਂ ਤਿੰਨ ਵਿਅਕਤੀ ਕਾਬੂ
NEXT STORY